13.4 C
Vancouver
Sunday, June 22, 2025

ਇਰਾਨ-ਇਜ਼ਰਾਈਲ ਟਕਰਾਅ

 

ਕੇ ਸੀ ਸਿੰਘ
ਅਮਰੀਕਾ ਪਿਛਲੇ ਕੁਝ ਹਫ਼ਤਿਆਂ ਤੋਂ ਇਜ਼ਰਾਈਲ ਨੂੰ ਇਰਾਨੀ ਪਰਮਾਣੂ ਬੁਨਿਆਦੀ ਢਾਂਚੇ ‘ਤੇ ਹਮਲਾ ਕਰਨ ਤੋਂ ਰੋਕਦਾ ਆ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 25 ਮਾਰਚ ਨੂੰ ਇਰਾਨੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਕਰਨ ਲਈ ਲਿਖਿਆ ਸੀ। ਆਪਣੇ ਪਹਿਲੇ ਕਾਰਜਕਾਲ ਵਿੱਚ ਟਰੰਪ ਨੇ ਜਰਮਨੀ ਸਣੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪੀ-5 ਮੈਂਬਰਾਂ ਅਤੇ ਇਰਾਨ ਵਿਚਕਾਰ 2015 ਵਿੱਚ ਹੋਈ ਪਰਮਾਣੂ ਸੰਧੀ ਨੂੰ ਤਜ ਦਿੱਤਾ ਸੀ। ਇਸ ਨੂੰ ਜੁਆਇੰਟ ਕੰਪਰੀਹੈਂਸਿਵ ਪਲੈਨ ਆਫ ਐਕਸ਼ਨ (ਜੇਸੀਪੀਓਏ) ਕਿਹਾ ਜਾਂਦਾ ਹੈ। ਇਸ ਵਿੱਚ ਓਮਾਨ ਨੇ ਸਾਲਸ ਦੀ ਭੂਮਿਕਾ ਨਿਭਾਈ ਸੀ।
ਅਮਰੀਕਾ ਵੱਲੋਂ 16 ਮਈ ਨੂੰ ਭੇਜੇ ਪ੍ਰਸਤਾਵ ਜੋ ਇਰਾਨ ਨੇ ਦਰਕਿਨਾਰ ਕਰ ਦਿੱਤਾ ਸੀ, ਬਾਰੇ ਟਰੰਪ ਨੇ ਆਖਿਆ ਸੀ ਕਿ ਉਸ ਨੂੰ ਸੰਧੀ ਦੀ ਬਹੁਤੀ ਆਸ ਨਹੀਂ ਹੈ। ਇਰਾਨੀ ਸੁਪਰੀਮ ਲੀਡਰ ਅਲੀ ਖਮੇਨੀ ਨੇ 4 ਜੂਨ ਨੂੰ ਟਵੀਟ ਕੀਤਾ ਸੀ ਕਿ ”ਅਮਰੀਕੀ ਪ੍ਰਸਤਾਵ ਇਰਾਨੀ ਆਤਮ-ਨਿਰਭਰਤਾ ਦੀ ਭਾਵਨਾ ਦੇ 100 ਫ਼ੀਸਦੀ ਖ਼ਿਲਾਫ਼ ਹੈ, ਜਿਵੇਂ ਕਿ ਅਮਰੀਕੀ ਚਾਹੁੰਦੇ ਹਨ ਕਿ ਇਰਾਨ ਕੋਲ ਬਿਲਕੁਲ ਵੀ ਪਰਮਾਣੂ ਸਨਅਤ ਨਹੀਂ ਹੋਣੀ ਚਾਹੀਦੀ।” ਇਰਾਨ ‘ਜੇਸੀਪੀਓਏ’ ਨੂੰ ਸੁਰਜੀਤ ਕਰਨ ਲਈ ਗੱਲਬਾਤ ਕਰ ਰਿਹਾ ਸੀ ਜਿਸ ਤਹਿਤ ਇਸ ਨੂੰ ਕੁਝ ਖ਼ਾਸ ਸਮੇਂ ਲਈ ਸੀਮਤ ਰੂਪ ਵਿੱਚ ਅਤੇ ਨਿਗਰਾਨੀ ਤਹਿਤ ਯੂਰੇਨੀਅਮ ਦੀ ਸੁਧਾਈ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਟਰੰਪ ਪ੍ਰਸ਼ਾਸਨ, ਖ਼ਾਸਕਰ ਇਜ਼ਰਾਈਲ ਇਰਾਨੀ ਪਰਮਾਣੂ ਪ੍ਰੋਗਰਾਮ ਨੂੰ ਖ਼ਤਮ ਜਾਂ ਇਸ ਉੱਪਰ ਕੌਮਾਂਤਰੀ ਐਟਮੀ ਊਰਜਾ ਏਜੰਸੀ (ਆਈਏਈਏ) ਦਾ ਸਖ਼ਤ ਕੰਟਰੋਲ ਚਾਹੁੰਦਾ ਹੈ।
ਜਦੋਂ ਅਮਰੀਕਾ ਨੇ ਇਰਾਕ ਵਿਚਲੇ ਆਪਣੇ ਸਫ਼ੀਰਾਂ ਦੀ ਗਿਣਤੀ ਘਟਾਉਣੀ ਸ਼ੁਰੂ ਕਰ ਦਿੱਤੀ ਅਤੇ ਖਾੜੀ ਫ਼ੌਜੀ ਟਿਕਾਣਿਆਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਫ਼ ਹੋ ਗਿਆ ਸੀ ਕਿ ਇਰਾਨ ਉੱਪਰ ਇਜ਼ਰਾਇਲੀ ਹਮਲਾ ਹੋਣ ਵਾਲਾ ਹੈ। ਆਈਏਈਏ ਦੇ 12 ਜੂਨ ਦੇ ਮਤੇ ਜੋ ਕਿ 35 ਵਿੱਚੋਂ 19 ਵੋਟਾਂ ਨਾਲ ਅਪਣਾਇਆ ਗਿਆ ਸੀ, ਵਿੱਚ ਅਣਐਲਾਨੀ ਪਰਮਾਣੂ ਸਮੱਗਰੀ ਅਤੇ ਸਰਗਰਮੀਆਂ ਬਾਰੇ ਸਫ਼ਾਈ ਦੇਣ ‘ਚ ਇਰਾਨ ਦੀਆਂ ਨਾਕਾਮੀਆਂ ਦਾ ਵਰਣਨ ਕੀਤਾ ਗਿਆ। ਇਰਾਨ ਪਰਮਾਣੂ ਅਪਸਾਰ ਸੰਧੀ (ਐੱਨਪੀਟੀ) ਦਾ ਹਸਤਾਖ਼ਰੀ ਮੁਲਕ ਹੈ। ਇਸ ਲਈ ਇਸ ਸੰਧੀ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਦਾ ਪਾਬੰਦ ਹੈ। ਸਾਲ 2003-05 ਵਿੱਚ ਇਰਾਨ ਵਿੱਚ ਰਾਜਦੂਤ ਹੁੰਦਿਆਂ, ਮੈਂ ਇਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਦੀ ਤੁਲਨਾ ਭਾਰਤ ਦੇ ਪਰਮਾਣੂ ਪ੍ਰੋਗਰਾਮ ਨਾਲ ਨਾ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਭਾਰਤ ਨੇ ਕਦੇ ਵੀ ਐੱਨਪੀਟੀ ‘ਤੇ ਦਸਤਖ਼ਤ ਨਹੀਂ ਕੀਤੇ ਸਨ।
