ਜਦ ਬੰਦੇ ਦੀ ਹਿੰਮਤ ਅੱਗੇ, ਹਰ ਜਾਂਦਾ ਏ ਪਾਣੀ ।
ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ, ਕਰ ਜਾਂਦਾ ਏ ਪਾਣੀ ।
ਇਸ ਤੋਂ ਵੱਧ ਹਸਾਸ ਕੋਈ ਸ਼ੈ, ਦੁਨੀਆਂ ਵਿਚ ਨਹੀਂ ਵੇਖੀ,
ਧੁੱਪੇ ਤਪ ਜਾਂਦਾ ਏ ਛਾਵੇਂ, ਠਰ ਜਾਂਦਾ ਏ ਪਾਣੀ ।
ਐਨਾ ਕੀ, ਸਭ ਕੌਮ ਦੀ ਗ਼ੈਰਤ, ਦਾਅ ਉੱਤੇ ਲਾ ਦੇਵੇ,
ਜਿਸ ਬੇਗ਼ੈਰਤ ਦੀ ਅੱਖ ਵਿਚੋਂ ਮਰ ਜਾਂਦਾ ਏ ਪਾਣੀ ।
ਧਰਤੀ ਦਾ ਦਿਲ ਡੋਲੇ ਖਾਂਦਾ ਅਰਸ਼ ਅਜ਼ੀਮ ਵੀ ਹਿੱਲਦਾ,
ਜਦ ਮਜ਼ਲੂਮਾਂ ਦੀ ਅੱਖ ਅੰਦਰ ਤਰ ਜਾਂਦਾ ਏ ਪਾਣੀ ।
ਆਪਣੀ ਫ਼ਿਤਰਤ ਕਦੇ ਨਾ ਬਦਲੇ ਇਹ ਖ਼ਾਸੀਅਤ ਇਹਦੀ,
ਭਾਵੇਂ ਪੱਥਰ ਕਰ ਲਉ ਓੜਕ ਖਰ ਜਾਂਦਾ ਏ ਪਾਣੀ ।
ਗੁੱਸੇ ਦੇ ਵਿਚ ਆਵੇ ਤੇ ਇਹ ਵਸਦੇ ਸ਼ਹਿਰ ਉਜਾੜੇ,
ਨਹੀਂ ਤੇ ਰੋਜ਼ ਵਸਾ ਕੇ ਲੱਖਾਂ ਘਰ ਜਾਂਦਾ ਏ ਪਾਣੀ ।
ਕਤਰੇ ਕਤਰੇ ਅੰਦਰ ‘ਸ਼ੈਦਾ’ ਚਾਨਣ ਤੇ ਹਰਿਆਲੀ,
ਜ਼ੱਰੇ-ਜ਼ੱਰੇ ਦੇ ਵਿਚ ਅਮ੍ਰਿਤ ਭਰ ਜਾਂਦਾ ਏ ਪਾਣੀ ।
ਲੇਖਕ : ਇਕਬਾਲ ਸ਼ੈਦਾ