ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਜੇਠ ਹਾੜ੍ਹ ਦੇ ਦਿਨਾਂ ‘ਚ ਜਿਉਂ ਹੀ ਬਿਜਲੀ ਦਾ ਕੱਟ ਲੱਗਿਆ ਤਾਂ ਪਿੰਡ ਦੇ ਲੋਕ ਸੱਥ ‘ਚ ਜੁੜਣੇ ਸ਼ੁਰੂ ਹੋ ਗਏ। ਨਾਥਾ ਅਮਲੀ ਬਿਜਲੀ ਵਾਲਿਆਂ ਨੂੰ ਡੋਕੇ ਦਿੰਦਾ ਸੱਥ ‘ਚ ਆ ਕੇ ਪਰਨੇ ਨਾਲ ਆਪਣੇ ਆਪ ਨੂੰ ਹਵਾ ਝੱਲੀ ਜਾਂਦੇ ਬਾਬੇ ਕਰਨੈਲ ਸਿਉਂ ਨੂੰ ਕਹਿੰਦਾ, ”ਬਿਜਲੀ ਤਾਂ ਬਾਬਾ ਹਜੇ ਘੱਟ ਤੰਗ ਕਰਦੀ ਐ, ਆਹ ਜਿਹੜੇ ਬਿਜਲੀ ਘਰ ‘ਚ ਬੈਠੇ ਐ ਨਾਹ ਬਿਜਲੀ ਆਲੇ, ਇਹ ਪਤੰਦਰ ਉਦੋਂ ਕੱਟ ਮਾਰਨਗੇ ਜਦੋਂ ਕਿਸੇ ਦੇ ਮਰਗ ਦਾ ਭੋਗ ਹੋਊ ਜਾਂ ਵਿਆਹ ਵੂਹ ਹੁੰਦਾ ਬਈ ਕੋਈ ਚੱਜ ਨਾਲ ਕੁਸ ਕਰ ਨਾ ਲਵੇ। ‘ਨੰਦ ਕਾਰਜ ਹੁੰਦਿਆਂ ਤੋਂ ਅੱਧ ਵਚਾਲਿਉਂ ਈਂ ਸਪੀਕਰ ਬੋਲਣੋਂ ਹਟ ਜਾਂਦਾ ਫਿਰ। ਇਹ ਬਿਜਲੀ ਆਲੇ ਨਿਗ੍ਹਾ ਰੱਖਦੇ ਐ ਬਈ ਕੀਹਦੇ ਵਿਆਹ ਮੰਗਣਾ। ਜਦੋਂ ਇਹੋ ਜਾ ਕੋਈ ਦਿਨ ਆ ਜਾਂਦਾ ਉਦੋਂ ਇਹ ਵੀ ਮਹਾਂ ਦੇ ਆਟੇ ਦੇ ਸ਼ੀਂਹ ਬਣ ਜਾਂਦੇ ਐ।”
ਸੀਤਾ ਮਰਾਸੀ ਕਹਿੰਦਾ, ”ਅਮਲੀਆ ਤੈਂ ਕਿਉਂ ਬਿਜਲੀ ਆਲਿਆਂ ‘ਤੇ ਤਵਾ ਧਰਿਆ ਬਈ। ਸੋਡੇ ਕੀਹਦੀ ਰੋਪਣਾ ਪੈਂਦੀ ਐ?”
