18.2 C
Vancouver
Monday, June 2, 2025

ਕੈਨੇਡਾ ਪੋਸਟ ਅਤੇ ਵਰਕਰਜ਼ ਯੂਨੀਅਨ ਵਿਚਕਾਰ ਤਣਾਅ ਜਾਰੀ

ਸਰੀ, (ਪਰਮਜੀਤ ਸਿੰਘ): ਕੈਨੇਡਾ ਪੋਸਟ, ਜੋ ਕਿ ਇੱਕ ਸਰਕਾਰੀ ਅਦਾਰਾ ਹੈ, ਨੇ ਆਪਣੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ (ਛੂਫਾਂ) ਨੂੰ ਆਪਣੀਆਂ “ਅੰਤਿਮ ਪੇਸ਼ਕਸ਼ਾਂ” ਪੇਸ਼ ਕੀਤੀਆਂ ਹਨ। ਇਹ ਪੇਸ਼ਕਸ਼ਾਂ ਓਵਰਟਾਈਮ ‘ਤੇ ਪਾਬੰਦੀ ਨੂੰ ਖਤਮ ਕਰਨ ਅਤੇ ਵੱਡੇ ਪੈਮਾਨੇ ‘ਤੇ ਹੜ੍ਹਤਾਲ ਨੂੰ ਰੋਕਣ ਦੀ ਕੋਸ਼ਿਸ਼ ਦਾ ਹਿੱਸਾ ਹਨ। ਕੰਪਨੀ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਪੇਸ਼ ਕੀਤੀ ਗਈ ਨਵੀਂ ਪੇਸ਼ਕਸ਼ ਪਿਛਲੀ ਹਫਤੇ ਦੀ ਪੇਸ਼ਕਸ਼ ਦੇ ਮੁਕਾਬਲੇ “ਵਧੀਆ” ਹੈ, ਹਾਲਾਂਕਿ ਇਸ ਦੀ ਤਾਜ਼ਾ ਵਿੱਤੀ ਰਿਪੋਰਟ ਵਿੱਚ ਵਿੱਤੀ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਕੈਨੇਡਾ ਪੋਸਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਪੇਸ਼ਕਸ਼ਾਂ ਕਰਮਚਾਰੀਆਂ ਦੀਆਂ ਮੁੱਖ ਚਿੰਤਾਵਾਂ ਨੂੰ ਸੁਰੱਖਿਅਤ ਰੱਖਦੀਆਂ ਹਨ ਅਤੇ ਕੰਪਨੀ ਦੀਆਂ ਪਿਛਲੀਆਂ ਪੇਸ਼ਕਸ਼ਾਂ ਵਿੱਚ ਮਹੱਤਵਪੂਰਨ ਸੁਧਾਰ ਕਰਦੀਆਂ ਹਨ। ਇਸ ਤੋਂ ਇਲਾਵਾ, ਇਹ ਪੇਸ਼ਕਸ਼ਾਂ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ (ੀੀਛ) ਦੀਆਂ ਸਿਫਾਰਸ਼ਾਂ ‘ਤੇ ਅਮਲ ਕਰਦੀਆਂ ਹਨ, ਜਿਸ ਵਿੱਚ ਕੰਪਨੀ ਦੇ ਡਿਲੀਵਰੀ ਮਾਡਲ ਵਿੱਚ ਜ਼ਰੂਰੀ ਬਦਲਾਅ ਸ਼ਾਮਲ ਹਨ।
ਕੈਨੇਡਾ ਪੋਸਟ ਦੀਆਂ ਨਵੀਆਂ ਪੇਸ਼ਕਸ਼ਾਂ ਵਿੱਚ ਕਈ ਅਹਿਮ ਨੁਕਤੇ ਸ਼ਾਮਲ ਹਨ:
ਸਾਈਨਿੰਗ ਬੋਨਸ: ਕਰਮਚਾਰੀਆਂ ਨੂੰ ਉਨ੍ਹਾਂ ਦੀ ਭੂਮਿਕਾ ਦੇ ਅਧਾਰ ‘ਤੇ 1,000 ਡਾਲਰ ਜਾਂ 500 ਡਾਲਰ ਦਾ ਸਾਈਨਿੰਗ ਬੋਨਸ ਦਿੱਤਾ ਜਾਵੇਗਾ।
ਕਾਸਟ-ਆਫ-ਲਿਵਿੰਗ ਅਲਾਊਂਸ: ਮਹਿੰਗਾਈ ਦੀ ਦਰ ‘ਤੇ ਅਧਾਰਤ ਭੁਗਤਾਨ ਦੀ ਸੀਮਾ ਨੂੰ 13.59 ਪ੍ਰਤੀਸ਼ਤ ਤੋਂ ਘਟਾ ਕੇ 7.16 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜਿਸ ਨਾਲ ਕਰਮਚਾਰੀਆਂ ਨੂੰ ਜਲਦੀ ਭੁਗਤਾਨ ਮਿਲ ਸਕੇਗਾ।
ਮਜਬੂਰੀ ਓਵਰਟਾਈਮ ‘ਤੇ ਪਾਬੰਦੀ: ਕੰਪਨੀ ਨੇ ਮਜਬੂਰੀ ‘ਚ ਕੀਤਾ ਜਾਣ ਵਾਲਾਲ ਓਵਰਟਾਈਮ ਖਤਮ ਕਰਨ ਦਾ ਐਲਾਨ ਕੀਤਾ ਹੈ।
