ਲੱਗਦੈ ਸ਼ਹਾਦਤਾਂ ਨੂੰ ਸੰਨ੍ਹ ਕੋਈ ਲਗਾ ਰਿਹੈ
ਹੀਰੇ ਕੋਹਿਨੂਰ ਦੇ ਖਜ਼ਾਨੇ ਨੂੰ ਚੁਰਾ ਰਿਹੈ
ਅਹਿਸਾਨ ਫਰਾਮੋਸ਼ ਜਿਹੜਾ ਸਕੀ ਮਾਂ ਦਾ ਨ੍ਹੀਂ ਬਣਿਆ
ਸੋਹਲੇ ਨਾ- ਸ਼ੁਕਰਾ ਵਿਦੇਸ਼ੀਆਂ ਦੇ ਗਾ ਰਿਹੈ
ਇੱਕ ਲੈਂਦਾ ਬਦਲਾ ਹੈ ਜਾ ਕੇ ਇੱਕੀ ਸਾਲ ਪਿੱਛੋਂ
ਇੱਕ ਜੋ ਸਰੋਪੇ ਗਲ਼ ਕਾਤਲਾਂ ਦੇ ਪਾ ਰਿਹੈ
ਲੱਖ ਰਾਹੂ ਕੇਤੁ ਰਲ਼ ਘੇਰ ਲੈਣ ਸੂਰਜਾਂ ਨੂੰ
ਚੀਰ ਬ੍ਰਹਿਮੰਡ ਸੇਕ ਧਰਤੀ ਤਪਾ ਰਿਹੈ
ਗੰਗਾ ਤਾਈਂ ਉਲਟੀ ਪਹੋਏ ਨੂੰ ਵਹਾਉਂਦੈ ਕੋਈ
ਦਾੜ੍ਹੀਆਂ ‘ਚ ਫੁੱਲ ਉਹ ਬਡਾਰੂਆਂ ਦੇ ਪਾ ਰਿਹੈ
ਖੂਨ ਨਾਲ ਸਿੰਜਿਆ ਆਜ਼ਾਦੀ ਵਾਲੇ ਬੂਟੇ ਨੂੰ
ਉਨ੍ਹਾਂ ਹੀ ਸ਼ਹੀਦਾਂ ਦੇ ਕੋਈ ਖੂਨ ‘ਚ ਨਹਾ ਰਿਹੈ
ਧਰਤੀ ਦਾ ਜ਼ੱਰਾ ਜ਼ੱਰਾ ਰਿਣੀ ਕੁਰਬਾਨੀਆਂ ਦਾ
ਬੇਸ਼ੱਕ ਗੀਤ ਕੋਈ ਹਨੇਰਿਆਂ ਦੇ ਗਾ ਰਿਹੈ
ਪੜ੍ਹਿਆ ਨ੍ਹੀਂ ਜਾਣਿਆ ਨ੍ਹੀਂ ਉੱਚੇ ਵਿਚਾਰਾਂ ਨੂੰ
ਮਾਰ ਤੀਰ ਕੱਦੂ ‘ਚ ਭੁਲੇਖੇ ਕੋਈ ਪਾ ਰਿਹੈ
ਪੰਨੇ ਇਤਿਹਾਸ ਦੇ ਸੁਨਹਿਰੀ ਲਿਖੇ ਖੂਨ ਨਾਲ
ਅਫ਼ਸੋਸ! ਉਸੇ ਖੂਨ ਨੂੰ ਕੋਈ ਪਾਣੀ ਦਰਸਾਅ ਰਿਹੈ
ਦਸਤਾਰ, ਰਫ਼ਤਾਰ, ਗੁਫ਼ਤਾਰ ਤੋਂ ਪਛਾਣ ਹੁੰਦੈ
ਬੰਦਾ ਪਿੱਛੋਂ ਕਿਹੜੇ ਖਾਨਦਾਨ ਵਿੱਚੋਂ ਆ ਰਿਹੈ
ਹੁੰਦੇ ਨੇ ਸ਼ਹੀਦ ਸਰਮਾਇਆ ਦੇਸ਼ ਕੌਮ ਦਾ
ਜਾਣ ਕੇ ਸ਼ਹੀਦਾਂ ਵਿੱਚ ਵੰਡੀਆਂ ਕੋਈ ਪਾ ਰਿਹੈ
ਲੱਗਦੈ ਹੈ ਬੰਦਾ ਜਦੋਂ ਸੁੱਧ ਬੁੱਧ ਖੋ ਬੈਠੇ
ਆਪ ਨਹੀਂ ਉਹ ਬੋਲਦਾ ਕੋਈ ਪਿੱਛਿਓਂ ਬੁਲਾ ਰਿਹੈ
ਸੱਚ ਤਾਈਂ ਜਾਣਦੈ ਤੇ ਸੱਚ ਨੂੰ ਪਛਾਣਦੈ
ਸਾਰਾ ਹੀ ਅਵਾਮ ਕੁਰਬਾਨੀਆਂ ਨੂੰ ਗਾ ਰਿਹੈ
ਜੌਹਰੀ ਪੁੱਤ ਕਰਦਾ ਵਣਜ ਸਦਾ ਹੀਰਿਆਂ ਦਾ
‘ਸੇਖੋਂ’ ਅਣਜਾਣ ਹੱਥ ਕੌਡੀਆਂ ਨੂੰ ਪਾ ਰਿਹੈ
ਲੇਖਕ : ਜਗਜੀਤ ਸੇਖੋਂ
ਸੰਪਰਕ: +61431157590