ਜਦੋਂ ਇਰਾਨ-ਅਮਰੀਕਾ ਵਾਰਤਾਵਾਂ ਵਿੱਚ ਖੜੋਤ ਆ ਗਈ ਤਾਂ ਇਰਾਨੀ ਰਾਸ਼ਟਰਪਤੀ ਅਲੀ ਖਮੇਨੀ ਨੇ ਆਖਿਆ ਸੀ ਕਿ ਇਰਾਨ ”ਪਰਮਾਣੂ ਆਤਮ-ਨਿਰਭਰਤਾ” ਹਾਸਿਲ ਕਰਨੀ ਚਾਹੁੰਦਾ ਹੈ। ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ 60 ਫ਼ੀਸਦੀ ਤੋਂ ਜ਼ਿਆਦਾ ਸੋਧੇ ਹੋਏ ਯੂਰੇਨੀਅਮ ਦਾ ਭੰਡਾਰ 408 ਕਿਲੋਗ੍ਰਾਮ ਤੋਂ ਟੱਪ ਗਿਆ ਹੈ। ਇੱਕ ਪਰਮਾਣੂ ਹਥਿਆਰ ਬਣਾਉਣ ਲਈ 90 ਫ਼ੀਸਦੀ ਤੱਕ ਸੋਧੇ ਹੋਏ 25 ਕਿਲੋਗ੍ਰਾਮ ਯੂਰੇਨੀਅਮ ਦੀ ਲੋੜ ਪੈਂਦੀ ਹੈ। ਇਰਾਨ ਨੇ ਮੁੱਢਲੇ ਜੈਨਰੇਸ਼ਨ ਸੈਂਟਰੀਫਿਊਜਜ਼ ਜੋ ਪਾਕਿਸਤਾਨੀ ਪਰਮਾਣੂ ਵਿਗਿਆਨੀ ਏ.ਕਿਊ. ਖ਼ਾਨ ਵੱਲੋਂ ਲੁਕਵੇਂ ਢੰਗ ਨਾਲ ਇਰਾਨ ਨੂੰ ਵੇਚੇ ਗਏ ਸਨ, ਦੀ ਥਾਂ ਛੇਵੀਂ ਪੀੜ੍ਹੀ ਦੇ ਆਧੁਨਿਕ ਸੈਂਟਰੀਫਿਊਜ਼ ਲਾਉਣ ਦਾ ਐਲਾਨ ਕੀਤਾ ਹੈ। 60 ਫ਼ੀਸਦੀ ਤੋਂ 90 ਫ਼ੀਸਦੀ ਹਥਿਆਰ ਬਣਾਉਣ ਯੋਗ ਸੁਧਾਈ ਨੂੰ ਤੇਜ਼ੀ ਨਾਲ ਹਾਸਿਲ ਕੀਤਾ ਜਾ ਸਕਦਾ ਹੈ।
ਓਮਾਨ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ, ਖੇਤਰੀ ਭੂ-ਰਾਜਨੀਤੀ ਵਿੱਚ ਨਾਟਕੀ ਤਬਦੀਲੀ ਆ ਗਈ ਸੀ। ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣਾ ਘਿਣਾਉਣਾ ਫ਼ੌਜੀ ਦਮਨ ਜਾਰੀ ਰੱਖਿਆ ਹੋਇਆ ਹੈ। ਇਸ ਨੇ ਹਮਾਸ ਦੀ ਸਿਰਮੌਰ ਲੀਡਰਸ਼ਿਪ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਲਿਬਨਾਨ ਵਿੱਚ ਇਰਾਨ ਦੇ ਸ਼ਕਤੀਸ਼ਾਲੀ ਸਹਿਯੋਗੀ ਹਿਜ਼ਬੁੱਲਾ ਨੂੰ ਨਕਾਰਾ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਸੀਰੀਆ ਵਿੱਚ ਇਰਾਨ ਪੱਖੀ ਅਸਦ ਹਕੂਮਤ ਦਾ ਤਖ਼ਤ ਪਲਟਾ ਦਿੱਤਾ ਗਿਆ ਹੈ ਅਤੇ ਇਸ ਦੀ ਥਾਂ ਸੋਧਵਾਦੀ ਸੁੰਨੀ ਕੱਟੜਪੰਥੀ ਨੂੰ ਵਾਗਡੋਰ ਸੌਂਪ ਦਿੱਤੀ ਗਈ ਹੈ। ਇਸ ਤਰ੍ਹਾਂ ਮੱਧ ਏਸ਼ੀਆ ਵਿੱਚ ਇਰਾਨ ਦਾ ਸਾਥ ਦੇਣ ਵਾਲੇ ਸੰਗੀ ਸਾਥੀਆਂ ਦੇ ਤਬਾਹ ਜਾਂ ਕਮਜ਼ੋਰ ਹੋਣ ਕਰ ਕੇ, ਇਜ਼ਰਾਈਲ ਨੂੰ ਹੁਣ ਇਰਾਨੀ ਪਰਮਾਣੂ ਟਿਕਾਣਿਆਂ ਉੱਪਰ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ ਜਿਸ ਦਾ ਇਰਾਨ ਸੀਮਤ ਜਵਾਬ ਹੀ ਦੇ ਸਕੇਗਾ।
ਇਜ਼ਰਾਇਲੀ ਘਰੇਲੂ ਸਿਆਸਤ ਵੀ ਇੱਕ ਅਨਿਸ਼ਚਤ ਪੜਾਅ ਵਿੱਚ ਦਾਖ਼ਲ ਹੋ ਗਈ ਹੈ ਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਭਰੋਸੇ ਦੇ ਵੋਟ ਵਿੱਚ ਮਸਾਂ ਬਚੀ ਹੈ। ਗਾਜ਼ਾ ਵਿੱਚ ਸਿਵਿਲੀਅਨਾਂ ‘ਤੇ ਹਮਲੇ ਜਾਰੀ ਰਹਿਣ ਕਰ ਕੇ ਪੱਛਮ ਵਿੱਚ ਇਜ਼ਰਾਈਲ ਨੂੰ ਹਮਾਇਤ ਘਟਦੀ ਜਾ ਰਹੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਤੋਂ ਬਾਅਦ ਇਰਾਨ ਵਿੱਚ ਸੱਤਾ ਤਬਦੀਲੀ ਦੇ ਆਸਾਰ ਦਾ ਦਾਅਵਾ ਕੀਤਾ। ਸਾਊਦੀ ਅਰਬ ਅਤੇ ਲਿਬਨਾਨ ਦੇ ਰਾਸ਼ਟਰਪਤੀਆਂ ਨੇ ਹਮਲੇ ਦੀ ਫੌਰੀ ਨਿਖੇਧੀ ਕੀਤੀ। ਇਸੇ ਤਰ੍ਹਾਂ ਅਮਰੀਕਾ ਨੇ ਇਜ਼ਰਾਇਲੀ ਹਮਲੇ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕੀਤਾ ਪਰ ਬਹੁਤ ਸਾਰੇ ਅਰਬ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਕੀਤੇ ਬਗ਼ੈਰ ਅਜਿਹਾ ਵਿਆਪਕ ਹਮਲਾ ਕਰਨਾ ਅਸੰਭਵ ਸੀ। ਕੀ ਅਮਰੀਕਾ ਅਤੇ ਇਸ ਦੇ ਸਹਿਯੋਗੀ ਖਾੜੀ ਮੁਲਕ ਆਪ ਸਿਰਫ਼ ‘ਚੰਗੇ ਪੁਲੀਸਕਰਮੀ’ ਬਣ ਕੇ ਖੜ੍ਹੇ ਰਹਿਣ ਤੇ ਇਜ਼ਰਾਈਲ ਨੂੰ ਹਮਲਾ ਕਰਨ ਦੀ ਲੁਕਵੀਂ ਸਹਿਮਤੀ ਦੇਣ ਦੀ ਖੇਡ ਖੇਡ ਰਹੇ ਹਨ?