ਸਿਹਤ ਅਤੇ ਪੈਨਸ਼ਨ ਯੋਜਨਾਵਾਂ: ਕੰਪਨੀ ਨੇ ਨਵੀਂ ਸਿਹਤ ਲਾਭ ਯੋਜਨਾ, ਪੋਸਟ-ਰਿਟਾਇਰਮੈਂਟ ਲਾਭਾਂ ਵਿੱਚ ਬਦਲਾਅ ਅਤੇ ਭਵਿੱਖ ਦੇ ਕਰਮਚਾਰੀਆਂ ਨੂੰ ਡਿਫਾਈਨਡ ਕੰਟਰੀਬਿਊਸ਼ਨ ਪੈਨਸ਼ਨ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਹੈ।
ਵੇਤਨ ਵਾਧਾ: ਕੰਪਨੀ ਨੇ ਪਹਿਲੇ ਸਾਲ 6 ਪ੍ਰਤੀਸ਼ਤ, ਦੂਜੇ ਸਾਲ 3 ਪ੍ਰਤੀਸ਼ਤ ਅਤੇ ਅਗਲੇ ਦੋ ਸਾਲਾਂ ਵਿੱਚ 2-2 ਪ੍ਰਤੀਸ਼ਤ ਦੀ ਵੇਤਨ ਵਾਧੇ ਦੀ ਪੇਸ਼ਕਸ਼ ਨੂੰ ਬਰਕਰਾਰ ਰੱਖਿਆ ਹੈ, ਜੋ ਕਿ ਕੁੱਲ ਮਿਲਾ ਕੇ 13.59 ਪ੍ਰਤੀਸ਼ਤ ਦਾ ਵਾਧਾ ਹੈ।
ਛੂਫਾਂ ਨੇ ਬੁੱਧਵਾਰ ਨੂੰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕੈਨੇਡਾ ਪੋਸਟ ‘ਤੇ “ਸਖਤ ਰੁਖ” ਅਪਣਾਉਣ ਦਾ ਦੋਸ਼ ਲਗਾਇਆ। ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਜੈਨ ਸਿੰਪਸਨ ਨੇ ਕਿਹਾ ਕਿ ਕੈਨੇਡਾ ਪੋਸਟ ਸ਼ਹਿਰੀ ਡਾਕ ਕਰਮਚਾਰੀਆਂ ਲਈ “ਫਲੈਕਸ ਸਟਾਫਿੰਗ”, ਵੀਕੈਂਡ ਡਿਲੀਵਰੀ ਅਤੇ “ਡਾਇਨਾਮਿਕ ਰੂਟਿੰਗ” ਨੂੰ “ਗੈਰ-ਸਮਝੌਤਾਯੋਗ” ਮੁੱਦਿਆਂ ਵਜੋਂ ਪੇਸ਼ ਕਰ ਰਹੀ ਹੈ। ਸਿੰਪਸਨ ਨੇ ਕਿਹਾ, “ਇਹ ਸਭ ਤੋਂ ਚੁਣੌਤੀਪੂਰਨ ਮੁੱਦੇ ਹਨ, ਅਤੇ ਕੈਨੇਡਾ ਪੋਸਟ ਦਾ ਜ਼ੋਰ ਹੈ ਕਿ ਇਹ ਅਗਲੇ ਸਮੂਹਿਕ ਸਮਝੌਤਿਆਂ ਵਿੱਚ ਸ਼ਾਮਲ ਹੋਣਗੇ।” ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੰਪਨੀ ਨੇ ਯੂਨੀਅਨ ਦੀਆਂ ਕਈ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਸਿੰਪਸਨ ਨੇ ਜ਼ੋਰ ਦੇ ਕੇ ਕਿਹਾ, “ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਹ ਉਸ ਦੀ ਅੰਤਿਮ ਪੇਸ਼ਕਸ਼ ਸੀ, ਪਰ ਇਹ ਲੜਾਈ ਅਜੇ ਖਤਮ ਨਹੀਂ ਹੋਈ।” ਕੈਨੇਡਾ ਪੋਸਟ ਦੀ ਤਾਜ਼ਾ ਸਾਲਾਨਾ ਰਿਪੋਰਟ, ਜੋ ਬੁੱਧਵਾਰ ਨੂੰ ਜਾਰੀ ਕੀਤੀ ਗਈ, ਨੇ ਦਿਖਾਇਆ ਕਿ ਕੰਪਨੀ ਨੂੰ 2024 ਵਿੱਚ 1.3 ਬਿਲੀਅਨ ਡਾਲਰ ਦਾ ਸੰਚਾਲਨ ਘਾਟਾ ਹੋਇਆ। ਇਸ ਦੇ ਨਾਲ ਹੀ, 2023 ਦੇ ਮੁਕਾਬਲੇ ਕੰਪਨੀ ਦੀ ਆਮਦਨ ਵਿੱਚ 800 ਮਿਲੀਅਨ ਡਾਲਰ, ਯਾਨੀ 12.2 ਪ੍ਰਤੀਸ਼ਤ ਦੀ ਗਿਰਾਵਟ ਆਈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਮਹੀਨੇ ਭਰ ਦੀ ਰਾਸ਼ਟਰੀ ਸਟਰਾਈਕ, ਜੋ ਇਹਨਾਂ ਹੀ ਸਮਝੌਤਾ ਵਾਰਤਾਵਾਂ ਦਾ ਹਿੱਸਾ ਸੀ, ਨੇ ਕੰਪਨੀ ਦੇ 841 ਮਿਲੀਅਨ ਡਾਲਰ ਦੇ ਟੈਕਸ ਤੋਂ ਪਹਿਲਾਂ ਦੇ ਘਾਟੇ ਵਿੱਚ 208 ਮਿਲੀਅਨ ਡਾਲਰ ਦਾ ਨਕਾਰਾਤਮਕ ਯੋਗਦਾਨ ਪਾਇਆ।

 

Related Articles

Latest Articles