Saturday, May 9, 2026

ਓਂਟਾਰੀਓ ਪੁਲਿਸ ਵਲੋਂ 25 ਮਿਲੀਅਨ ਡਾਲਰ ਦੀਆਂ 306 ਚੋਰੀ ਦੀਆਂ ਗੱਡੀਆਂ ਬਰਾਮਦ

134 ਦੋਸ਼ਾਂ ਹੇਠ 20 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, 2023 ਵਿੱਚ 30,000 ਤੋਂ ਵੱਧ ਗੱਡੀਆਂ ਹਈਆਂ ਸਨ ਚੋਰੀ
ਸਰੀ, (ਦਿਵਰੂਪ ਕੌਰ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਨੇ ਇੱਕ ਗਿਰੋਹ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 306 ਚੋਰੀ ਵਾਲੀਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 25 ਮਿਲੀਅਨ ਡਾਲਰ ਹੈ। ਇਹ ਗੱਡੀਆਂ ਵਿਦੇਸ਼ਾਂ, ਖਾਸ ਕਰਕੇ ਮੱਧ ਪੂਰਬ ਤੇ ਪੱਛਮੀ ਅਫਰੀਕਾ ਵਿੱਚ ਭੇਜੀਆਂ ਜਾ ਰਹੀਆਂ ਸਨ। ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਤੋਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੇ ਕੁੱਲ 134 ਦੋਸ਼ ਲਗਾਏ ਗਏ ਹਨ।
ਪ੍ਰੋਜੈਕਟ ਚਿਕਾਡੀ ਨਾਂ ਦੀ ਇਹ ਜਾਂਚ ਅਗਸਤ 2023 ਵਿੱਚ ਸ਼ੁਰੂ ਹੋਈ ਸੀ, ਜਦੋਂ ਗ੍ਰੇਟਰ ਟੋਰਾਂਟੋ ਏਰੀਆ ਤੋਂ ਚਾਰ ਚੋਰੀ ਵਾਲੀਆਂ ਗੱਡੀਆਂ ਬਰਾਮਦ ਹੋਈਆਂ ਸਨ। ਪੁਲਿਸ ਨੂੰ ਸਬੂਤ ਮਿਲੇ ਕਿ ਫ੍ਰੇਟ ਫਾਰਵਰਡਿੰਗ ਕੰਪਨੀਆਂ ਤੇ ਡ੍ਰਾਈਵਰ ਰਜਿਸਟਰਡ ਕਾਰੋਬਾਰਾਂ ਤੇ ਜਾਅਲੀ ਦਸਤਾਵੇਜ਼ਾਂ ਨਾਲ ਚੋਰੀ ਗੱਡੀਆਂ ਨੂੰ ਯੂਏਈ, ਸੀਰੀਆ, ਇਰਾਕ, ਟਰਕੀ, ਮਿਸਰ, ਲੈਬਨਾਨ ਤੇ ਪੱਛਮੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਭੇਜ ਰਹੇ ਸਨ, ਜਿੱਥੇ ਉੱਚ ਪੱਧਰੀ ਐੱਸਯੂਵੀ ਤੇ ਲਗਜ਼ਰੀ ਗੱਡੀਆਂ ਦੀ ਵੱਡੀ ਮੰਗ ਹੈ।
