ਧੂੰਏਂ ਕਾਰਨ ਟੈਕਸਸ ਤੋਂ ਲੈ ਕੇ ਨਿਊਫਾਊਂਡਲੈਂਡ ਤੱਕ ਦਾ ਖੇਤਰ ਪ੍ਰਭਾਵ
ਔਟਵਾ (ਪਰਮਜੀਤ ਸਿੰਘ): ਪੱਛਮੀ ਕੈਨੇਡਾ ਵਿੱਚ ਭੜਕੀ ਜੰਗਲੀਂ ਅੱਗ ਕਾਰਨ ਕੈਨੇਡਾ ਦੇ ਹਾਲਾਤ ਬੇਹੱਦ ਨਾਜੁਕ ਬਣੇ ਹੋਏ ਹਨ। ਸਸਕੈਚਵਨ, ਮੈਨੀਟੋਬਾ ਅਤੇ ਉੱਤਰੀ ਓਨਟਾਰਿਓ ਵਿੱਚ ਸੈਂਕੜੇ ਘਰ ਸੜ੍ਹ ਚੁੱਕੇ ਹਨ ਅਤੇ ਲਗਭਗ 45,000 ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ। ਇਹ ਅੱਗ ਸਿਰਫ ਇਨ੍ਹਾਂ ਸੂਬਿਆਂ ਤੱਕ ਸੀਮਿਤ ਨਹੀਂ ਰਹੀ, ਅੱਗ ਕਾਰਨ ਉੱਠ ਰਹੇ ਧੂੰਏ ਕਾਰਨ ਨਿਊਫਾਊਂਡਲੈਂਡ ਤੇ ਲੈਬਰਾਡੋਰ ਤੋਂ ਲੈ ਕੇ ਦੱਖਣੀ ਟੈਕਸਸ ਤੱਕ ਦਾ ਖੇਤਰ ਪ੍ਰਭਾਵਤ ਹੋ ਰਿਹਾ ਹੈ।
ਐਨਵਾਇਰਨਮੈਂਟ ਕੈਨੇਡਾ ਦੀ ਨੈਟਲੀ ਹੈਸਲ ਨੇ ਬੁੱਧਵਾਰ ਦੱਸਿਆ ਕਿ ਮੈਨੀਟੋਬਾ ਅਤੇ ਸਸਕੈਚਵਨ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ‘ਚ ਸਭ ਤੋਂ ਵੱਧ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਅਸਮਾਨ ਵਿੱਚ ਧੂੰਏਂ ਦਾ ਮੋਟਾ ਵੱਡਾ ਬੱਦਲ ਛਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਗਾਹ ਕੀਤਾ ਕਿ, ”ਜਿਹੜੇ ਇਲਾਕੇ ਅੱਗ ਦੇ ਨੇੜੇ ਹਨ, ਉਥੇ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ। ਲੋਕਾਂ ਨੂੰ ਆਪਣੀ ਸਿਹਤ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।”
ਮੌਸਮੀ ਵਿਭਾਗ ਨੇ ਮੈਨੀਟੋਬਾ ਅਤੇ ਸਸਕੈਚਵਨ ਦੇ ਕਈ ਹਿੱਸਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। 65 ਸਾਲ ਤੋਂ ਉਪਰਲੇ, ਬੱਚੇ ਅਤੇ ਗਰਭਵਤੀ ਔਰਤਾਂ ਲਈ ਇਹ ਹਾਲਾਤ ਵਧੇਰੇ ਖ਼ਤਰਨਾਕ ਹਨ। ਲੋੜਵੰਦ ਹਦਾਇਤਾਂ ਵਿੱਚ ਮੂੰਹ ਤੇ ਕੱਪੜਾ ਲਪੇਟਣ, ਘਰਾਂ ਵਿਚ ਰਹਿਣਾ ਅਤੇ ਹਵਾ ਫਿਲਟਰ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਸਸਕੈਚਵਨ ‘ਚ ਹੁਣ ਤੱਕ 243 ਥਾਵਾਂ ‘ਤੇ ਜੰਗਲੀ ਅੱਗ ਲੱਗੀ ਹੋਈ ਹੈ। ਜਦਕਿ ਆਮ ਤੌਰ ‘ਤੇ ਇਹ ਗਿਣਤੀ 135 ਹੋਣੀ ਸੀ। ਸੂਬੇ ਦੇ 15,000 ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਲਾ ਰੌਂਜ, ਏਅਰ ਰੌਂਜ ਅਤੇ ਲੈਕ ਲਾ ਰੌਂਜ ਇੰਡਿਅਨ ਬੈਂਡ ਦੇ 7,000 ਲੋਕ ਉਤਰੀ ਇਲਾਕਿਆਂ ਤੋਂ ਦੱਖਣ ਵੱਲ ਪ੍ਰਿੰਸ ਐਲਬਰਟ ਸ਼ਹਿਰ ਦੀਆਂ ਹੋਟਲਾਂ ਵਿੱਚ ਆ ਕੇ ਠਹਿਰੇ ਹੋਏ ਹਨ।
ਲਾ ਰੌਂਜ ਦੇ ਮੇਅਰ ਜੋ ਹੌਰਡੀਸਕੀ ਨੇ ਦੱਸਿਆ ਕਿ ”ਰੋਨਾ ਹਾਰਡਵੇਅਰ” ਅਤੇ ”ਰਾਬਰਟਸਨ ਟਰੇਡਿੰਗ ਪੋਸਟ” ਪੂਰੀ ਤਰ੍ਹਾਂ ਸੜ੍ਹ ਗਏ ਹਨ। ਉਨ੍ਹਾਂ ਕਿਹਾ, ”ਕੋਈ ਵੀ ਚੀਜ਼ ਬਚਾ ਲੈਣਾ ਵੱਡੀ ਗੱਲ ਹੈ। ਸਾਰਾ ਸ਼ਹਿਰ ਸੰਘਰਸ਼ ਕਰ ਰਿਹਾ ਹੈ।”
ਸਸਕੈਚਵਨ ਪਬਲਿਕ ਸੇਫਟੀ ਏਜੰਸੀ ਦੇ ਉੱਪਰਾਧਿਕਾਰੀ ਸਟੀਵ ਰਾਬਰਟਸ ਨੇ ਕਿਹਾ ਕਿ ਅੱਗ ਦੀਆਂ ਸੰਖਿਆ ਅਤੇ ਆਬਾਦ ਇਲਾਕਿਆਂ ਦੀ ਨੇੜਤਾ ਕਾਰਨ ਹਾਲਾਤ ਬੇਹੱਦ ਗੰਭੀਰ ਹਨ। ”ਹਰ ਰੋਜ਼ ਨਵੀਆਂ ਜਗ੍ਹਾਂ ਤੇ ਅਚਾਨਕ ਅੱਗ ਲੱਗ ਜਾਂਦੀ ਹੈ। ਅਸੀਂ ਹਰ ਦਿਨ ਦੀ ਯੋਜਨਾ ‘ਚ ਤਬਦੀਲੀ ਕਰ ਰਹੇ ਹਾਂ,”
ਉਨ੍ਹਾਂ ਨੇ ਕਿਹਾ ਕਿ ਕਈ ਹਫ਼ਤਿਆਂ ਤੋਂ ਕੋਈ ਵਰਖਾ ਨਹੀਂ ਹੋਈ ਅਤੇ ਹਵਾ ਦੀ ਰਫ਼ਤਾਰ ਵੀ ਤੇਜ਼ ਰਹੀ ਹੈ, ਜਿਸ ਕਾਰਨ ਅੱਗ ਤੇ ਕੰਟਰੋਲ ਪਾਉਣਾ ਮੁਸ਼ਕਲ ਹੋ ਗਿਆ ਹੈ। ਸੱਸਕੈਚਵਨ ਨੇ ਐਮਰਜੈਂਸੀ ਹਾਲਾਤ ਦਾ ਐਲਾਨ ਕਰ ਦਿੱਤਾ ਹੈ।
ਮੈਨੀਟੋਬਾ ਵਿੱਚ ਵੀ ਸੂਬਾ ਪੱਧਰੀ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇੱਥੇ ਲਗਭਗ 17,000 ਲੋਕ ਆਪਣੇ ਘਰਾਂ ਤੋਂ ਬੇਘਰ ਹੋਏ ਹਨ, ਜਿਨ੍ਹਾਂ ਵਿੱਚ ਪਿੱਛੜੇ ਇਲਾਕਿਆਂ ਦੇ ਆਦਿਵਾਸੀ ਵੀ ਸ਼ਾਮਲ ਹਨ। ਫਲਿਨ ਫਲਨ ਇਲਾਕੇ ‘ਚ ਲਗਭਗ 5,000 ਲੋਕਾਂ ਨੂੰ ਥਾਂ ਛੱਡਣੀ ਪਈ। 200 ਤੋਂ ਵੱਧ ਅੱਗ ਬੁਝਾਉਣ ਵਾਲੇ ਕਰਮਚਾਰੀ ਉਥੇ ਕੰਮ ਕਰ ਰਹੇ ਹਨ। ਇੱਥੇ ਹਾਲੇ ਤੱਕ ਕਿਸੇ ਢਾਂਚੇ ਨੂੰ ਨੁਕਸਾਨ ਨਹੀਂ ਹੋਇਆ, ਪਰ ਵਾਪਸੀ ਨੂੰ ਲੈ ਕੇ ਹਾਲਾਤ ਅਣਸ਼ਚਿਤ ਹਨ। This report was written by Amarpal Singh as part of the Local Journalism Initiative.