10.6 C
Vancouver
Saturday, May 17, 2025

ਨਕਲੀ ਡਿਜੀਟਲ ਕ੍ਰਿਪਟੋ ਕਰੰਸੀ ਐਪ ਦੀ ਠੱਗੀ ਤੋਂ ਕਿਵੇਂ ਬਚਿਆ ਜਾਵੇ

 

ਲੇਖਕ : ਡਾਕਟਰ ਪ੍ਰਭਦੀਪ ਸਿੰਘ ਚਾਵਲਾ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਿਸੇ ਨਿਵੇਸ਼ ਐਪ ਵਿਚ ਲੋਕਾਂ ਦੇ ਪੈਸੇ ਡੁੱਬਣ ਜਾਂ ਠੱਗੀ ਹੋਣ ਦੀਆਂ ਹਜ਼ਾਰਾਂ ਪੋਸਟਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤੇ ਲੋਕ ਇਕ-ਦੂਜੇ ਨੂੰ ਇਹੀ ਸਵਾਲ ਪੁੱਛ ਰਹੇ ਹਨ ਕਿ ‘ਭਾਈ ਤੂੰ ਪੈਸੇ ਕੱਢ ਲਏ ਸੀ-ਕਿ ਡੁੱਬ ਗਏ’।
ਅੱਜ ਦੇ ਇਸ ਤੇਜ਼-ਤਰਾਰ ਯੁੱਗ ਵਿਚ ਹਰ ਪਾਸੇ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਦੌੜ ਜਿਹੀ ਲੱਗੀ ਹੋਈ ਹੈ, ਪੈਸਾ ਸਾਡੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਦਾ ਹੈ ਅਤੇ ਕਮਾਉਣਾ ਵੀ ਚਾਹੀਦਾ ਹੈ। ਪਰ ਅੱਜਕਲ੍ਹ ਲੋਕ ਤੁਰੰਤ ਅਮੀਰ ਹੋ ਜਾਣ ਦੀ ਇੱਛਾ ਵਿਚ ਅਜਿਹੀਆਂ ਧੋਖੇ ਵਾਲੀਆਂ ਯੋਜਨਾਵਾਂ ਦਾ ਸ਼ਿਕਾਰ ਹੋ ਰਹੇ ਹਨ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮੋਟਾ ਮੁਨਾਫਾ ਮਿਲਣ ਦਾ ਸੁਪਨਾ ਵਿਖਾਇਆ ਜਾਂਦਾ ਹੈ। ਲੋਕਾਂ ਨੂੰ ਦਿਨਾਂ ਵਿਚ ਰਾਸ਼ੀ ਦੁੱਗਣੀ ਕਰਨ, ਦੇਸ਼-ਵਿਦੇਸ਼ ਦੇ ਟੂਰ ਅਤੇ ਹੋਟਲਾਂ ਵਿਚ ਮੁਫਤ ਰਹਿਣ ਦੇ ਸਬਜ਼ਬਾਗ ਵਿਖਾਏ ਜਾਂਦੇ ਹਨ। ਇਸ ਡਿਜੀਟਲ ਵਿਦੇਸ਼ੀ ਨਿਵੇਸ਼ ਦੇ ਨਾਂਅ ‘ਤੇ ਠੱਗਾਂ ਵੱਲੋਂ ਆਰਜ਼ੀ ਤਿਆਰ ਕੀਤੀਆਂ ਨਕਲੀ ਕੰਪਨੀਆਂ, ਐਪ ਤੇ ਵੈੱਬ-ਸਾਈਟਾਂ ਦੇ ਜਾਲ ਵਿਚ ਰੋਜ਼ਾਨਾਂ ਲੱਖਾਂ ਹੀ ਲੋਕ ਫਸ ਰਹੇ ਹਨ ।
ਠੱਗੀ ਦੇ ਨਵੇਂ ਢੰਗ : ਨਕਲੀ ਡਿਜੀਟਲ-ਕ੍ਰਿਪਟੋ ਕਰੰਸੀ ਐਪ ਤੇ ਫੋਰੈਕਸ ਟ੍ਰੇਡਿੰਗ ਐਪ ਸਕੀਮਾਂ ਰਾਹੀਂ ਲੋਕਾਂ ਨੂੰ ਪੈਸੇ ਦੀ ਉੱਚੀ ਵਾਪਸੀ ਦਰ ਦੇ ਨਾਂਅ ‘ਤੇ ਲੁੱਟਿਆ ਜਾਂਦਾ ਹੈ। ਇਨ੍ਹਾਂ ਸਕੀਮਾਂ ਦੀ ਸ਼ੁਰੂਆਤ ਵਿਚ ਕੁਝ ਮੁਨਾਫਾ ਦਿਖਾ ਕੇ ਲੋਕਾਂ ਨੂੰ ਵੱਡੀਆਂ ਰਕਮਾਂ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਜਦੋਂ ਵੱਡੇ ਨਿਵੇਸ਼ ਹੋ ਜਾਂਦੇ ਹਨ ਤਾਂ ਸੇਵਾਵਾਂ ਦੇ ਰਹੀਆਂ ਵੈੱਬਸਾਈਟਾਂ ਤੇ ਡਿਜੀਟਲ ਕਰੰਸੀ-ਟ੍ਰੇਡਿੰਗ ਐਪ ਬੰਦ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਲੋਕਾਂ ਨੇ ਵੱਡੀਆਂ ਰਕਮਾਂ ਨਿਵੇਸ਼ ਕੀਤੀਆਂ ਹੁੰਦੀਆਂ ਹਨ। ਇਸ ਤਰ੍ਹਾਂ ਲੋਕ ਮੱਥੇ ‘ਤੇ ਹੱਥ ਮਾਰਦੇ, ਪਛਤਾਵਾ ਕਰਦੇ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਹਨ।ਸਿੱਖਿਆ ਦੇ ਨਾਂਅ ‘ਤੇ ਠੱਗੀ: ਬੱਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਵੱਖ-ਵੱਖ ਵੀਡੀਓ ਸੁਨੇਹਿਆਂ ਤੇ ਆਕਰਸ਼ਿਤ ਐਪਾਂ ਰਾਹੀਂ ਛੋਟੀ ਉਮਰ ਦੇ ਬੱਚਿਆਂ, ਨੌਜਵਾਨਾਂ ਤੇ ਮਾਪਿਆਂ ਨੂੰ ਸਿੱਖਿਆ ਦੇ ਨਾਂਅ ‘ਤੇ ਚੰਗੇ ਭਵਿੱਖ ਅਤੇ ਚੰਗੇ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇਸ ਐਪ ਰਾਹੀਂ ਪੈਸੇ ਕਮਾਉਣ ਦੇ ਤਰੀਕੇ ਸਿੱਖਣ ਲਈ ਲੱਖਾਂ ਰੁਪਏ ਕੋਚਿੰਗ ਕਲਾਸਾਂ ਦੇ ਨਾਂਅ ‘ਤੇ ਬਟੋਰੇ ਜਾ ਰਹੇ ਹਨ। ਨੌਜਵਾਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਬਾਕੀ ਸਾਰੇ ਲੋਕ ਇਨ੍ਹਾਂ ਸਾਧਨਾਂ ਰਾਹੀਂ ਪੈਸੇ ਦੀ ਮੋਟੀ ਕਮਾਈ ਕਰ ਗਏ, ਸਿਰਫ਼ ਮੈਂ ਹੀ ਪਿੱਛੇ ਰਹਿ ਗਿਆ।ਨਕਲੀ ਗੁਰੂ-ਆਨਲਾਈਨ ਠੱਗੀ : ਅੱਜਕਲ੍ਹ ਕਈ ਆਨਲਾਈਨ ਪਲੇਟਫਾਰਮਾਂ ‘ਤੇ ਅਜਿਹੇ ਲੋਕ ਵੀ ਮਿਲਦੇ ਹਨ, ਜੋ ਆਪਣੇ-ਆਪ ਨੂੰ ਨਿਵੇਸ਼ ਗੁਰੂ ਜਾਂ ਆਰਥਿਕ ਮਾਹਿਰ ਦੱਸ ਕੇ ਲੋਕਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ। ਇਹ ਲੋਕ ਆਪਣੇ ਲਾਭਕਾਰੀ ਅਨੁਭਵਾਂ ਦੀਆਂ ਝੂਠੀਆਂ ਗੱਲਾਂ ਕਰ ਕੇ ਵੀਡੀਓ ਜਾਂ ਸਕ੍ਰੀਨਸ਼ਾਟ ਸਾਂਝੇ ਕਰ ਕੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ। ਜਿਵੇਂ-ਜਿਵੇਂ ਡਿਜੀਟਲ ਦੁਨੀਆ ਵਧ ਰਹੀ ਹੈ ਉਵੇਂ-ਉਵੇਂ ਠੱਗੀ ਦੇ ਤਰੀਕੇ ਵੀ ਚਲਾਕੀ ਭਰੇ ਹੁੰਦੇ ਜਾ ਰਹੇ ਹਨ। ਇਸ ਲਈ ਹਰ ਕਿਸੇ ਨੂੰ ਚਾਹੀਦਾ ਹੈ ਕਿ ਕਿਸੇ ਵੀ ਅਣਜਾਣ ਸਲਾਹਕਾਰ ਜਾਂ ਆਨਲਾਈਨ ਵਿਅਕਤੀ ਅਤੇ ਐਪ ‘ਤੇ ਅੰਨ੍ਹਾ ਵਿਸ਼ਵਾਸ ਨਾ ਕਰੇ। ਸਾਵਧਾਨੀ ਹੀ ਠੱਗੀ ਤੋਂ ਬਚਣ ਦਾ ਸਭ ਤੋਂ ਵਧੀਆ ਹਥਿਆਰ ਹੈ, ਲਾਲਚ ਵਿਚ ਆਉਣ ਦੀ ਬਜਾਏ, ਹੁਸ਼ਿਆਰੀ ਨਾਲ ਸੋਚੋ ਅਤੇ ਆਪਣੇ ਸਖ਼ਤ ਮਿਹਨਤ ਨਾਲ ਕਮਾਏ ਪੈਸੇ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਓ।ਕਿਵੇਂ ਬਚਿਆ ਜਾਵੇ-ਕਿਸੇ ਵੀ ਨਿਵੇਸ਼ ਸਕੀਮ ਵਿਚ ਪੈਸਾ ਲਗਾਉਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਂਚ-ਪੜਤਾਲ ਕਰੋ। ਅਜਿਹੀਆਂ ਸਕੀਮਾਂ ਤੋਂ ਸਾਵਧਾਨ ਰਹੋ, ਜੋ ਤੁਹਾਨੂੰ ਮੂੰਹ-ਜ਼ੁਬਾਨੀ ਤੁਰੰਤ ਹੋਣ ਵਾਲੇ ਵੱਡੇ ਲਾਭ ਹੋਣ ਦਾ ਵਾਅਦਾ ਜਾਂ ਭਰੋਸਾ ਦੇ ਰਹੀਆਂ ਹੋਣ, ਕੋਈ ਵੀ ਤੁਹਾਨੂੰ ਪੈਸਾ ਕਮਾ ਕੇ ਦੇਣ ਵਾਸਤੇ ਨਹੀਂ ਬੈਠਾ ਹੋਇਆ, ਜੇ ਕੋਈ ਕਹਿ ਰਿਹਾ ਹੈ ਕਿ ਜਲਦੀ-ਜਲਦੀ ਪੈਸਾ ਡਬਲ-ਟ੍ਰਿਪਲ ਹੋ ਜਾਏਗਾ ਤਾਂ ਇਹ ਠੱਗੀ ਦੀ ਸਾਫ ਨਿਸ਼ਾਨੀ ਹੈ। ਆਪਣੇ ਪੈਸੇ ਜਾਂ ਜਮ੍ਹਾਂ ਪੂੰਜੀ ਦੀ ਜਾਣਕਾਰੀ ਕਦੇ ਵੀ ਕਿਸੇ ਅਨਜਾਣ ਵਿਅਕਤੀ ਜਾਂ ਫਰਮ ਨਾਲ ਸਾਂਝੀ ਨਾ ਕਰੋ। ਹਮੇਸ਼ਾ ਸਰਕਾਰੀ ਜਾਂ ਸਰਕਾਰ ਪਾਸੋਂ ਮਾਨਤਾ ਪ੍ਰਾਪਤ ਤਰੀਕੇ ਨਾਲ ਪ੍ਰਮਾਣਿਤ ਨਿਵੇਸ਼ ਦੇ ਤਰੀਕੇ ਹੀ ਚੁਣੋ।
ਸਮਾਜਿਕ ਜ਼ਿੰਮੇਵਾਰੀ: ਅਸੀਂ ਸਮਾਜ ਵਿਚ ਇਕ-ਦੂਜੇ ਨੂੰ ਸੁਚੇਤ ਕਰ ਸਕਦੇ ਹਾਂ। ਜੇਕਰ ਤੁਹਾਨੂੰ ਕੋਈ ਅਜਿਹੀ ਠੱਗੀ ਜਾਂ ਸ਼ੱਕੀ ਸਕੀਮ ਬਾਰੇ ਪਤਾ ਲੱਗੇ ਤਾਂ ਤੁਰੰਤ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਸਮਾਜ ਨੂੰ ਇਸ ਬਾਰੇ ਜਾਗਰੂਕ ਕਰਨ।

 

Related Articles

Latest Articles