ਢਾਕਾ : ਬੰਗਲਾਦੇਸ਼ ‘ਚ ਰਾਖਵੇਂਕਰਨ ਵਿਰੁੱਧ ਹਿੰਸਾ ਅਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦੀ ਇੱਕ ਟੀਮ ਬੰਗਲਾਦੇਸ਼ ਦਾ ਦੌਰਾ ਕਰੇਗੀ। ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਸੂਚਨਾ ‘ਚ ਦੱਸਿਆ ਗਿਆ ਕਿ ਬੰਗਲਾਦੇਸ਼ ‘ਚ ਹਿੰਸਾ ਦੇ ਸੰਦਰਭ ‘ਚ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦੀ ਜਾਂਚ ਲਈ ਇਕ ਟੀਮ ਜਲਦ ਹੀ ਬੰਗਲਾਦੇਸ਼ ਦਾ ਦੌਰਾ ਕਰੇਗੀ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ‘ਐਕਸ’ ‘ਤੇ ਲਿਖਿਆ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਵੋਲਕਰ ਤੁਰਕ ਨੇ ਬੁੱਧਵਾਰ ਨੂੰ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਨਾਲ ਫੋਨ ‘ਤੇ ਗੱਲ ਕੀਤੀ। ਵੋਲਕਰ ਨੇ ਯੂਨਸ ਨੂੰ ਫ਼ੋਨ ‘ਤੇ ਕਿਹਾ, ਸੰਯੁਕਤ ਰਾਸ਼ਟਰ ਦੀ ਇੱਕ ਟੀਮ (ਹੱਤਿਆਵਾਂ) ਦੀ ਜਾਂਚ ਲਈ ਦੇਸ਼ ਦਾ ਦੌਰਾ ਕਰੇਗੀ।
ਪਿਛਲੇ ਹਫਤੇ ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫਾ ਦੇਣ ਅਤੇ ਭਾਰਤ ਚਲੇ ਜਾਣ ਤੋਂ ਬਾਅਦ ਬੰਗਲਾਦੇਸ਼ ਵਿਚ ਅਰਾਜਕਤਾ ਫੈਲ ਗਈ ਸੀ, ਜਿਸ ਤੋਂ ਬਾਅਦ ਫੌਜ ਨੇ 5 ਅਗਸਤ ਨੂੰ ਸੱਤਾ ਸੰਭਾਲੀ ਸੀ। ਇਸ ਤੋਂ ਪਹਿਲਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਸਨ।
ਯੂਨਸ, ਜਿਨ੍ਹਾਂ ਨੇ 8 ਅਗਸਤ ਨੂੰ ਮੁੱਖ ਸਲਾਹਕਾਰ ਵਜੋਂ ਸਹੁੰ ਚੁੱਕੀ ਸੀ, ਨੇ ‘ਐਕਸ’ ‘ਤੇ ਇਕ ਪੋਸਟ ਵਿਚ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਕਿਹਾ ਕਿ ਵਿਦਿਆਰਥੀ ਕ੍ਰਾਂਤੀ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦੀ ਜਾਂਚ ਲਈ ਬਹੁਤ ਜਲਦੀ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਜਾਂਚ ਸ਼ੁਰੂ ਕੀਤੀ ਜਾਵੇਗੀ।