ਦੇਸਾਂ ਵਾਲਿਓ ਅਪਣੇ ਦੇਸ ਅੰਦਰ,
ਅਸੀਂ ਆਏ ਆਂ ਵਾਂਗ ਪਰਦੇਸੀਆਂ ਦੇ।
ਘਰਾਂ ਵਾਲਿਓ ਅਪਣੇ ਘਰ ਅੰਦਰ,
ਅਸੀਂ ਆਏ ਆਂ ਵਾਂਗ ਪਰਾਹੁਣਿਆਂ ਦੇ।
ਦਿਲਾਂ ਵਾਲਿਓ ਦਿਲਾਂ ਦੇ ਬੰਨ੍ਹ ਟੁੱਟ ਗਏ,
ਠਾਠਾਂ ਮਾਰਦੇ ਨੇ ਹੜ੍ਹ ਸੱਧਰਾਂ ਦੇ।
ਕਿਸੇ ਬੰਨ੍ਹ ਦੇ ਕੱਲੜੇ ਰੁੱਖ ਵਾਂਙੂੰ,
ਧੁੱਪਾਂ ਛਾਵਾਂ ਦੇ ਭਾਰ ਨਾਲ ਡੋਲਨਾ ਵਾਂ।
ਅਪਣੀ ਮਾਂ ਦੀ ਕਬਰ ਨੂੰ ਲੱਭਨਾ ਵਾਂ,
ਭੈਣਾਂ ਭਰਾਵਾਂ ਦੀਆਂ ਹੱਡੀਆਂ ਟੋਲ੍ਹਨਾ ਵਾਂ।
ਤੁਸੀਂ ਦੇਸ਼ ਵਾਲੇ , ਤੁਸੀਂ ਘਰਾਂ ਵਾਲੇ ,
ਅਸੀਂ ਬੇਘਰੇ , ਅਸੀਂ ਪਰਦੇਸੀ ।
ਤੁਸੀਂ ਹੱਸ ਕੇ ਸੀਨੇ ਨਾਲ ਲਾ ਲੀਤਾ,
ਅਸਾਂ ਰੋ ਕੇ ਅੱਖ ਪਰਚਾ ਲੀਤੀ।
ਤਾਰੇ ਬੁਝੇ ਹੋਏ ਫੇਰ ਇਕ ਵਾਰ ਚਮਕੇ ,
ਜਿਹਦੀ ਆਸ ਨਹੀਂ ਸੀ, ਉਹ ਆਸ ਪੁੱਗੀ।
ਜੀਵੇ ਸ਼ਹਿਰ ਮੇਰਾ, ਜੀਵਣ ਸ਼ਹਿਰ ਵਾਲੇ ,
ਅਸੀਂ ਆਏ ਦੁਆਵਾਂ ਇਹ ਦੇ ਚੱਲੇ।
ਚਾਰੇ ਕੰਨੀਆਂ ਸਾਡੀਆਂ ਵੇਖ ਖਾਲੀ,
ਅਸੀਂ ਨਾਲ ਨਾਹੀਂ ਕੁਝ ਲੈ ਚੱਲੇ।
ਏਸ ਮਿੱਟ ਦੀ ਕੁੱਖ ‘ਚ ਮਾਂ ਮੇਰੀ,
ਸੁੱਤੀ ਪਈ ਹੈ ਸਮਿਆਂ ਦੀ ਹੂਕ ਬਣ ਕੇ ।
ਏਸ ਪਾਣੀ ਨਾਲ ਪਾਣੀ ਹੋਏ ਨੀਰ ਮੇਰੇ,
ਏਥੇ ਆਸ ਤੜਫੀ ਮੇਰੀ ਹੂਕ ਬਣ ਕੇ।
ਜਿਨ੍ਹਾਂ ਕੰਧਾਂ ਦੀਆਂ ਛਾਵਾਂ ‘ਚ ਖੇਡਦੇ ਸਾਂ,
ਉਨ੍ਹਾਂ ਕੰਧਾਂ ਨਾਲ ਲਗ ਕੇ ਰੋ ਲਈਏ।
ਦੁੱਖਾਂ ਦਰਦਾਂ ਦੇ ਹਾਲੜੇ ਫੋਲ ਕੇ ਤੇ ,
ਦੁਖੀ ਕਰ ਲਈਏ ਦੁਖੀ ਹੋ ਲਈਏ।
ਐਸ ਸ਼ਹਿਰ ਦੇ ਬਾਗ ਬਗੀਚਿਆਂ ਦੇ,
ਕਦੀ ਅਸੀਂ ਨਮਾਣੇ ਸਾਂ ਫੁੱਲ ਯਾਰੋ।
ਐਸ ਆਲ੍ਹਣਿਉਂ ਡਿੱਗੇ ਹੋਏ ਬੋਟ ਅਸੀਂ,
ਕੋਈ ਚੁੱਕੇ ਨ ਕੱਖਾਂ ਦੇ ਮੁੱਲ ਯਾਰੋ।
ਅੱਧਾ ਦਿਲ ਸਾਡਾ ਏਥੇ ਤੜਫਦਾ ਏ,
ਅੱਧਾ ਦਿਲ ਗਿਆ ਉੱਥੇ ਰੁਲ ਯਾਰੋ।
ਜਿਨ੍ਹਾਂ ਰਾਹਵਾਂ ਦੇ ਸਾਹਵਾਂ ‘ਚ ਧੜਕਦੇ ਸਾਂ,
ਉਨ੍ਹਾਂ ਰਾਹਵਾਂ ਲਈ ਅਸੀਂ ਅਣਜਾਣ ਹੋ ਗਏ।
ਅਸੀਂ ਲੋਕ ਇਨਸਾਨ ਤੇ ਕੀ ਬਣਦੇ,
ਹਿੰਦੂ ਸਿੱਖ ਹੋ ਗਏ, ਮੁਸਲਮਾਨ ਹੋ ਗਏ।
ਲੇਖਕ : ਅਹਿਮਦ ਰਾਹੀ