ਮੁੱਕੇ ਦੂਰ-ਦੁਰੇਡੇ ਪੈਂਡੇ ਹੁਣ ਨਾ ਗੱਲਾਂ ਠਹਿਰਦੀਆਂ ।
ਪੁਰਹੀਰਾਂ ‘ਚੋਂ ਹੋ ਕੇ ਲੰਘਣ ਬੱਸਾਂ ਦਿੱਲੀ ਸ਼ਹਿਰ ਦੀਆਂ ।
ਮਹਿਫ਼ਲ ਅੰਦਰ ਮੈਂ ਹੀ ਅਪਣਾ ਚਿਹਰਾ ਲੈ ਕੇ ਆਇਆ ਸੀ ,
ਫੇਰ ਕਿਵੇਂ ਲੋਕਾਂ ਦੀਆਂ ਨਜ਼ਰਾਂ ਮੇਰੇ ਉੱਪਰ ਠਹਿਰਦੀਆਂ ?
ਕਹਿੰਦੇ ਨੇ ਸਰਕਾਰੀ ਸੂਤਰ ਦੋ ਮੌਤਾਂ ‘ਤੇ ਛੇ ਫ਼ੱਟੜ,
ਬਾਕੀ ਸਭ ਅਫ਼ਵਾਹਾਂ ਸਮਝੋ ਵਾਪਰ ਚੁੱਕੇ ਕਹਿਰ ਦੀਆਂ !
ਅਹਿਸਾਸਾਂ ਦੀ ਬਸਤੀ ਅੰਦਰ ਫਿਰ ਵੀ ਘੋਰ ਹਨੇਰਾ ਹੈ ,
ਭਾਵੇਂ ਸਿਰ ‘ਤੇ ਆ ਗਈਆਂ ਹਨ ਧੁੱਪਾਂ ਸਿਖਰ ਦੁਪਹਿਰ ਦੀਆਂ ।
ਉਹਨਾਂ ਭਾਣੇ ਪਿੰਡ ਜਿਵੇਂ ਕਿ ਹੁੰਦੇ ਹੀ ਨਾ ਧਰਤੀ ‘ਤੇ ,
ਅਖ਼ਬਾਰਾਂ ਵਿਚ ਖ਼ਬਰਾਂ ਅੱਜਕੱਲ੍ਹ ਸ਼ਹਿਰ ਦੀਆਂ ਹੀ ਸ਼ਹਿਰ ਦੀਆਂ ।
ਹਰ ਬਸਤੀ, ਹਰ ਨਗਰੀ ਅੰਦਰ ਟਹਿਲਦੀਆਂ ਜੋ ਸ਼ਾਮ ਢਲੇ ,
ਪੁੱਛਦੇ ਨੇ ਉਸਤਾਦ ਅਸਾਂ ਤੋਂ ਗ਼ਜ਼ਲਾਂ ਕਿਹੜੀ ਬਹਿਰ ਦੀਆਂ ?
ਗੁਲਸ਼ਨ ਵਿਚ ‘ਇਕਵਿੰਦਰ’ ਸਦਕੇ ਰੌਣਕ ਸੀ ਤੇ ਖੇੜਾ ਸੀ,
ਉਸਦੇ ਬਾਝੋਂ ਫੁਲ-ਪੱਤੀਆਂ ਵਿਚ ਖੁਸ਼ਬੂਆਂ ਨਾ ਠਹਿਰਦੀਆਂ ।
ਇਹਨਾਂ ਨੂੰ ਜੇ ਹੱਕ ਨਹੀਂ ਚੂਲੀ ਭਰ ਦਾ ‘ਇਕਵਿੰਦਰ’,
ਖੇਤਾਂ ਨੂੰ ਫਿਰ ਕੀ ਨਿੱਘਾਂ ਹਨ ਭਰ-ਭਰ ਵਗਦੀ ਨਹਿਰ ਦੀਆਂ ?
ਲੇਖਕ : ਇਕਵਿੰਦਰ ਸਿੰਘ ਢੱਟ