18.5 C
Vancouver
Saturday, June 7, 2025

ਅਮਰੀਕਾ ਵਿੱਚ ਇਜ਼ਰਾਇਲੀ ਦੂਤਾਵਾਸ ਦੇ ਦੋ ਅਧਿਕਾਰੀਆਂ ਦੀ ਹੱਤਿਆ

ਵਾਸ਼ਿੰਗਟਨ, (ਪਰਮਜੀਤ ਸਿੰਘ): ਡੀ.ਸੀ. ਵਿੱਚ ਬੁੱਧਵਾਰ ਰਾਤ ਨੂੰ ਇੱਕ ਦੁਖਦਾਈ ਘਟਨਾ ਵਿੱਚ, ਇਜ਼ਰਾਇਲੀ ਦੂਤਾਵਾਸ ਦੇ ਦੋ ਅਧਿਕਾਰੀਆਂ, ਇੱਕ ਪੁਰਸ਼ ਅਤੇ ਇੱਕ ਔਰਤ, ਦੀ ਕੈਪੀਟਲ ਜਿਊਇਸ਼ ਮਿਊਜ਼ੀਅਮ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅਮਰੀਕੀ ਜਿਊਇਸ਼ ਕਮੇਟੀ (ਅਝਛ) ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਵਾਪਰੀ, ਜਦੋਂ ਦੋਵੇਂ ਅਧਿਕਾਰੀ ਮਿਊਜ਼ੀਅਮ ਛੱਡ ਰਹੇ ਸਨ। ਇਜ਼ਰਾਇਲੀ ਰਾਜਦੂਤ ਯੇਚੀਏਲ ਲੀਟਰ ਨੇ ਦੱਸਿਆ ਕਿ ਮ੍ਰਿਤਕ ਇੱਕ ਨੌਜਵਾਨ ਜੋੜਾ ਸੀ, ਜੋ ਅਗਲੇ ਹਫਤੇ ਯੇਰੂਸ਼ਲਮ ਵਿੱਚ ਮੰਗਣੀ ਕਰਨ ਵਾਲਾ ਸੀ। ਨੌਜਵਾਨ ਨੇ ਹੁਣੇ ਹੀ ਇੱਕ ਅੰਗੂਠੀ ਖਰੀਦੀ ਸੀ।
ਮੈਟਰੋਪੋਲੀਟਨ ਪੁਲਿਸ ਮੁਖੀ ਪਾਮੇਲਾ ਸਮਿਥ ਨੇ ਦੱਸਿਆ ਕਿ ਸ਼ੱਕੀ, 30 ਸਾਲਾ ਏਲੀਆਸ ਰੋਡਰਿਗਜ਼, ਸ਼ਿਕਾਗੋ ਦਾ ਵਸਨੀਕ, ਨੂੰ ਘਟਨਾ ਸਥਾਨ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਸ਼ੱਕੀ ਨੂੰ ਮਿਊਜ਼ੀਅਮ ਦੇ ਸੁਰੱਖਿਆ ਕਰਮਚਾਰੀਆਂ ਨੇ ਰੋਕਿਆ, ਜਦੋਂ ਉਹ ਗੋਲੀਬਾਰੀ ਤੋਂ ਬਾਅਦ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਿਰਾਸਤ ਵਿੱਚ ਲੈਣ ਸਮੇਂ, ਰੋਡਰਿਗਜ਼ ਨੇ “ਫਰੀ, ਫਰੀ ਪੈਲੇਸਟਾਈਨ” ਦੇ ਨਾਅਰੇ ਲਗਾਏ ਅਤੇ ਉਸ ਨੇ ਹਥਿਆਰ ਸੁੱਟਣ ਦੀ ਜਗ੍ਹਾ ਵੀ ਦੱਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ।
ਅਮਰੀਕੀ ਹੋਮਲੈਂਡ ਸਕਿਓਰਿਟੀ ਸਕੱਤਰ ਕ੍ਰਿਸਟੀ ਨੋਐਮ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ, “ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਅਪਰਾਧੀ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਵਾਂਗੇ।” ਇਜ਼ਰਾਇਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਇਸ ਨੂੰ “ਨਫਰਤ ਅਤੇ ਯਹੂਦੀ-ਵਿਰੋਧੀ ਅੱਤਵਾਦ” ਦਾ ਕਾਰਾ ਕਰਾਰ ਦਿੱਤਾ। ਇਜ਼ਰਾਇਲ ਦੇ ਸੰਯੁਕਤ ਰਾਸ਼ਟਰ ਰਾਜਦੂਤ ਡੈਨੀ ਡੈਨਨ ਨੇ ਵੀ ਇਸ ਨੂੰ “ਯਹੂਦੀ ਸਮੁਦਾਏ ਨੂੰ ਨੁਕਸਾਨ ਪਹੁੰਚਾਉਣ ਵਾਲਾ ਅੱਤਵਾਦੀ ਕਾਰਾ” ਕਿਹਾ ਅਤੇ ਅਮਰੀਕੀ ਅਧਿਕਾਰੀਆਂ ‘ਤੇ ਪੂਰਾ ਭਰੋਸਾ ਜਤਾਇਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਨੂੰ “ਯਹੂਦੀ-ਵਿਰੋਧੀ” ਕਰਾਰ ਦਿੰਦੇ ਹੋਏ ਸੋਸ਼ਲ ਮੀਡੀਆ ‘ਤੇ ਲਿਖਿਆ, “ਇਹ ਭਿਆਨਕ ਹੱਤਿਆਵਾਂ ਰੋਕਣੀਆਂ ਚਾਹੀਦੀਆਂ ਹਨ। ਨਫਰਤ ਅਤੇ ਕੱਟੜਪੰਥ ਦਾ ਅਮਰੀਕਾ ਵਿੱਚ ਕੋਈ ਸਥਾਨ ਨਹੀਂ।” ਉਨ੍ਹਾਂ ਨੇ ਰਾਜਦੂਤ ਲੀਟਰ ਨਾਲ ਫੋਨ ‘ਤੇ ਗੱਲਬਾਤ ਕਰਕੇ ਯਹੂਦੀ-ਵਿਰੋਧੀ ਅਤੇ ਇਜ਼ਰਾਇਲ ਵਿਰੁੱਧ ਨਫਰਤ ਨੂੰ ਖਤਮ ਕਰਨ ਦਾ ਵਾਅਦਾ ਕੀਤਾ।
ਐਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੋਨਗੀਨੋ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਇੱਕ “ਨਿਸ਼ਾਨਾਬਾਜ਼ ਹਮਲਾ” ਜਾਪਦਾ ਹੈ, ਅਤੇ ਇਸ ਨੂੰ ਅੱਤਵਾਦ ਜਾਂ ਨਫਰਤੀ ਅਪਰਾਧ ਨਾਲ ਜੋੜਿਆ ਜਾ ਰਿਹਾ ਹੈ। ਵਾਸ਼ਿੰਗਟਨ ਦੀ ਮੇਅਰ ਮਿਊਰੀਅਲ ਬਾਊਜ਼ਰ ਨੇ ਕਿਹਾ, “ਅਸੀਂ ਸ਼ਹਿਰ ਵਿੱਚ ਅਜਿਹੀ ਹਿੰਸਾ ਜਾਂ ਨਫਰਤ ਨੂੰ ਬਰਦਾਸ਼ਤ ਨਹੀਂ ਕਰਾਂਗੇ।”
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਿਸ਼ਵ ਭਰ ਵਿੱਚ ਇਜ਼ਰਾਇਲੀ ਮਿਸ਼ਨਾਂ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ। ਅਝਛ ਦੇ ਸੀਈਓ ਟੈਡ ਡਿਊਚ ਨੇ ਕਿਹਾ, “ਅਸੀਂ ਇਸ ਹਿੰਸਾ ਤੋਂ ਦੁਖੀ ਹਾਂ, ਅਤੇ ਸਾਡੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ।” ਇਹ ਘਟਨਾ ਵਾਸ਼ਿੰਗਟਨ ਦੇ ਵਿਅਸਤ ਇਲਾਕੇ ਵਿੱਚ ਵਾਪਰੀ, ਜਿੱਥੇ ਐਫਬੀਆਈ ਦਾ ਫੀਲਡ ਆਫਿਸ ਅਤੇ ਹੋਰ ਸਰਕਾਰੀ ਇਮਾਰਤਾਂ ਸਥਿਤ ਹਨ।
ਇਸ ਹੱਤਿਆ ਨੇ ਅਮਰੀਕਾ ਅਤੇ ਇਜ਼ਰਾਇਲ ਵਿੱਚ ਯਹੂਦੀ-ਵਿਰੋਧੀ ਹਿੰਸਾ ਨੂੰ ਲੈ ਕੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਜਨਤਕ ਅਤੇ ਸਰਕਾਰੀ ਅਧਿਕਾਰੀਆਂ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ, ਅਤੇ ਜਾਂਚ ਜਾਰੀ ਹੈ।

 

Related Articles

Latest Articles