ਵਾਸ਼ਿੰਗਟਨ, (ਪਰਮਜੀਤ ਸਿੰਘ): ਅਮਰੀਕਾ ਦੇ ਸੈਨ ਡਿਏਗੋ ਵਿੱਚ ਵੀਰਵਾਰ ਸਵੇਰੇ ਸੰਘਣੇ ਕੋਹਰੇ ਦੀ ਵਜ੍ਹਾ ਕਾਰਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੀ ਵਜ੍ਹਾ ਨਾਲ ਮਰਫੀ ਕੈਨਿਅਨ ਇਲਾਕੇ ਵਿੱਚ ਕਰੀਬ 15 ਘਰਾਂ ਅਤੇ ਕਈ ਗੱਡੀਆਂ ਨੂੰ ਅੱਗ ਲੱਗ ਗਈ। ਸੈਨ ਡਿਏਗੋ ਪੁਲਿਸ ਵਿਭਾਗ ਨੇ ਪੁਸ਼ਟੀ ਕੀਤੀ ਕਿ ਇਹ ਹਾਦਸਾ ਸਕਲਪਿਨ ਸਟ੍ਰੀਟ ਅਤੇ ਸੈਂਟੋ ਰੋਡ ਦੇ ਨੇੜੇ ਵਾਪਰਿਆ। ਹਾਦਸੇ ਵਾਲੀ ਜਗ੍ਹਾ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਆਸਪਾਸ ਦੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ।
ਸੈਨ ਡਿਏਗੋ ਫਾਇਰ-ਰੈਸਕਿਊ ਵਿਭਾਗ ਦੇ ਡਿਵੀਜ਼ਨ ਚੀਫ ਡੈਨ ਐਡੀ ਨੇ ਮੀਡੀਆ ਨੂੰ ਦੱਸਿਆ, ”ਹਾਦਸੇ ਤੋਂ ਬਾਅਦ ਚਾਰੇ ਪਾਸੇ ਜਹਾਜ਼ ਦਾ ਜੈਟ ਫਿਊਲ ਫੈਲ ਗਿਆ ਹੈ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ। ਕਈ ਘਰ ਅਤੇ ਗੱਡੀਆਂ ਅੱਗ ਦੀ ਲਪੇਟ ਵਿੱਚ ਹਨ। ਸਾਡਾ ਪਹਿਲਾ ਟੀਚਾ ਹਰ ਘਰ ਦੀ ਤਲਾਸ਼ੀ ਲੈਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਅੰਦਰ ਨਾ ਫਸਿਆ ਹੋਵੇ।” ਉਨ੍ਹਾਂ ਨੇ ਅੱਗੇ ਕਿਹਾ, ”ਜੈਟ ਫਿਊਲ ਦੀ ਮੌਜੂਦਗੀ ਕਾਰਨ ਸਥਿਤੀ ਖਤਰਨਾਕ ਹੈ। ਅਸੀਂ ਹੈਜ਼ਮੈਟ ਟੀਮ ਅਤੇ ਵਾਧੂ ਸਰੋਤਾਂ ਦੀ ਮਦਦ ਲੈ ਰਹੇ ਹਾਂ, ਅਤੇ ਮਿਲਟਰੀ ਨਾਲ ਵੀ ਸੰਪਰਕ ਵਿੱਚ ਹਾਂ।” ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਢਅਅ) ਅਨੁਸਾਰ, ਹਾਦਸਾਗ੍ਰਸਤ ਜਹਾਜ਼ ਇੱਕ ਸੈਸਨਾ 550 ਸੀ, ਜੋ ਮੌਂਟਗੋਮਰੀ-ਗਿਬਸ ਐਗਜ਼ੀਕਿਊਟਿਵ ਏਅਰਪੋਰਟ ਦੇ ਨੇੜੇ ਸਵੇਰੇ 3:45 ਵਜੇ (ਸਥਾਨਕ ਸਮੇਂ ਅਨੁਸਾਰ) ਕ੍ਰੈਸ਼ ਹੋਇਆ। ਢਅਅ ਨੇ ਦੱਸਿਆ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਦੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਸੈਸਨਾ 550 ਜਹਾਜ਼ ਆਮ ਤੌਰ ‘ਤੇ 6 ਤੋਂ 8 ਲੋਕਾਂ ਨੂੰ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਅਤੇ ਉਹ ਜਲਦ ਹੀ ਹੋਰ ਅਪਡੇਟਸ ਜਾਰੀ ਕਰੇਗਾ।
ਹਾਦਸੇ ਦੀ ਸਹੀ ਵਜ੍ਹਾ ਅਜੇ ਸਪਸ਼ਟ ਨਹੀਂ ਹੋ ਸਕੀ, ਪਰ NBC 7 ਦੀ ਮੌਸਮ ਵਿਗਿਆਨੀ ਸ਼ੀਨਾ ਪਾਰਵੀਨ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਇਲਾਕੇ ਵਿੱਚ ਸੰਘਣਾ ਕੋਹਰਾ ਛਾਇਆ ਹੋਇਆ ਸੀ। ਮੌਂਟਗੋਮਰੀ-ਗਿਬਸ ਐਗਜ਼ੀਕਿਊਟਿਵ ਏਅਰਪੋਰਟ, ਜੋ ਸੈਨ ਡਿਏਗੋ ਸ਼ਹਿਰ ਦੇ ਕੇਂਦਰ ਤੋਂ 6 ਮੀਲ ਉੱਤਰ ਵਿੱਚ ਸਥਿਤ ਹੈ, ਛੋਟੇ ਜਹਾਜ਼ਾਂ, ਵਪਾਰਕ ਟਰਬੋਪ੍ਰੌਪਸ, ਅਤੇ ਜੈਟਾਂ ਲਈ ਇੱਕ ਵਿਅਸਤ ਹਵਾਈ ਅੱਡਾ ਹੈ। ਇਹ ਏਅਰਪੋਰਟ ਸੈਨ ਡਿਏਗੋ ਇੰਟਰਨੈਸ਼ਨਲ ਏਅਰਪੋਰਟ ਲਈ ਰੀਲੀਵਰ ਏਅਰਪੋਰਟ ਵਜੋਂ ਵੀ ਕੰਮ ਕਰਦਾ ਹੈ।