ਅਮਲੀ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਉੱਖੜੀ ਕੁਹਾੜੀ ਵਾਂਗੂੰ ਭੱਜ ਕੇ ਪੈ ਗਿਆ, ”ਹੋਰ ਤਾਂ ਤੇਰੇ ਮੁੰਡੇ ਨੂੰ ਈਂ ਕਾਨਿਆਂ ਆਲੀਏ ਆਲੇ ਸਰਦਾਰ ਸਗਨ ਕਰਨ ਆਏ ਐ। ਸਾਲਾ ਚਿੱਬੇ ਨਾਸਾ ਜਾ ਨਾ ਹੋਵੇ ਤਾਂ।”
ਤਾਰਾ ਮਾਸਟਰ ਕਹਿੰਦਾ, ”ਅਮਲੀਆ! ਇਹਦੇ ‘ਚ ਬਿਜਲੀ ਆਲਿਆਂ ਦਾ ਕੀ ਕਸੂਰ ਬਈ। ਇਹ ਤਾਂ ਗਰਮੀਉਂ ਈਂ ਬਾਹਲ਼ੀ ਐ। ਜਦੋਂ ਬਿਜਲੀ ਘਰ ‘ਤੇ ਲੋਡ੍ਹ ਪੈਂਦਾ ਜਿਹੜੇ ਵੱਡੇ ਟਰਾਂਸਫਾਰਮਰ ਐ, ਉਹ ਗਰਮ ਹੋਣ ਲੱਗ ਪੈਂਦੇ ਐ। ਉਦੋਂ ਘੰਟਾ ਅੱਧਾ ਘੰਟਾ ਬਿਜਲੀ ਬੰਦ ਕਰਕੇ ਟਰਾਂਸਫਾਰਮਰਾਂ ਨੂੰ ਠੰਢਾ ਕਰਦੇ ਹੁੰਦੇ ਐ ਬਈ ਕਿਤੇ ਬਾਹਲ਼ੇ ਗਰਮ ਹੋ ਕੇ ਸੜ ਨਾ ਜਾਣ।”
ਅਮਲੀ ਕਹਿੰਦਾ, ”ਚਾਰ ਬਾਲਟੀਆਂ ਪਾਣੀ ਦੀਆਂ ਪਾ ਕੇ ਠੰਢੇ ਕਰ ਲਿਆ ਕਰਨ। ਬਿਜਲੀ ਬੰਦ ਕਰਨ ਦੀ ਲੋੜ ਈ ਨ੍ਹੀ। ਐਮੇਂ ਮਾੜੀ ਜੀ ਗੱਲ ਪਿੱਛੇ ਲੋਕਾਂ ਤੋਂ ਗਾਲਾਂ ਲੈਂਦੇ ਐ।”
ਸੀਤਾ ਮਰਾਸੀ ਕਹਿੰਦਾ, ”ਤੇਰਾ ਦੱਸ ਕੀ ਕਾਰਖਾਨਾ ਬੰਦ ਹੋ ਗਿਆ। ਤੂੰ ਕਿਉਂ ਭੁੱਖੀ ਬਾਂਦਰੀ ਆਂਗੂੰ ਹਰਖਿਆ ਪਿਐਂ ਬਿਜਲੀ ਆਲਿਆਂ ‘ਤੇ। ਹੋਰਾਂ ਦੇ ਵੀ ਤਾਂ ਘਰੋਂ ਬਿਜਲੀ ਗਈਉ ਈ ਐ, ਉਹ ਤਾਂ ਬੋਲਦੇ ਨ੍ਹੀ, ਤੂੰ ਵਾਧੂ ਈ ਆਫਰੀ ਡੱਡ ਆਂਗੂੰ ਫੁੱਲੀ ਜਾਨੈਂ।”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਫੇਰ ਹਲਕੇ ਕੁੱਤੇ ਵਾਂਗੂੰ ਭੱਜ ਕੇ ਪਿਆ, ”ਬੈਠਾ ਰਹਿ ਓਏ ਮਰਦਾਨੇ ਕਿਆ। ਮੇਰੇ ਤਾਂ ਭਲਾਂ ਨਹੀਂ ਕੋਈ ਕਾਰਖਾਨਾਂ, ਤੇਰੇ ਕਿਹੜਾ ਗਾਹਾਂ ਪਾਰੇ ਆਲਾ ਲਾਟੂ ਜਗਦਾ ਓਏ ਦਾਨੇ ਆਲੀਏ ਕ੍ਰਪਾਲ ਸਿਉਂ ਦੇ।”
