ਸਰੀ, (ਅਮਰਪਾਲ ਸਿੰਘ): ਕੈਨੇਡਾ ਦੇ ਪਹਿਲੇ ਪੁਲਾੜ ਯਾਤਰੀ ਅਤੇ ਲੰਬੇ ਸਮੇਂ ਤੱਕ ਫੈਡਰਲ ਰਾਜਨੀਤੀ ਵਿੱਚ ਰਹੇ ਮਾਰਕ ਗਾਰਨੋ ਦਾ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਸਾਬਕਾ ਚੀਫ਼ ਆਫ਼ ਸਟਾਫ਼ ਮਾਰਕ ਰੌਏ ਨੇ ਇੱਕ ਦੁਖ ਭਰੇ ਸੰਦੇਸ਼ ਰਾਹੀਂ ਇਹ ਖ਼ਬਰ ਸਾਂਝੀ ਕੀਤੀ। ਉਨ੍ਹਾਂ ਦੀ ਪਤਨੀ ਪੈਮ ਗਾਰਨੋ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਦੇ ਮੌਤ ਦੀ ਪੁਸ਼ਟੀ ਕੀਤੀ ਗਈ।
ਬੁੱਧਵਾਰ ਦੀ ਸ਼ਾਮ ਹਾਊਸ ਆਫ਼ ਕਾਮਨਜ਼ ਵਿੱਚ ਉਨ੍ਹਾਂ ਦੀ ਯਾਦ ਵਿਚ ਮੌਨ ਰੱਖਿਆ ਗਿਆ। ਸਰਕਾਰੀ ਵਿੱਪ ਮਾਰਕ ਗੇਰਟਸਨ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਈ ਐਮ.ਪੀਜ਼ ਵੱਲੋਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਗਈ।
ਸਾਬਕਾ ਕੈਬਨਿਟ ਮੰਤਰੀ ਅਤੇ ਲਿਬਰਲ ਐਮ.ਪੀ. ਅਲੀ ਅਹਸਾਸੀ ਨੇ ਕਿਹਾ, ”ਉਹ ਬੇਹੱਦ ਉਚ ਆਦਰਸ਼ਾਂ ਵਾਲੇ ਵਿਅਕਤੀ ਸਨ। ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ।”
ਉਦਯੋਗ ਮੰਤਰੀ ਮੈਲਾਨੀ ਜੋਲੀ, ਜੋ 2021 ਵਿੱਚ ਗਾਰਨੋ ਦੀ ਥਾਂ ਵਿਦੇਸ਼ ਮੰਤਰੀ ਬਣੀ ਸੀ, ਉਨ੍ਹਾਂ ਨੇ ਕਿਹਾ ਕਿ ”ਉਹ ਇਕ ਅਗਵਾਈ ਕਰਨ ਵਾਲੇ, ਗੁਰੂ ਵਰਗੇ ਅਤੇ ਰਾਜਨੀਤਕ ਸਿਆਣਪ ਵਾਲੇ ਵਿਅਕਤੀ ਸਨ।”
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵੀਅਰ ਨੇ ਉਨ੍ਹਾਂ ਨੂੰ ”ਵੱਡਾ ਕੈਨੇਡੀਅਨ” ਕਰਾਰ ਦਿੱਤਾ ਅਤੇ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ।
ਜ਼ਿਕਰਯੋਗ ਹੈ ਕਿ ਮਾਰਕ ਗਾਰਨੋ ਨੇ 1984 ਵਿੱਚ ਪਹਿਲੀ ਵਾਰ NASA ਦੇ Space Shuttle ਰਾਹੀਂ ਪੁਲਾੜ ਦੀ ਯਾਤਰਾ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਹੋਰ ਦੋ ਪੁਲਾੜ ਮਿਸ਼ਨਾਂ ਵਿੱਚ ਭਾਗ ਲਿਆ। 2001 ਤੋਂ 2005 ਤੱਕ ਉਹ ਕੈਨੇਡੀਅਨ ਸਪੇਸ ਏਜੰਸੀ ਦੇ ਪ੍ਰਧਾਨ ਰਹੇ।
2008 ਦੀ ਫੈਡਲਰ ਚੋਣ ਵਿੱਚ ਉਹ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਮੌਂਟਰੀਅਲ ਦੇ ਵੈਸਟਮਾਉਂਟ-ਵਿਲ ਮੈਰੀ ਹਲਕੇ ਤੋਂ ਸੰਸਦ ਵਿੱਚ ਚੁਣੇ ਗਏ। ਉਹ 2013 ਵਿੱਚ ਲਿਬਰਲ ਨੇਤਾ ਦੀ ਦੌੜ ਵਿੱਚ ਸ਼ਾਮਲ ਹੋਏ ਪਰ ਅੰਤ ਵਿੱਚ ਚੋਣ ਲੜਨ ਤੋਂ ਹਟ ਕੇ ਜਸਟਿਨ ਟਰੂਡੋ ਦਾ ਸਮਰਥਨ ਕੀਤਾ। ਟਰੂਡੋ ਦੀ ਸਰਕਾਰ ਵਿੱਚ ਗਾਰਨੋ 2015 ਤੋਂ 2021 ਤੱਕ ਟਰਾਂਸਪੋਰਟ ਮੰਤਰੀ ਰਹੇ ਅਤੇ ਫਿਰ ਜਨਵਰੀ 2021 ਤੋਂ ਅਕਤੂਬਰ 2021 ਤੱਕ ਵਿਦੇਸ਼ ਮੰਤਰੀ ਬਣੇ। ਚੋਣਾਂ ਤੋਂ ਬਾਅਦ ਉਹ ਮੰਤਰੀ ਮੰਡਲ ਤੋਂ ਹਟਾ ਦਿੱਤੇ ਗਏ ਅਤੇ 2023 ਵਿੱਚ ਰਾਜਨੀਤੀ ਤੋਂ ਸਨਿਆਸ ਲੈ ਲਿਆ। ਫਰਵਰੀ 2025 ਵਿੱਚ ਉਨ੍ਹਾਂ ਨੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਲੀਡਰਸ਼ਿਪ ਨੂੰ ਸਮਰਥਨ ਦਿੱਤਾ ਸੀ।
ਉਹ ਕਿਊਬੇਕ ਸਿਟੀ ਵਿੱਚ ਜਨਮੇ ਸਨ ਅਤੇ ਉਨ੍ਹਾਂ ਨੇ ਰਾਇਲ ਮਿਲਟਰੀ ਕਾਲਜ, ਕਿੰਗਸਟਨ (ਓਨਟਾਰੀਓ) ਤੋਂ ਇੰਜਨੀਅਰਿੰਗ ਫਿਜ਼ਿਕਸ ਵਿੱਚ ਡਿਗਰੀ ਹਾਸਲ ਕੀਤੀ ਸੀ। This report was written by Amarpal Singh as part of the Local Journalism Initiative.