ਸਰੀ, (ਪਰਮਜੀਤ ਸਿੰਘ): ਬੀ.ਸੀ. ਵਾਈਲਡਫਾਇਰ ਸਰਵਿਸ ਨੇ ਕਈ ਇਲਾਕਿਆਂ ਵਿੱਚ ਵੱਡੀ ਅੱਗ ਦੇ ਖਤਰੇ ਨੂੰ ਦੇਖਦੇ ਹੋਏ ਖੁੱਲ੍ਹੀਆਂ ਥਾਵਾਂ ‘ਤੇ ਅੱਗ ਲਾਉਣ ‘ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਹ ਪਾਬੰਦੀ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਲਾਗੂ ਹੋਵੇਗੀ ਅਤੇ 31 ਅਕਤੂਬਰ 2025 ਜਾਂ ਇਸ ਤੋਂ ਪਹਿਲਾਂ ਤੱਕ ਜਾਰੀ ਰਹੇਗੀ ਜਦ ਤੱਕ ਇਸਨੂੰ ਰੱਦ ਨਾ ਕਰ ਦਿੱਤਾ ਜਾਵੇ। ਇਹ ਪਾਬੰਦੀ ਕੋਸਟਲ ਫਾਇਰ ਸੈਂਟਰ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਹਾਈਡਾ ਗਵਾਈ ਨੂੰ ਛੋਟ ਦਿੱਤੀ ਗਈ ਹੈ। ਉਕਤ ਇਲਾਕੇ ਵਿੱਚ ਯੂ.ਐੱਸ. ਸਰਹੱਦ ਤੋਂ ਲੈ ਕੇ ਉੱਤਰ ਵਿੱਚ ਟਵੀਡਸਮੀਅਰ ਦੱਖਣ ਤੱਕ ਦੇ ਹਿੱਸੇ ਸ਼ਾਮਿਲ ਹਨ, ਜਿਸ ਵਿੱਚ ਸਨਸ਼ਾਈਨ ਕੋਸਟ, ਲੋਅਰ ਮੈਨਲੈਂਡ, ਵੈਨਕੂਵਰ ਆਈਲੈਂਡ ਅਤੇ ਗਲਫ ਆਈਲੈਂਡ ਵੀ ਸ਼ਾਮਿਲ ਹਨ।
ਇਹ ਪਾਬੰਦੀ ਕੈਟੇਗਰੀ 2 ਅਤੇ ਕੈਟੇਗਰੀ 3 ਦੀਆਂ ਅੱਗਾਂ ‘ਤੇ ਲਾਗੂ ਹੋਏਗੀ, ਜੋ ਕਿ ਵੱਡੇ ਪੱਧਰ ‘ਤੇ ਲੱਕੜ ਜਾਂ ਹੋਰ ਸਾਮੱਗਰੀ ਸਾੜਨੀਆਂ ਕਾਰਵਾਈਆਂ ਹੁੰਦੀਆਂ ਹਨ। ਹਾਲਾਂਕਿ ਕੈਟੇਗਰੀ 1 ਦੀਆਂ ਛੋਟੀਆਂ ਕੈਂਪਫਾਇਰਾਂ ਜੋ ਕਿ ਅੱਧਾ ਮੀਟਰ ਉੱਚ ਅਤੇ ਚੌੜੀਆਂ ਹਨ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਦੇ ਨਾਲ ਗੈਸ ਜਾਂ ਪ੍ਰੋਪੇਨ ਸਟੋਵ ਵਰਗੀਆਂ ਰਸੋਈ ਸਹੂਲਤਾਂ ਦੀ ਵੀ ਮਨਜ਼ੂਰੀ ਰਹੇਗੀ।
ਬੀ.ਸੀ. ਵਾਈਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਪਾਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਉਸ ਕਾਰਨ ਜੰਗਲ ਵਿੱਚ ਅੱਗ ਲੱਗਦੀ ਹੈ, ਤਾਂ ਉਸ ਵਿਅਕਤੀ ਤੋਂ ਸਾਰੀ ਫਾਇਰਫਾਇਟਿੰਗ ਲਾਗਤ ਵਸੂਲ ਕੀਤੀ ਜਾ ਸਕਦੀ ਹੈ।
ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ $1,150 ਦਾ ਤੁਰੰਤ ਜੁਰਮਾਨਾ, $10,000 ਤੱਕ ਦਾ ਕਾਨੂੰਨੀ ਕਾਰਵਾਈ ਜਾਂ $100,000 ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ, ਜੇਕਰ ਅਦਾਲਤ ‘ਚ ਦੋਸ਼ੀ ਕਰਾਰ ਦਿੱਤਾ ਗਿਆ।
ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ 11 ਨਵੀਆਂ ਅੱਗਾਂ ਭੜਕ ਚੁੱਕੀਆਂ ਹਨ। ਇਸ ਸਮੇਂ ਸੂਬੇ ਭਰ ਵਿੱਚ ਕੁੱਲ 45 ਸਰਗਰਮ ਵਾਈਲਡਫਾਇਰ ਦੱਜ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਤਰ-ਪੂਰਬੀ ਇਲਾਕੇ ਵਿੱਚ ਹਨ।
ਬੀ.ਸੀ. ਸਰਕਾਰ ਵੱਲੋਂ ਇਹ ਕਦਮ ਲੈਣਾ ਅਤਿਅੰਤ ਜ਼ਰੂਰੀ ਸਮਝਿਆ ਜਾ ਰਿਹਾ ਹੈ, ਕਿਉਂਕਿ ਹਾਲੀਆਂ ਗਰਮੀਆਂ ਅਤੇ ਸੁੱਕੇ ਮੌਸਮ ਕਾਰਨ ਜੰਗਲਾਂ ‘ਚ ਅੱਗ ਲੱਗਣ ਦੇ ਮਾਮਲੇ ਵਧ ਰਹੇ ਹਨ। ਇਹ ਪਾਬੰਦੀਆਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਲੱਖਾਂ ਡਾਲਰ ਦੀ ਅੱਗ-ਨਿਯੰਤਰਣ ਲਾਗਤ ਨੂੰ ਘਟਾਉਣ ਲਈ ਲਾਗੂ ਕੀਤੀਆਂ ਗਈਆਂ ਹਨ।