ਸੀਤੇ ਮਰਾਸੀ ਤੇ ਨਾਥੇ ਅਮਲੀ ਨੂੰ ਆਪਸ ਵਿੱਚ ਚੁੰਝੋ ਚੁੰਝੀ ਹੁੰਦਿਆਂ ਸੁਣ ਕੇ ਸੰਤਾ ਨੰਬਰਦਾਰ ਬੋਲਿਆ, ”ਓਏ ਕਿਉਂ ਯਾਰ ਵਾਧੂ ਈ ਖਰੂਦ ਪਾਇਆ। ਘੈਂਟਾ ਦੋ ਘੈਂਟਾ ਬਿਜਲੀ ਗਈ ਐ ਖਣੀ ਨਹੀਂ, ਤੁਸੀਂ ਦੋਮਾਂ ਨੇ ਸਮਾਨ ਚੱਕਣਾ ਲਿਆ। ਨਾਲੇ ਸੋਡੇ ਤਾਂ ਘਰੀਂ ਖਣੀ ਦੋ ਲਾਟੂ ਜਗਦੇ ਹੋਣਗੇ ਖਣੀ ਤਿੰਨ, ਜਿੰਨ੍ਹਾਂ ਦੇ ਵੱਡੇ ਵੱਡੇ ਕਾਰਖਾਨੇ ਖੜ੍ਹ ਜਾਂਦੇ ਐ ਉਨ੍ਹਾਂ ਦਾ ਕੀ ਹਾਲ ਹੁੰਦਾ ਹੋਊ। ਨਾਲੇ ਇਹ ਤਾਂ ਸਰਕਾਰਾਂ ਦੇ ਕੰਮ ਐਂ ਬਿਜਲੀ ਪਾਣੀ ਆਲੇ। ਲੀਡਰਾਂ ਨੇ ਸਰਕਾਰਾਂ ਵੀ ਤਾਂ ਚਲਾਉਣੀਆਂ ਈਂ ਐਂ। ਜਿੱਥੇ ਬਿਜਲੀ ਪਾਣੀ ਦੀ ਵੱਧ ਲੋੜ ਐ ਓੱਥੇ ਭੋਰਾ ਵੱਧ ਦੇ ਦਿੰਦੇ ਐ, ਜਿੱਥੇ ਭੋਰਾ ਸਰਦਾ ਹੁੰਦੈ, ਓੱਥੇ ਥੁੱਕ-ਲੁੱਕ ਨਾਲ ਵੀ ਸਾਰ ਜਾਂਦੇ ਐ।”
ਸੰਤੇ ਨੰਬਰਦਾਰ ਤੋਂ ਲੀਡਰਾਂ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਨੰਬਰਦਾਰ ਨੂੰ ਵੀ ਬੇਹੇ ਕੜਾਹ ਵਾਂਗੂੰ ਲਿਆ, ”ਨੰਬਰਦਾਰਾ, ਨੰਬਰਦਾਰਾ! ਕਿੱਥੇ ਰਹਿਨੈਂ ਤੂੰ, ਇਹ ਲੀਡਰਾਂ ਦੇ ਹਰੇਕ ਕੰਮ ਦੇ ਭਾਅ ਬੰਨ੍ਹੇ ਵੇ ਐ। ਲੋਕਾਂ ਨੂੰ ਲੜਾ-ਲੜਾ ਵੋਟਾਂ ਖਰੀਆਂ ਕਰਨ ਚ ਲੱਗੇ ਰਹਿੰਦੇ ਐ ਸਾਰਾ ਦਿਨ।”
ਬਾਬੇ ਕਰਨੈਲ ਸਿਉਂ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਭਾਅ ਕਿਮੇਂ ਬੰਨ੍ਹੇ ਵੇ ਐ ਓਏ। ਆਹ ਤਾਂ ਬਈ ਤੈਂ ਨਮਾਂ ਈ ਰੈਂਗਲਾ ਕੱਢ ਮਾਰਿਆ।”
ਸੀਤਾ ਮਰਾਸੀ ਵੀ ਉਧੜਿਆਂ ਜਲਾਹਿਆਂ ਦੇ ਨੜੇ ਵਾਂਗੂ। ਕਹਿੰਦਾ, ”ਗੁੱਲੂ ਕੇ ਜੰਗੀ ਦਾ ਨੌ ਸੈ ਲੱਗ ਗਿਆ ਭਜਨੇ ਕੀ ਰੂੜੀ ‘ਤੇ ਜੁਆਕ ਹਗਾਉਣ ਦਾ।”
ਬੁੱਘਰ ਦਖਾਣ ਨੇ ਪੁੱਛਿਆ, ”ਉਹ ਕਿਮੇਂ?”
ਮਰਾਸੀ ਕਹਿੰਦਾ, ”ਜੰਗੀ ਨੇ ਕਿਤੇ ਰਾਤ ਨੂੰ ਨੇਰ੍ਹੇ ਜੇ ਹੋਏ ਆਵਦੇ ਤਿੰਨ ਕੁ ਸਾਲ ਦੇ ਮੁੰਡੇ ਨੂੰ ਭਜਨੇ ਕੀ ਰੂੜੀ ‘ਤੇ ਜੰਗਲ ਬਹਾ ‘ਤਾ। ਓੱਧਰੋਂ ਕਿਤੇ ਭਜਨਾ ਬੁੜ੍ਹਾ ਆ ਗਿਆ। ਬੁੜ੍ਹੇ ਭਜਨੇ ਨੇ ਰੂੜੀ ਕੋਲ ਖੜ੍ਹੇ ਜੰਗੀ ਨੂੰ ਪੁੱਛਿਆ ‘ਕਿਹੜਾ ਓਏ’? ਜੰਗੀ ਕਹਿੰਦਾ ‘ਮੈਂ ਜੰਗੀ ਆਂ ਤਾਇਆ’। ਅਕੇ ਭਜਨਾ ਕਹਿੰਦਾ ‘ਏਥੇ ਖੜ੍ਹਾ ਕੀ ਕਰਦੈਂ ਸਾਡੇ ਵਾੜੇ ‘ਚ’? ਜੰਗੀ ਕਹਿੰਦਾ ‘ਆਹ ਜੁਆਕ ਨੂੰ ਮਰੋੜੇ ਲੱਗ ਗੇ, ਇਹਨੂੰ ਲੈ ਕੇ ਆਇਆ ਸੀ’। ਜਦੋਂ ਭਜਨੇ ਬੁੜ੍ਹੇ ਨੂੰ ਪਤਾ ਲੱਗਿਆ ਬਈ ਇਹ ਤਾਂ ਸਾਡੀ ਰੂੜੀ ‘ਤੇ ਜੁਆਕ ਨੂੰ ਜੰਗਲ ਬਹਾਈ ਖੜ੍ਹਾ, ਬੁੜ੍ਹੇ ਨੇ ਜੰਗੀ ਨੂੰ ਗਾਲ ਕੱਢੀ। ਜੰਗੀ ਨੇ ਬੁੜ੍ਹੇ ਨੂੰ ਨਾਲ ਦੀ ਸੇਬੂ ਕੀ ਰੂੜੀ ‘ਤੇ ਚੱਕ ਕੇ ਇਉਂ ਠੋਕਿਆ ਜਿਮੇਂ ਟਾਂਡਿਆਂ ਦਾ ਪੂਲ਼ਾ ਗੱਡੇ ‘ਤੇ ਸਿੱਟੀ ਦਾ ਹੁੰਦਾ। ਬੁੜ੍ਹੇ ਦਾ ਡਿੱਗਦੇ ਦਾ ਗਿੱਟਾ ਟੁੱਟ ਗਿਆ। ਮੁੜ ਕੇ ਗੱਲ ਸਰਕਾਰੇ ਦਰਬਾਰੇ ਚੜ੍ਹ ਗੀ। ਆਪਣੇ ਲੀਡਰਾਂ ਨੇ ਨੌ ਸੈ ਲੁਆ ‘ਤਾ ਜੰਗੀ ਦਾ। ਹੁਣ ਇਉਂ ਠੰਢਾ ਹੋਇਆ ਫਿਰਦਾ ਜਿਮੇਂ ਹਲਵਾਈ ਦੀ ਭੱਠੀ ‘ਚ ਕੋਲੇ ਠਕ ਕੇ ਸੁਆਹ ਬਣੇ ਪਏ ਹੁੰਦੇ ਐ।”
ਬਾਬੇ ਕਰਨੈਲ ਸਿਉਂ ਨੇ ਮਰਾਸੀ ਨੂੰ ਪੁੱਛਿਆ, ”ਸੀਤਾ ਸਿਆਂ! ਇੱਕ ਗੱਲ ਦੀ ਸਮਝ ਨ੍ਹੀ ਆਈ ਯਾਰ। ਬਈ ਗਿੱਟਾ ਤਾਂ ਟੁੱਟਿਆ ਭਜਨੇ ਬੁੜ੍ਹੇ ਦਾ, ਲੜਿਆ ਉਹ ਗੁੱਲੂ ਕੇ ਜੰਗੀ ਨਾਲ, ਇਹ ਲੀਡਰ ਕਿੱਥੋਂ ਆ ਗਿਆ ਓੱਥੇ, ਸੁਆਲ ਤਾਂ ਏਸ ਗੱਲ ਦਾ?”
ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਹੋਇਆ ਫਿਰ ਬਾਬੇ ਦੇ ਦੁਆਲੇ। ਕਹਿੰਦਾ, ”ਉਹੀ ਤਾਂ ਬਾਬਾ ਤੈਨੂੰ ਦੱਸੀ ਜਾਨੇ ਆਂ ਬਈ ਲੀਡਰਾਂ ਦੇ ਕਿਹੜੇ-ਕਿਹੜੇ ਕੰਮਾਂ ਦੇ ਕਿੰਨੇ-ਕਿੰਨੇ ਭਾਅ ਬੰਨ੍ਹੇ ਵੇ ਐ ਲੋਕਾਂ ਨੂੰ ਲੜਾਉਣ ਦੇ। ਪਹਿਲਾਂ ਲੋਕਾਂ ਨੂੰ ਲੜਾ ਦੇਣਾ, ਫੇਰ ਰਾਜੀਬੰਦਾ ਕਰਾ ਦੇਣਾ। ਪੈਂਸੇ ਲੋਕਾਂ ਦੇ ਲੁਆ ਦੇਣੇ ਐਂ, ਵੋਟਾਂ ਆਪ ਲੈ ਲੈਣੀਆਂ।”
ਦਲੀਪ ਕਾਮਰੇਡ ਨੇ ਅਮਲੀ ਨੂੰ ਪੁੱਛਿਆ, ”ਇਹਦੇ ‘ਚ ਫਿਰ ਭਾਅ ਬੰਨ੍ਹਣ ਆਲੀ ਕੀ ਗੱਲ ਐ?”
ਅਮਲੀ ਕਹਿੰਦਾ, ”ਲੈ ਸੁਣ ਲਾ ਫਿਰ। ਇਹ ਲੀਡਰ ਆਪਾਂ ਨੂੰ ਲੜਾ-ਲੜਾ ਈ ਵੋਟਾਂ ਲਈ ਜਾਂਦੇ ਐ। ਇੱਕ ਦੂਜੇ ਦੇ ਛੋਟੀ ਵੱਡੀ ਸੱਟ ਮਾਰਨ ਦੇ ਭਾਅ ਰੱਖੇ ਵੇ ਐ ਇਨ੍ਹਾਂ ਦੇ। ਲੱਤ ਭੰਨਣ ਦਾ ਅੱਡ ਭਾਅ। ਗਿੱਟਾ ਤੋੜਣ ਦਾ ਹੋਰ ਭਾਅ। ਗੁੱਝੀਆਂ ਸੱਟਾਂ ਦੇ ਹੋਰ ਭਾਅ। ਜੇ ਸਿਰ ‘ਚ ਸੱਟ ਮਾਰਨੀ ਐ ਤਾਂ ਮਹਿੰਗਾ ਭਾਅ ਬੰਨ੍ਹਿਆਂ ਵਿਆ ਇਨ੍ਹਾਂ ਦਾ। ਜੇ ਦੋਮੇਂ ਲੱਤਾਂ ਤੋੜਣੀਆਂ ਤਾਂ ਭਾਅ ਹੋਰ ਮਹਿੰਗਾ। ਖੱਬੀ ਸੱਜੀ ਬਾਂਹ ਭੰਨਣ ਦੇ ਅੱਡ ਅੱਡ ਭਾਅ ਰੱਖੇ ਵੇ ਐ। ਊਈਂ ਧੌਲ਼ ਧੱਫਾ ਕਰਕੇ ਲੀੜੇ ਪਾੜਣ ਦੇ ਵੀ ਪੈਂਸੇ ਬੰਨ੍ਹੇ ਵੇ ਐ ਇਨ੍ਹਾਂ ਦੇ। ਕਿਸੇ ਦੀ ਧੀ ਭੈਣ ਨੂੰ ਮੰਦਾ ਚੰਗਾ ਬੋਲਣ ਦਾ ਅੱਡ ਭਾਅ। ਗਾਲਾਂ ਕੱਢਣ ਦਾ ਹੋਰ ਭਾਅ। ਕਿਸੇ ਦੇ ਟਰੈਗਟ ਦੇ ਟੈਰ ਦੀ ਫੂਕ ਕੱਢਣ ਦਾ ਵੀ ਭਾਅ ਬੰਨ੍ਹਿਆ ਵਿਆ। ਬੁੜ੍ਹੀਆਂ ਕੁੜੀਆਂ ਨੂੰ ਸੀਟ੍ਹੀਆਂ ਮਾਰਨ ਦਾ ਵੱਖਰਾ ਭਾਅ। ਵਰੋਧੀ ਪਾਰਟੀ ਦੇ ਬੰਦਿਆਂ ਦੀ ਇੱਕ ਦਿਨ ਪਹਿਲਾਂ ਬੀਜੀ ਕਣਕ ਪਾਣੀ ਨਾਲ ਭਰ ਕੇ ਖਰਾਬ ਕਰਨ ਦਾ ਵੀ ਭਾਅ ਬੰਨ੍ਹੀ ਬੈਠੇ ਐ ਲੀਡਰ ਤਾਂ। ਹੁਣ ਤੂੰ ਦੱਸ ਕਾਮਰੇਟਾ ਤੈਨੂੰ ਕਿਹੜਾ ਭਾਅ ਚਾਹੀਦੈ?”
ਨਾਥੇ ਅਮਲੀ ਤੋਂ ਭਾਅ ਦੀਆਂ ਗੱਲਾਂ ਸੁਣ ਕੇ ਦਲੀਪ ਕਾਮਰੇਡ ਇਉਂ ਢਿੱਲਾ ਜਾ ਹੋ ਕੇ ਬਹਿ ਗਿਆ ਜਿਮੇਂ ਬੁੜ੍ਹੀ ਨਾਲ ਰੁੱਸ ਕੇ ਸੱਜਣ ਬੁੜ੍ਹਾ ਮੱਘਰ ਝਿਉਰ ਕੇ ਤੰਦੂਰ ਓਹਲੇ ਲੁਕ ਕੇ ਬਹਿ ਗਿਆ ਸੀ।
ਅਮਲੀ ਦੀ ਗੱਲ ਸੁਣੀ ਜਾਂਦਾ ਪ੍ਰਤਾਪਾ ਭਾਊ ਕਹਿੰਦਾ, ”ਇਹ ਭਾਅ ਦੇ ਪੈਂਸੇ ਲੈਂਦਾ ਕੌਣ ਐਂ ਫਿਰ ਅਮਲੀਆ?”
ਅਮਲੀ ਕਹਿੰਦਾ, ”ਲੀਡਰ ਈ ਲੈਂਦੇ ਐ ਹੋਰ ਪੈਂਸੇ ਕਿਤੇ ਕੋਈ ਦਿੱਲੀਉਂ ਤਾਂ ਨ੍ਹੀ ਲੈਣ ਆਉਂਦਾ।”
ਵਿਆਜੂਆਂ ਦਾ ਰੋਸਾ ਬੁੜ੍ਹਾ ਕਹਿੰਦਾ, ”ਅੱਗੇ ਤਾਂ ਕਦੇ ਐਹੋ ਜੀ ਗੱਲ ਸੁਣੀ ਨ੍ਹੀ। ਨਾ ਈਂ ਕਦੇ ਆਪਣੇ ਪਿੰਡ ‘ਚ ਐਹੋ ਜਾ ਕੁਸ ਹੋਇਆ। ਪਤਾ ਨ੍ਹੀ ਪਤੰਦਰਾ ਕਿੱਥੋਂ ਲਿਆਂਦੇ ਐ ਗਲੇਲੇ ਇਹੇ।”
ਰੋਸੇ ਬੁੜ੍ਹੇ ਦਾ ਪੱਕਾ ਨਾਂ ਰੇਸ਼ਮ ਸਿਉਂ ਸੀ ਤੇ ਸਾਰਾ ਪਿੰਡ ਉਹਨੂੰ ਵਿਆਜੂਆਂ ਦਾ ਰੋਸਾ ਇਸ ਕਰਕੇ ਕਹਿੰਦਾ ਸੀ ਕਿਉਂਕਿ ਉਹ ਆਪਣੇ ਪਿਓ ਦਾਦੇ ਤੋਂ ਲੈ ਕੇ ਪਿੰਡ ‘ਚ ਰੁਪਈਏ ਵਿਆਜ ‘ਤੇ ਦੇਣ ਦਾ ਕੰਮ ਕਰਦਾ ਸੀ।
ਰੋਸੇ ਬੁੜ੍ਹੇ ਦੀ ਗੱਲ ਸੁਣ ਕੇ ਅਮਲੀ ਰੋਸੇ ਬੁੜ੍ਹੇ ਨੂੰ ਤਾਅ ‘ਚ ਆਇਆ ਕਹਿੰਦਾ, ”ਉਰ੍ਹੇ ਨੂੰ ਹੋ ਜਾ ਫਿਰ ਜੇ ਆਪਣੇ ਈਂ ਪਿੰਡ ਦਾ ਗਲੇਲਾ ਸੁਣਨੈ ਤਾਂ। ਮੇਰੀ ਗੱਲ ਸੁਣ ਕੇ ਸੱਥ ‘ਚੋਂ ਫਿਰ ਇਉਂ ਨਾ ਭੱਜ ਲੀਂ ਜਿਮੇਂ ਜੇਠ ਹਾੜ੍ਹ ਦੀ ਗਰਮੀਂ ‘ਚ ਮਾਹਲੇ ਨੰਬਰਦਾਰ ਕੀ ਸਬ੍ਹਾਤ ‘ਚੋਂ ਗੁੜ ਢਿੱਲਾ ਹੋ ਕੇ ਬਾਹਰ ਨੂੰ ਆ ਗਿਆ ਸੀ। ਬੈਠਾ ਰਹੀਂ। ਆਹ ਆਪਣੇ ਪਿੰਡ ਆਲੇ ਪੂਣੇ ਨੂੰ ਆਪਣੇ ‘ਲਾਕੇ ਦਾ ਲੀਡਰ ਕਹਿੰਦਾ ‘ਆਵਦੇ ਗੁਆਂਢੀ ਹੱਰਕੇ ਮਜਬ੍ਹੀ ਦੇ ਚਾਰ ਪੰਜ ਡਾਂਗਾਂ ਮਾਰਕੇ ਮੇਰੇ ਕੋਲੇ ਆ ਜੀ। ਪੁਲਸ ਨੂੰ ਮੈਂ ਨ੍ਹੀ ਫੜ੍ਹਣ ਦਿੰਦਾ, ਓੱਥੋਂ ਬਚ ਕੇ ਆਉਣ ਦਾ ਤੇਰਾ ਕੰਮ, ਐਥੇ ਆਏ ਨੂੰ ਮੈਂ ਸਾਂਭ ਲੂੰ। ਅਕੇ ਪੂਣੇ ਮਜਬ੍ਹੀ ਨੇ ਤੜਕੋ ਤੜਕੀ ਹੱਰਕਾ ਦਲੀਪੇ ਮੀਰਾਬ ਕੀ ਨਿਆਈਂ ‘ਚ ਜੰਗਲ ਬੈਠਾ ਜਾ ਢਾਹਿਆ। ਛੀ ਸੱਤ ਮਾਰ ਕੇ ਡਾਂਗਾਂ ਹੱਰਕਾ ਠੱਕੇ ਦੀ ਮਾਰੀ ਤਾਪ ਚੜ੍ਹੇ ਆਲੀ ‘ਕੱਠੀ ਹੋਈ ਬਮਾਰ ਬੱਕਰੀ ਅਰਗਾ ਕਰ ‘ਤਾ। ਵੇਹੜੇ ‘ਚ ਰੌਲ਼ਾ ਪੈ ਗਿਆ ਅਕੇ ਹੱਰਕਾ ਤੇ ਪੂਣਾ ਲੜ ਪੇ। ਹੱਰਕੇ ਨੂੰ ਮਸ਼ੀਨ ਆਲਿਆਂ ਦਾ ਬਿੱਲੂ ਟਰੈਲੀ ‘ਚ ਪਾ ਕੇ ਹੱਥਪਤਾਲ ਲੈ ਗਿਆ। ਪੂਣਾ ਭੱਜ ਕੇ ਲੀਡਰ ਕੋਲੇ ਜਾ ਵੜਿਆ। ਓੱਧਰ ਤਲਾਹ ਗਈ ਤੋਂ ਪੁਲਸ ਪੂਣੇ ਦੇ ਘਰ ‘ਤੇ ਚੜ੍ਹ ਗੀ। ਪੂਣਾ ਲੀਡਰ ਸਾਹਬ ਦੇ ਘਰੇ ਬੈਠਾ। ਲੀਡਰ ਪੂਣੇ ਨੂੰ ਕਹਿੰਦਾ ‘ਅੱਠ ਸੈ ਰਪੀਆ ਪੁਲਸ ਨੂੰ ਦੇ ਦੀਏ, ਬੱਸ ਗੱਲ ਠੱਪ ਹੋ ਜੂ’। ਪੂਣੇ ਨੇ ਬਜਰੰਗੇ ਕੇ ਪਿਆਰੇ ਨੂੰ ਨਾਲ ਲਜਾ ਕੇ ਬੁੜ੍ਹਿਆ ਤੈਥੋਂ ਤਿੰਨ ਰਪੀਏ ਸੈਂਕੜੇ ਦੇ ਵਿਆਜ ‘ਤੇ ਅੱਠ ਸੈ ਰਪੀਆ ਲੈ ਕੇ ਲੀਡਰ ਨੂੰ ਦੇ ‘ਤਾ, ਲੀਡਰ ਪੁਲਸ ਨੂੰ ਕਹਿੰਦਾ ‘ਇਨ੍ਹਾਂ ਦਾ ਬਿਨਾਂ ਪੈਂਸਿਆਂ ਤੋਂ ਰਾਜੀਬੰਦਾ ਕਰਾਉ। ਰਾਜੀਬੰਦਾ ਪੁਲਸ ਨੇ ਮੁਖਤੋ ਮੁਖਤੀ ਕਰਾ ‘ਤਾ, ਅੱਠ ਸੈ ਰਪੀਆ ਲੀਡਰ ਆਵਦੀ ਜੇਬ੍ਹ ‘ਚ ਪਾ ਕੇ ਚੰਡੀਗੜ੍ਹ ਨੂੰ ਚੜ੍ਹ ਗਿਆ, ਹਜੇ ਤੂੰ ਕਹਿਨੈ ਅਕੇ ਮੈਂ ਤਾਂ ਕਦੇ ਐਹੋ ਜੀ ਗੱਲ ਸੁਣੀ ਨ੍ਹੀ। ਤੈਨੂੰ ਸੁਣਨ ਦੀ ਕਿਹੜੀ ਲੋੜ ਐ। ਦਸ ਦਸ ਕੋਹ ਤਾਈਂ ਲੜਾਈਆਂ ਭੜਾਈਆਂ ‘ਚ ਲੱਗਣ ਆਲੇ ਪੈਂਸੇ ਤਾਂ ਤੇਰੀ ਬਾਸਣੀ ‘ਚੋਂ ਜਾਂਦੇ ਐ। ਸੱਟਾਂ ਕੋਈ ਮਾਰਦਾ, ਸਿਰ ਕਿਸੇ ਦਾ ਪਾਟ ਜਾਂਦਾ, ਹੱਟ ਤੇਰੀ ਚੱਲ ਜਾਂਦੀ ਐ ਦਿਆਲ ਮਿਸਤਰੀ ਕੇ ਘਰਾਸ ਆਂਗੂੰ। ਸਭ ਨੂੰ ਪਤਾ ਬੁੜ੍ਹਿਆ ਪਿੰਡ ‘ਚ ਕੀ ਹੋਈ ਜਾਂਦਾ।”
ਅਮਲੀ ਤੋਂ ਸੱਚੀਆਂ ਸੁਣ ਕੇ ਬੁੜ੍ਹਾ ਪਰਨਾਂ ਮੋਢੇ ‘ਤੇ ਰੱਖ ਕੇ ਸੱਥ ‘ਚੋਂ ਉੱਠ ਕੇ ਇਉਂ ਤੁਰ ਗਿਆ ਜਿਮੇਂ ਵਿਆਹ ਵੇਲੇ ਅਨੰਦ ਹੋਣ ਪਿੱਛੋਂ ਘੱਟ ਦਾਜ਼ ਮਿਲੇ ਤੋਂ ਕੁੜੀ ਵਾਲਿਆਂ ਵੱਲੋਂ ਵਿਚੋਲੇ ਨੂੰ ਪਾਈ ਛਾਪ ਮੁੰਡੇ ਦੇ ਪਿਓ ਨੇ ਲਾਹ ਲਈ ਸੀ ਤੇ ਵਿਚੋਲਾ ਰੁੱਸ ਕੇ ਵਿਚੋਲਣ ਨੂੰ ਲੈ ਕੇ ਬਿਨਾਂ ਰੋਟੀ ਖਾਧੀਉ ਈ ਡੰਡੀ ਲੱਗਿਆ।
ਜਿਉਂ ਹੀ ਰੋਸਾ ਬੁੜ੍ਹਾ ਸੱਥ ‘ਚੋਂ ਉੱਠ ਕੇ ਤੁਰ ਗਿਆ ਤਾਂ ਬਾਬਾ ਕਰਨੈਲ ਸਿਉਂ ਅਮਲੀ ਨੂੰ ਭਖਿਆ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਚਲੋ ਯਾਰ ਘਰਾਂ ਨੂੰ ਚੱਲੀਏ। ਹੋਰ ਨਾ ਕਿਤੇ ਗਰਮ ਹੋਇਆ ਨਾਥਾ ਸਿਉਂ ਕਿਸੇ ਹੋਰ ਦੀ ਪੋਟਲੀ ਫਰੋਲਦੇ, ਐਮੇਂ ਫਿਰ ਲੜੋਂਗੇ।”
ਬਾਬੇ ਦਾ ਆਖਾ ਮੰਨ ਕੇ ਸਾਰੇ ਸੱਥ ਆਲੇ ਰੋਸੇ ਬੁੜ੍ਹੇ ਦੀਆਂ ਅਗਲੀਆਂ ਪਿਛਲੀਆਂ ਗੱਲਾਂ ਕਰਦੇ ਘਰਾਂ ਨੂੰ ਤੁਰ ਪਏ।