ਰਾਸ਼ਟਰਪਤੀ ਅਲੀ ਖਮੇਨੀ ਦੇ ਐਕਸ ਅਕਾਊਂਟ ‘ਤੇ ਇਰਾਨ ਦੀ ਪ੍ਰਤੀਕਿਰਿਆ ਆਈ ਹੈ। 13 ਜੂਨ ਨੂੰ ਹਮਲੇ ਤੋਂ ਬਾਅਦ ਉਨ੍ਹਾਂ ਲਿਖਿਆ ਕਿ ”ਇਹ ਅਪਰਾਧ ਕਰ ਕੇ, ਯਹੂਦੀ ਸ਼ਾਸਨ ਨੇ ਆਪਣੇ-ਆਪ ਨੂੰ ਇੱਕ ਤਲਖ਼, ਦੁਖਦਾਈ ਹੋਣੀ ਦੇ ਵੱਸ ਪਾ ਦਿੱਤਾ ਹੈ, ਜੋ ਉਸ ਨੂੰ ਯਕੀਨੀ ਤੌਰ ‘ਤੇ ਭੁਗਤਣੀ ਪਏਗੀ।” ਉਨ੍ਹਾਂ ਕਈ ਫ਼ੌਜੀ ਕਮਾਂਡਰਾਂ ਤੇ ਵਿਗਿਆਨੀਆਂ ਦੀ ਮੌਤ ‘ਤੇ ਸੋਗ ਵੀ ਪ੍ਰਗਟਾਇਆ ਅਤੇ ਕਿਹਾ ਕਿ ਇਜ਼ਰਾਈਲ ਨੇ ਨਾਗਰਿਕ ਖੇਤਰਾਂ ‘ਤੇ ਵੀ ਹਮਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਤਹਿਰਾਨ ਵਿੱਚ ਕਈ ਧਮਾਕੇ ਸੁਣੇ ਗਏ। ਇਸ ਤੋਂ ਪਹਿਲਾਂ 5 ਜੂਨ ਨੂੰ ਉਨ੍ਹਾਂ ਦੋਸ਼ ਲਾਇਆ ਸੀ ਕਿ ”ਯਹੂਦੀ ਸ਼ਾਸਨ ਦੇ ਅਪਰਾਧਾਂ ‘ਚ ਅਮਰੀਕਾ ਪੱਕਾ ਭਾਈਵਾਲ ਹੈ।” ਮਰਨ ਵਾਲਿਆਂ ਵਿੱਚ ਆਈਆਰਜੀਸੀ (ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਕੋਰ) ਦੇ ਕਮਾਂਡਰ ਮੁਹੰਮਦ ਬਾਘੇਰੀ ਵੀ ਸ਼ਾਮਿਲ ਹਨ।
ਇਰਾਨੀ ਪਰਮਾਣੂ ਪ੍ਰੋਗਰਾਮ ਨੂੰ ਹੋਏ ਨੁਕਸਾਨ ਦਾ ਪੂਰੀ ਤਰ੍ਹਾਂ ਪਤਾ ਲੱਗਣ ਵਿੱਚ ਅਜੇ ਸਮਾਂ ਲੱਗੇਗਾ। ਇਰਾਨ ਨੇ ਆਪਣੀਆਂ ਯੂਰੇਨੀਅਮ ਸੋਧ ਇਕਾਈਆਂ ਪਹਾੜਾਂ ਵਿੱਚ ਜਾਂ ਜ਼ਮੀਨ ‘ਚ ਕਾਫ਼ੀ ਡੂੰਘੀਆਂ ਬਣਾਈਆਂ ਹੋਈਆਂ ਹਨ। ਸਿਰਫ਼ ਅਮਰੀਕਾ ਕੋਲ ਹੀ ਅਜਿਹੇ ਬੰਬ ਹਨ ਜੋ ਅਜਿਹੇ ਟਿਕਾਣਿਆਂ ਤੱਕ ਪਹੁੰਚ ਸਕਦੇ ਹਨ। ਕੀ ਅਮਰੀਕਾ ਨੇ ਇਹ ਇਜ਼ਰਾਈਲ ਨੂੰ ਉਪਲਬਧ ਕਰਵਾਏ ਹਨ? ਜੇਕਰ ਅਜਿਹਾ ਹੈ ਤਾਂ ਕੀ ਇਰਾਨ ਆਪਣੀ ਪਹਿਲਾਂ ਦਿੱਤੀ ਚਿਤਾਵਨੀ ‘ਤੇ ਕਾਰਵਾਈ ਕਰੇਗਾ ਅਤੇ ਖਾੜੀ ਮੁਲਕਾਂ ਜਾਂ ਪੱਛਮੀ ਏਸ਼ੀਆ ਵਿੱਚ ਅਮਰੀਕੀ ਫ਼ੌਜ ਜਾਂ ਇਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ?
ਭਾਰਤ ਸਾਹਮਣੇ ਕਈ ਖ਼ਦਸ਼ੇ ਤੇ ਸਬਕ ਹਨ। ਪਹਿਲਾ, ਖਾੜੀ ਖੇਤਰ ਵਿੱਚ ਟਕਰਾਅ ‘ਚ ਕੋਈ ਵੀ ਵਾਧਾ ਭਾਰਤੀ ਵਪਾਰ, ਊਰਜਾ ਸੁਰੱਖਿਆ ਅਤੇ ਭਾਰਤੀ ਪਰਵਾਸੀਆਂ ਲਈ ਖ਼ਤਰਾ ਹੈ। ਇਸ ਨਾਲ ਵੱਡੇ ਪੱਧਰ ‘ਤੇ ਆਰਥਿਕ ਤੇ ਮਾਨਵੀ ਵਿਘਨ ਪੈ ਸਕਦਾ ਹੈ। ਦੂਜਾ, ਭੂ-ਸਿਆਸੀ ਪਹਿਲੂ ਹੈ। ਭਾਰਤ ਦੇ ਵਿਰੋਧ ਦੇ ਬਾਵਜੂਦ, ਅਮਰੀਕਾ ਵੱਲੋਂ ਪਾਕਿਸਤਾਨ ਨਾਲ ਦਿਖਾਈ ਨੇੜਤਾ, ਜਿਸ ‘ਚ ਵਿੱਤੀ ਸਹਾਇਤਾ ਤੇ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਫ਼ੌਜੀ ਪਰੇਡ ‘ਚ ਬੁਲਾਇਆ ਜਾਣਾ ਸ਼ਾਮਲ ਹੈ, ਨੂੰ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ। ਅਮਰੀਕਾ, ਇਜ਼ਰਾਈਲ ਤੇ ਖਾੜੀ ਵਿਚਲੇ ਅਮਰੀਕਾ ਦੇ ਸਾਥੀ ਮੁਲਕ ਇਰਾਨੀ ਪਰਮਾਣੂ ਪ੍ਰੋਗਰਾਮ ਬਾਰੇ ਫ਼ਿਕਰਮੰਦ ਰਹਿੰਦੇ ਹਨ। ਦੱਖਣੀ ਏਸ਼ੀਆ ਪ੍ਰਤੀ ਉਨ੍ਹਾਂ ਦੀ ਪਹੁੰਚ ਵੀ ਇਸ ਤੋਂ ਪ੍ਰਭਾਵਿਤ ਹੈ। ਪਾਕਿਸਤਾਨ ਨੂੰ ਇਰਾਨੀ ਸ਼ੀਆ ਸ਼ਾਸਨ ਵਿਰੁੱਧ ਇੱਕ ਮਹੱਤਵਪੂਰਨ ਤੇ ਬਰਾਬਰ ਦੇ ਸੁੰਨੀ ਵਿਰੋਧੀ ਵਜੋਂ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਸ਼ਸ਼ੀ ਥਰੂਰ ਦੀ ਅਗਵਾਈ ਵਾਲਾ ਬਹੁ-ਪਾਰਟੀ ਵਫ਼ਦ ਘਰੇਲੂ ਸਿਆਸੀ ਨਜ਼ਰੀਏ ਤੋਂ ਬਹੁਤ ਵਧੀਆ ਹੋ ਸਕਦਾ ਹੈ, ਪਰ ਇਹ ਅਮਰੀਕਾ ਨਾਲ ਜੁੜੇ ਭੂ-ਸਿਆਸੀ ਖ਼ਦਸ਼ਿਆਂ ਜਿੰਨਾ ਮਹੱਤਵਪੂਰਨ ਨਹੀਂ ਹੈ।
ਇਰਾਨ ਨੂੰ ਚੀਨ-ਰੂਸ ਧੜੇ ਨਾਲ ਵੀ ਜੁੜਦੇ ਹੋਏ
ਦੇਖਿਆ ਜਾ ਰਿਹਾ ਹੈ, ਇਸ ਲਈ ਇਸ ਨੂੰ ਕਾਬੂ ਕਰਨ ਦੀ ਲੋੜ ਹੈ। ਇਹ ਰੂਸ ਨੂੰ ਯੂਕਰੇਨ ਜੰਗ ਲਈ ਡਰੋਨ ਸਪਲਾਈ ਕਰ ਰਿਹਾ ਹੈ। ਚੀਨ ਇਰਾਨੀ ਊਰਜਾ ਦੀ ਖਰੀਦ ‘ਤੇ ਏਕਾਧਿਕਾਰ ਕਾਇਮ ਕਰ ਕੇ ਤੇ ਆਪਣੇ ਸਾਜ਼ੋ-ਸਾਮਾਨ ਨੂੰ ਇਰਾਨੀ ਬਾਜ਼ਾਰ ‘ਤੇ ਹਾਵੀ ਹੁੰਦਾ ਦੇਖ ਕੇ ਖ਼ੁਸ਼ ਹੈ।