ਓਪੀਪੀ ਕਮਿਸ਼ਨਰ ਥੌਮਸ ਕੈਰਿਕ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਓਂਟਾਰੀਓ ਵਿੱਚ ਆਟੋ ਥੈਫਟ ਵਿੱਚ ਭਾਰੀ ਵਾਧਾ ਹੋਇਆ ਹੈ। 2020 ਵਿੱਚ ਲਗਭਗ 17,000 ਗੱਡੀਆਂ ਚੋਰੀ ਹੋਈਆਂ ਸਨ, ਜੋ 2023 ਵਿੱਚ ਵਧ ਕੇ 30,000 ਤੋਂ ਵੱਧ ਹੋ ਗਈਆਂ। “ਆਟੋ ਥੈਫਟ ਨਾਲ ਕੈਨੇਡੀਅਨਾਂ ਨੂੰ ਸਾਲਾਨਾ 1 ਅਰਬ ਡਾਲਰ ਤੋਂ ਵੱਧ ਦਾ ਇੰਸ਼ੋਰੈਂਸ ਨੁਕਸਾਨ ਹੋ ਰਿਹਾ ਹੈ। ਸੰਗਠਿਤ ਅਪਰਾਧ ਇਸ ਨੂੰ ਘੱਟ ਜੋਖਮ ਵਾਲਾ ਤੇ ਵੱਡਾ ਮੁਨਾਫਾ ਵਾਲਾ ਕਾਰੋਬਾਰ ਮੰਨਦਾ ਹੈ।”
ਜਾਂਚ ਵਿੱਚ ਆਰਸੀਐੱਮਪੀ, ਓਂਟਾਰੀਓ ਦੀਆਂ ਲੋਕਲ ਪੁਲਿਸ ਫੋਰਸਾਂ, ਸੁਰੇਤੇ ਡੂ ਕਿਊਬੈੱਕ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਏਕਵਿਟੇ ਐਸੋਸੀਏਸ਼ਨ ਨੇ ਸਹਿਯੋਗ ਕੀਤਾ। ਸ਼ਿਪਿੰਗ ਕੰਟੇਨਰਾਂ ਨੂੰ ਮਾਂਟ੍ਰੀਆਲ, ਵੈਨਕੂਵਰ ਤੇ ਹੈਲੀਫੈਕਸ ਪੋਰਟਾਂ ਤੇ ਜਾਂਚਿਆ ਗਿਆ।
16 ਅਕਤੂਬਰ ਨੂੰ ਟੋਰਾਂਟੋ ਤੇ ਵਾਘਨ ਵਿੱਚ ਚਾਰ ਸਰਚ ਵਾਰੰਟ ਨਾਲ 30,000 ਡਾਲਰ ਨਕਦ, ਇੱਕ ਰੀ-ਵਿਨਡ ਗੱਡੀ, ਕੀ ਪ੍ਰੋਗ੍ਰਾਮਰ ਤੇ ਕਈ ਲਾਈਸੈਂਸ ਪਲੇਟਾਂ ਬਰਾਮਦ ਹੋਈਆਂ। 27 ਨਵੰਬਰ ਨੂੰ 23 ਥਾਵਾਂ ਤੇ ਸਰਚ ਵਾਰੰਟ ਨਾਲ ਤਿੰਨ ਹਥਿਆਰ, ਓਨਬੋਰਡ ਡਾਇਗਨੌਸਟਿਕ ਰੀਡਰ, ਕੀ ਫੌਬਜ਼, ਸ਼ਿਪਿੰਗ ਦਸਤਾਵੇਜ਼, ਨਕਦ, ਫੋਰਕਲਿਫਟ ਤੇ ਟ੍ਰੈਕਟਰ-ਟ੍ਰੇਲਰ ਵਰਗੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ।
ਗ੍ਰਿਫ਼ਤਾਰ 20 ਵਿਅਕਤੀਆਂ ਤੇ ਅਪਰਾਧੀ ਸੰਗਠਨ ਵਿੱਚ ਹਿੱਸਾ ਲੈਣ, ਪ੍ਰੌਪਰਟੀ ਟ੍ਰੈਫਿਕਿੰਗ ਤੇ ਆਟੋ ਥੈਫਟ ਨਾਲ ਜੁੜੇ ਦੋਸ਼ ਲਗਾਏ ਗਏ ਹਨ। ਇਹ ਜਾਂਚ ਓਂਟਾਰੀਓ ਵਿੱਚ ਵਧਦੀਆਂ ਗੱਡੀ ਚੋਰੀਆਂ ਵਿਰੁੱਧ ਵੱਡੀ ਜਿੱਤ ਮੰਨੀ ਜਾ ਰਹੀ ਹੈ। This report was written by Divroop Kaur as part of the Local Journalism Initiative.

Popular