ਸਰੀ, (ਅਮਰਪਾਲ ਸਿੰਘ): ਸਰੀ ਸ਼ਹਿਰ ਵਿੱਚ 21 ਜੂਨ ਨੂੰ ‘ਰਾਸ਼ਟਰੀ ਮੂਲਵਾਸੀ ਲੋਕ ਦਿਵਸ’ ਮੌਕੇ ਵਿਸ਼ੇਸ਼ ਜਸ਼ਨ ਮਨਾਇਆ ਜਾਵੇਗਾ। ਇਹ ਸਮਾਗਮ ਕਲੋਵਰਡੇਲ ਸਥਿਤ ਬਿਲ ਰੀਡ ਮਿਲੇਨੀਅਮ ਐਂਫੀਥਿਏਟਰ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ, ਜਿਸ ਦੀ ਮੇਜ਼ਬਾਨੀ ਸੈਮੀਆਹਮੂ, ਕੇਟਜ਼ੀ ਅਤੇ ਕਵਾਂਟਲੇਨ ਫਸਟ ਨੇਸ਼ਨਜ਼ ਵੱਲੋਂ ਕੀਤੀ ਜਾ ਰਹੀ ਹੈ।ਇਸ ਦਿਨ ਦੀ ਮੌਜੂਦਗੀ ਵਿਚ ਲੋਕ ਇੰਡੀਜੀਨਸ ਭਾਈਚਾਰੇ ਦੇ ਅਤੀਤ, ਰਵਾਇਤਾਂ ਅਤੇ ਵਰਤਮਾਨ ਵਿਰਾਸਤ ਨੂੰ ਮੰਨਤਾ ਦੇਣ ਅਤੇ ਸਾਂਝਾ ਕਰਨਗੇ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਮੌਕੇ ਤੇ ਕਿਹਾ ਕਿ ਇਹ ਸਮਾਗਮ ਸਾਡੇ ਲਈ ਮੂਲ ਨਿਵਾਸੀਆਂ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਜਾਣਨ, ਸਿੱਖਣ ਅਤੇ ਸਨਮਾਨ ਦੇਣ ਦਾ ਮਹੱਤਵਪੂਰਨ ਅਵਸਰ ਹੈ।
ਸੈਮੀਆਹਮੂ ਫਸਟ ਨੇਸ਼ਨ ਦੇ ਮੁਖੀ ਹਾਰਲੇ ਚੈਪਲ ਨੇ ਵੀ ਸਤਿਕਾਰਤ ਬੋਲ ਉਚਾਰਦੇ ਹੋਏ ਸਮਾਗਮ ਦੀ ਮਹੱਤਾ ਵਿਆਖਿਆ ਕੀਤੀ। ਉਨ੍ਹਾਂ ਫਰੇਜ਼ਰ ਰੀਜਨ ਐਬੋਰੀਜਨਲ ਫ੍ਰੈਂਡਸ਼ਿਪ ਸੈਂਟਰ ਐਸੋਸੀਏਸ਼ਨ ਅਤੇ ਸਰੀ ਸ਼ਹਿਰ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਸਮਾਗਮ ਦੌਰਾਨ ਕਈ ਰਵਾਇਤੀ ਗਾਇਕ, ਕਲਾਕਾਰ ਅਤੇ ਨ੍ਰਿਤਕ ਜਿਵੇਂ ਕਿ ਜ਼ੀਕੁਏਲੇਮ (ਯੂਜੀਨ ਹੈਰੀ), ਜੇਡ ਟਰਨਰ, ਵਾਈਲਡ ਰਿਵਰ ਸਿੰਗਰਜ਼, ਆਰਟ ਨੈਪੋਲੀਅਨ ਆਦਿ ਆਪਣੀਆਂ ਕਲਾਵਾਂ ਰਾਹੀਂ ਸਾਂਝ ਪਾਉਣਗੇ।
ਸਮਾਂ ਸੂਚੀ: 2:00 ਵਜੇ: ਸੱਭਿਆਚਾਰਕ ਸਾਂਝ, 3:00 ਵਜੇ: ਫਸਟ ਨੇਸ਼ਨਜ਼ ਦਾ ਸਵਾਗਤ, 3:45 ਤੋਂ 6:30 ਵਜੇ: ਸੱਭਿਆਚਾਰਕ ਪ੍ਰਦਰਸ਼ਨ, 4:00 ਤੋਂ 6:00 ਵਜੇ: ਭਾਈਚਾਰਕ ਰਸੋਈ, 6:30 ਤੋਂ 7:00 ਵਜੇ: ਸਮਾਪਤੀ ਸਮਾਰੋਹ ਹੋਵੇਗਾ।
ਇਸ ਜਸ਼ਨ ਨੂੰ ਸੌਖਾ ਬਣਾਉਣ ਲਈ ਟਰਾਂਸਲਿੰਕ ਵੱਲੋਂ ਮੁਫ਼ਤ ਬੱਸ ਸੇਵਾ ਵੀ ਉਪਲੱਬਧ ਕਰਵਾਈ ਜਾਵੇਗੀ, ਜੋ 1 ਵਜੇ ਕਿੰਗ ਜੌਰਜ ਸਕਾਈਟਰੇਨ ਸਟੇਸ਼ਨ ਤੋਂ ਕਲੋਵਰਡੇਲ ਜਾਵੇਗੀ। ਆਖ਼ਰੀ ਵਾਪਸੀ ਬੱਸ 7:45 ਵਜੇ ਨਿਕਲੇਗੀ।
ਸਰੀ, ਜੋ ਕਿ ਕੋਸਟ ਸੈਲਿਸ਼ ਲੋਕਾਂ ਦੀ ਜੱਦੀ ਧਰਤੀ ਹੈ, ਉਥੇ ਇੰਡੀਜੀਨਸ ਸਮਾਜ ਦੇ ਇਸ ਰਵਾਇਤੀ ਅਤੇ ਰੰਗੀਨ ਦਿਨ ਦੀ ਮਨਾਉਣੀ ਸਾਰਿਆਂ ਲਈ ਇਕੱਠੇ ਹੋਣ ਦਾ ਮੌਕਾ ਹੈ। This report was written by Amarpal Singh as part of the Local Journalism Initiative.