ਵਾਰੀ ਵਾਰੀ ਯਾਰ ਸੰਗੀ ਜਾ ਰਹੇ ਨੇ।
ਦੋਸਤਾਂ ਦੇ ਪੂਰ ਟੁਰਦੇ ਜਾ ਰਹੇ ਨੇ ।
ਆਖ਼ਰ ਅਸੀਂ ਵੀ ਉਥੇ ਹੀ ਜਾ ਵੱਸਣਾ,
ਅਪਣਾ ਟਿਕਾਣਾ ਜਿੱਥੇ ਉਹ ਬਣਾ ਰਹੇ ਨੇ ।
ਅਸਚਰਜ ਖੇਡ ਦੇਖ ਸਿਰਜਣਹਾਰ ਦੀ ,
ਕਿੱਥੋਂ ਆਏ ਜੀਅ ਜਾ ਕਿੱਥੇ ਸਮਾ ਰਹੇ ਨੇ ।
ਉਮਰ ਭਰ ਜਿਸ ਨਰਕ ਹੀ ਸੀ ਚਿਤਵਿਆ,
ਕਿ ਮਿਲੇ ਸੁਰਗ ਉਹਨੂੰ , ਮੰਗ ਦੁਆ ਰਹੇ ਨੇ ।
ਸਾਲਾਂ ਮਾਹਾਂ ਦਿਹਾਂ ਦਾ ਜੋੜ ਹੀ ਹੈ ਜਿੰਦਗੀ ,
ਹਰ ਸਾਹ ਨਾਲ ਨਿਤ ਇਹ ਖੁਰਦੇ ਜਾ ਰਹੇ ਨੇ ।
ਦੁਸ਼ਮਣਾਂ ਦੀ ਲੋੜ ਹੀ ਨਾ ਜਾਪੀ ਕਦੇ,
ਯਾਰ ਹੀ ਅਹਿਸਾਨ ਏਹ ਕਰਦੇ ਜਾ ਰਹੇ ਨੇ ।
ਪਰਛਾਵੇਂ ਵਾਂਗ ਕਦੇ ਜੋ ਤੁਰਦੇ ