ਨਵੇਂ ਮੰਤਰੀ ਮੰਡਲ ਵਿੱਚ 28 ਮੰਤਰੀ ਅਤੇ 10 ਸਟੇਟ ਸਕੱਤਰਾਂ ਸਮੇਤ 38 ਸੰਸਦਾਂ ਮੈਂਬਰਾਂ ਨੂੰ ਸੌਂਪੇ ਅਹਿਮ ਅਹੁੱਦੇ
ਸਰੀ, (ਅਮਰਪਾਲ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਕੈਬਨਿਟ ਨੂੰ ਕੈਨੇਡਾ ਦਾ ਇਤਿਹਾਸਕ ਮੋੜ ਦੱਸਦਿਆਂ ਕਿਹਾ ਕਿ ਇਹ ਕੈਬਨਿਟ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਵਧਾਉਣ ‘ਤੇ ਕੇਂਦਰਿਤ ਹੋਵੇਗੀ। ਰਿਡੋ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਕਾਰਨੀ ਨੇ ਕਿਹਾ ਕਿ ਕੈਨੇਡਾ ਨੂੰ ਦਰਪੇਸ਼ ਚੁਣੌਤੀਆਂ ਨੂੰ ਵੇਖਦਿਆਂ ਤੇਜ਼ੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ”ਇਹ ਕੈਬਨਿਟ ਚੋਣਾਂ ਤੋਂ ਬਾਅਦ ਸਭ ਤੋਂ ਤੇਜ਼ ਸਹੁੰ ਚੁੱਕਣ ਵਾਲੀਆਂ ਵਿੱਚੋਂ ਇੱਕ ਹੈ, ਅਤੇ ਨਵੀਂ ਪਾਰਲੀਮੈਂਟ ਦੀ ਸ਼ੁਰੂਆਤ ਵੀ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਜਲਦੀ ਹੋਣ ਵਾਲੀਆਂ ਵਿੱਚੋਂ ਹੋਵੇਗੀ। ਸਾਡੀ ਸਰਕਾਰ ਤੁਰੰਤ ਅਤੇ ਦ੍ਰਿੜਤਾ ਨਾਲ ਬਦਲਾਅ ਲਿਆਵੇਗੀ।”
ਜਦੋਂ ਪੁੱਛਿਆ ਗਿਆ ਕਿ ਜੋਲੀ ਨੂੰ ਵਿਦੇਸ਼ ਮਾਮਲਿਆਂ ਤੋਂ ਕਿਉਂ ਹਟਾਇਆ ਗਿਆ, ਤਾਂ ਕਾਰਨੀ ਨੇ ਕਿਹਾ, ”ਅਸੀਂ ਅਰਥਵਿਵਸਥਾ ਦੇ ਉਦਯੋਗਿਕ ਪਰਿਵਰਤਨ ਦੀ ਸ਼ੁਰੂਆਤ ‘ਤੇ ਹਾਂ। ਮੈਡਮ ਜੋਲੀ, ਉਦਯੋਗ ਮੰਤਰੀ ਵਜੋਂ, ਕੈਬਨਿਟ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਇਸ ਦੀ ਅਗਵਾਈ ਕਰੇਗੀ।” ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਨਾਲ ਸਬੰਧਾਂ ਦੀ ਜ਼ਿੰਮੇਵਾਰੀ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਦੀ ਹੁੰਦੀ ਹੈ। ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨੇ ਵੀ ਵਾਸ਼ਿੰਗਟਨ ਦੀ ਯਾਤਰਾ ਕੀਤੀ ਸੀ ਅਤੇ ਉਹ ਆਪਣੇ ਅਹੁਦੇ ‘ਤੇ ਬਰਕਰਾਰ ਹਨ, ਨਾਲ ਹੀ ਉਨ੍ਹਾਂ ਨੂੰ ਨੈਸ਼ਨਲ ਰੈਵੇਨਿਊ ਮੰਤਰੀ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਡੋਮਿਨਿਕ ਲੇਬਲਾਂਕ, ਜੋ ਉਸ ਯਾਤਰਾ ਦਾ ਹਿੱਸਾ ਸਨ, ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਰਹਿਣਗੇ ਅਤੇ ”ਵਨ ਕੈਨੇਡੀਅਨ ਇਕਾਨਮੀ” ਦੇ ਜ਼ਿੰਮੇਵਾਰ ਮੰਤਰੀ ਵਜੋਂ ਕੈਨੇਡਾ-ਅਮਰੀਕਾ ਵਪਾਰ ਸਮਝੌਤਿਆਂ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਉਹ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰਧਾਨ ਵੀ ਹੋਣਗੇ।
ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਹਾਊਸਿੰਗ ਮੰਤਰੀ ਸੀਨ ਫਰੇਜ਼ਰ, ਜਿਨ੍ਹਾਂ ਨੇ ਅਸਤੀਫਾ ਦੇ ਕੇ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਮੁੜ ਚੋਣ ਲੜੀ, ਨੂੰ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਦੇ ਨਾਲ-ਨਾਲ ਅਟਲਾਂਟਿਕ ਕੈਨੇਡਾ ਅਪਰਚੂਨਿਟੀਜ਼ ਏਜੰਸੀ ਦਾ ਜ਼ਿੰਮੇਵਾਰ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਕਾਰਨੀ ਦੀ ਪਿਛਲੀ ਕੈਬਨਿਟ ਤੋਂ ਵਾਪਸ ਆਉਣ ਵਾਲੇ ਕਈ ਮੰਤਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ‘ਚ ਗੈਰੀ ਅਨੰਦਸੰਗਰੀ ਨੂੰ ਜਨਤਕ ਸੁਰੱਖਿਆ ਮੰਤਰੀ, ਕ੍ਰਿਸਟੀਆ ਫ੍ਰੀਲੈਂਡ ਨੂੰ ਆਵਾਜਾਈ ਅਤੇ ਅੰਦਰੂਨੀ ਵਪਾਰ ਮੰਤਰੀ, ਸਟੀਵਨ ਗਿਲਬੋ ਨੂੰ ਕੈਨੇਡੀਅਨ ਪਛਾਣ ਅਤੇ ਸੱਭਿਆਚਾਰ ਮੰਤਰੀ, ਪੈਟੀ ਹਾਜਦੂ ਨੂੰ ਨੌਕਰੀਆਂ ਅਤੇ ਪਰਿਵਾਰ ਮੰਤਰੀ, ਸਟੀਵਨ ਮੈਕਕਿਨਨ ਨੂੰ ਸਰਕਾਰੀ ਸਦਨ ਦਾ ਨੇਤਾ, ਡੇਵਿਡ ਮੈਕਗੁਇੰਟੀ ਨੂੰ ਰੱਖਿਆ ਮੰਤਰੀ, ਜੋਆਨ ਥੌਮਸਨ ਨੂੰ ਮੱਛੀ ਪਾਲਣ ਮੰਤਰੀ, ਰੇਚੀ ਵਾਲਦੇਜ਼ ਨੂੰ ਔਰਤਾਂ ਅਤੇ ਲਿੰਗ ਸਮਾਨਤਾ ਮੰਤਰੀ ਦੇ ਨਾਮ ਜ਼ਿਕਰਯੋਗ ਹਨ।
ਨਵੀਂ ਕੈਬਨਿਟ ਵਿੱਚ 16 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਫਕਤ ਅਲੀ (ਖਜ਼ਾਨਾ ਬੋਰਡ ਦੇ ਪ੍ਰਧਾਨ), ਰੇਬੇਕਾ ਅਲਟੀ (ਕ੍ਰਾਊਨ-ਇੰਡੀਜੀਨਸ ਸਬੰਧ), ਜੂਲੀ ਡੈਬਰੂਸਿਨ (ਵਾਤਾਵਰਣ ਅਤੇ ਜਲਵਾਯੂ ਪਰਿਵਰਤਨ), ਜਿੱਲ ਮੈਕਨਾਈਟ (ਵੈਟਰਨਜ਼ ਅਫੇਅਰਜ਼ ਅਤੇ ਸਹਿਯੋਗੀ ਰੱਖਿਆ ਮੰਤਰੀ), ਅਤੇ ਗ੍ਰੈਗਰ ਰੌਬਰਟਸਨ (ਹਾਊਸਿੰਗ ਅਤੇ ਬੁਨਿਆਦੀ ਢਾਂਚਾ ਮੰਤਰੀ) ਸ਼ਾਮਲ ਹਨ।
ਕਾਰਨੀ ਨੇ ਅਮਰੀਕਾ ਨਾਲ ਸਬੰਧਾਂ ਦੇ ਸੰਦਰਭ ਵਿੱਚ ਕੈਬਨਿਟ ਦੇ ਫੈਸਲਿਆਂ ‘ਤੇ ਚਾਨਣਾ ਪਾਇਆ, ਕਿਹਾ ਕਿ ਉਹ ਨਵੀਆਂ ਅਵਾਜ਼ਾਂ ਅਤੇ ਅਨੁਭਵ ਦਾ ਸੁਮੇਲ ਚਾਹੁੰਦੇ ਸਨ। ”ਕੈਨੇਡੀਅਨਾਂ ਨੇ ਸਾਨੂੰ ਬਦਲਾਅ ਦਾ ਅਧਿਕਾਰ ਦਿੱਤਾ ਹੈ। ਸਾਨੂੰ ਸਰਹੱਦ ਪ੍ਰਬੰਧਨ ਅਤੇ ਸੁਰੱਖਿਆ ਸਬੰਧੀ ਵੱਡੇ ਫੈਸਲੇ ਲੈਣੇ ਹਨ।”
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰ ਨੇ ਨਵੀਂ ਕੈਬਨਿਟ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਸਰਕਾਰ ਨੂੰ ਜਵਾਬਦੇਹ ਰੱਖਣਗੇ, ਪਰ ਅਮਰੀਕਾ ਨਾਲ ਗੱਲਬਾਤ ਵਿੱਚ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਵਾਲੇ ਕਦਮਾਂ ਦਾ ਸਮਰਥਨ ਕਰਨਗੇ। ਉਨ੍ਹਾਂ ਨੇ ਗਿਲਬੋ, ਫਰੇਜ਼ਰ ਅਤੇ ਫ੍ਰੀਲੈਂਡ ਵਰਗੇ ਪੁਰਾਣੇ ਮੰਤਰੀਆਂ ਦੀ ਵਾਪਸੀ ‘ਤੇ ਨਿਰਾਸ਼ਾ ਜ਼ਾਹਰ ਕੀਤੀ, ਕਿਹਾ, ”ਇਹ ਟਰੂਡੋ ਦੀ ਪੁਰਾਣੀ ਟੀਮ ਹੈ। ਕੈਨੇਡਾ ਨੂੰ ਅਸਲ ਬਦਲਾਅ ਦੀ ਜ਼ਰੂਰਤ ਹੈ।”
ਕੈਬਨਿਟ ਵਿੱਚ ਅੱਧੇ ਤੋਂ ਵੱਧ ਨਵੇਂ ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਕਈ ਪਹਿਲੀ ਵਾਰ 2025 ਵਿੱਚ ਚੁਣੇ ਗਏ। ਬਿੱਲ ਬਲੇਅਰ, ਜੋਨਾਥਨ ਵਿਲਕਿਨਸਨ ਅਤੇ ਜੀਨੇਟ ਪੇਟੀਪਾਸ ਟੇਲਰ ਵਰਗੇ ਸਾਬਕਾ ਮੰਤਰੀ ਵਾਪਸ ਨਹੀਂ ਆਏ। ਕਾਰਨੀ ਨੇ ਜ਼ੋਰ ਦਿੱਤਾ ਕਿ ਨਵੀਆਂ ਅਵਾਜ਼ਾਂ ਅਤੇ ਅਨੁਭਵੀ ਮੰਤਰੀਆਂ ਦਾ ਸੰਤੁਲਨ ਇਸ ਕੈਬਨਿਟ ਨੂੰ ਵਿਲੱਖਣ ਬਣਾਉਂਦਾ ਹੈ।
ਕਾਰਨੀ ਨੇ 10 ਸੰਸਦ ਮੈਂਬਰਾਂ ਨੂੰ ”ਸਟੇਟ ਸਕੱਤਰ” ਵਜੋਂ ਨਿਯੁਕਤ ਕੀਤਾ, ਜੋ ਕੈਬਨਿਟ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਣਗੇ, ਪਰ ਮੰਤਰੀਆਂ ਦੇ ਪੋਰਟਫੋਲੀਓ ਵਿੱਚ ਮੁੱਖ ਮੁੱਦਿਆਂ ‘ਤੇ ਸਹਾਇਤਾ ਕਰਨਗੇ। ਇਨ੍ਹਾਂ ਵਿੱਚ ਰਣਦੀਪ ਸਰਾਏ (ਅੰਤਰਰਾਸ਼ਟਰੀ ਵਿਕਾਸ), ਸਟੀਫਨ ਫੁਹਰ (ਰੱਖਿਆ ਖਰੀਦ), ਅਤੇ ਸਟੈਫਨੀ ਮੈਕਲੀਨ (ਸੀਨੀਅਰ ਸਿਟੀਜ਼ਨ) ਸ਼ਾਮਲ ਹਨ। ਸਟੇਟ ਸਕੱਤਰ ਕੈਬਨਿਟ ਮੰਤਰੀਆਂ ਦੀ ਤਨਖਾਹ ਦਾ 75% ਪ੍ਰਾਪਤ ਕਰਦੇ ਹਨ ਅਤੇ ਸਮੂਹਿਕ ਜ਼ਿੰਮੇਵਾਰੀ ਨਾਲ ਜੁੜੇ ਹੁੰਦੇ ਹਨ।
ਕਾਰਨੀ ਨੇ ਚੋਣ ਵਾਅਦੇ ਮੁਤਾਬਕ ਜੇਂਡਰ-ਸੰਤੁਲਿਤ ਕੈਬਨਿਟ ਬਣਾਈ, ਜਿਸ ਵਿੱਚ 14 ਪੁਰਸ਼ ਅਤੇ 14 ਔਰਤਾਂ ਹਨ। ਸਟੇਟ ਸਕੱਤਰਾਂ ਵਿੱਚ 6 ਪੁਰਸ਼ ਅਤੇ 4 ਔਰਤਾਂ ਹਨ। ਖੇਤਰੀ ਪ੍ਰਤੀਨਿਧਤਾ ਵੀ ਧਿਆਨ ਵਿੱਚ ਰੱਖੀ ਗਈ, ਜਿਸ ਵਿੱਚ ਲਗਭਗ ਹਰ ਸੂਬੇ ਅਤੇ ਖੇਤਰ ਤੋਂ ਮੰਤਰੀ ਹਨ, ਸਿਵਾਏ ਯੂਕੋਨ ਅਤੇ ਨੂਨਾਵੁਟ ਦੇ।
ਐਡਮਿੰਟਨ ਸੈਂਟਰ ਦੀ ਨਵੀਂ ਚੁਣੀ ਸੰਸਦ ਮੈਂਬਰ ਐਲੀਨੋਰ ਓਲਸਜ਼ੇਵਸਕੀ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ, ਜਿਸ ਨਾਲ ਅਲਬਰਟਾ ਨੂੰ ਪ੍ਰਤੀਨਿਧਤਾ ਮਿਲੀ। ਕਾਰਨੀ ਨੇ ਕਿਹਾ, ”ਇਹ ਕੈਬਨਿਟ ਅਨੁਭਵ ਅਤੇ ਨਵੇਂ ਦ੍ਰਿਸ਼ਟੀਕੋਣ ਦਾ ਸੰਪੂਰਨ ਸੁਮੇਲ ਹੈ। ਸਾਨੂੰ ਕੈਨੇਡੀਅਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ।”