ਹਾਲਾਂਕਿ, ਇਰਾਨ ਕੋਈ ਸੀਰੀਆ ਜਾਂ ਇਰਾਕ ਨਹੀਂ। ਇਸ ਦੀ 9.2 ਕਰੋੜ ਦੀ ਆਬਾਦੀ ਅਤੇ 550 ਈਸਾ ਪੂਰਵ ਦਾ ਫਾਰਸ ਸਾਮਰਾਜ ਦਾ ਮਾਣਮੱਤਾ ਇਤਿਹਾਸ ਇਸ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਂਦਾ ਹੈ। ਜ਼ਿਆਦਾ ਹਰਮਨਪਿਆਰਾ ਨਾ ਹੋਣ ਦੇ ਬਾਵਜੂਦ ਇਰਾਨੀਆਂ ਦੀ ਇਤਿਹਾਸਕ ਸ਼ਾਨ ਤੇ ਸ਼ੀਆ ਧਾਰਮਿਕ ਵਚਨਬੱਧਤਾ ਉਨ੍ਹਾਂ ਨੂੰ ਦੇਸ਼ ਦੇ ਸ਼ਾਸਨ ਦੇ ਪਿੱਛੇ ਇਕਜੁੱਟ ਕਰੇਗੀ। ਇਰਾਨੀ ਰਾਜਨੀਤਕ ਤੌਰ ‘ਤੇ ਚੁਸਤ ਹਨ ਅਤੇ ਟਕਰਾਅ ਨੂੰ ਵਧਾਉਣ ਤੇ ਅਮਰੀਕਾ ਨੂੰ ਇਸ ਵਿੱਚ ਸ਼ਾਮਿਲ ਕਰਨ ਤੋਂ ਬਚ ਸਕਦੇ ਹਨ। ਉਹ ਜਾਣਦੇ ਹਨ ਕਿ ਟਰੰਪ ਖ਼ਿੱਤੇ ਵਿੱਚ ਇੱਕ ਹੋਰ ਫ਼ੌਜੀ ਟਕਰਾਅ ‘ਚ ਸ਼ਾਮਿਲ ਹੋਣ ਤੋਂ ਡਰਦਾ ਹੈ।
ਇਰਾਨ ਰੂਸ ਅਤੇ ਚੀਨ ਨਾਲ ਸਲਾਹ ਮਸ਼ਵਰਾ ਕਰੇਗਾ। ਘਰੇਲੂ ਸੰਮਤੀ ਤੇ ਕੌਮਾਂਤਰੀ ਵੱਕਾਰ ਕਾਇਮ ਰੱਖਣ ਲਈ ਉਸ ਨੇ ਪਹਿਲਾਂ ਹੀ ਡਰੋਨਾਂ ਨਾਲ ਜਵਾਬੀ ਕਾਰਵਾਈ ਕਰ ਦਿੱਤੀ ਹੈ ਪਰ ਇਰਾਨ ਨੂੰ ਇਹ ਸਾਬਿਤ ਕਰਨ ਦੀ ਲੋੜ ਹੋਵੇਗੀ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਬਰਕਰਾਰ ਹੈ।
ਇਸ ਤਰ੍ਹਾਂ ਉਨ੍ਹਾਂ ਕੋਲ ਹੁਣ ਪਰਮਾਣੂ ਬੰਦਿਸ਼ਾਂ ਨੂੰ ਪਾਰ ਕਰਨ ਅਤੇ ਇੱਥੋਂ ਤੱਕ ਕਿ ਪਰਮਾਣੂ ਉਪਕਰਨ ਨੂੰ ਪਰਖਣ ਦਾ ਮੌਕਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀ ‘ਚ ਸੰਨ੍ਹ ਲਾ ਕੇ ਉਸ ਨੂੰ ਰੋਕਣਾ ਤਾਂ ਲਗਭਗ ਅਸੰਭਵ ਹੀ ਹੈ। ਅਮਰੀਕਾ ਇਜ਼ਰਾਈਲ ਨੂੰ ਰੋਕਣ ਲਈ ਪ੍ਰਤੱਖ ਕਦਮ ਚੁੱਕ ਸਕਦਾ ਹੈ ਤੇ ਇਰਾਨ ਨਾਲ ਪਰਮਾਣੂ ਗੱਲਬਾਤ ਵੀ ਜਾਰੀ ਰੱਖ ਸਕਦਾ ਹੈ। ਟਕਰਾਅ ਨੂੰ ਸੀਮਤ ਕਰਨ ਦਾ ਰਸਤਾ ਬਹੁਤ ਤੰਗ ਹੈ।

Related Articles

Latest Articles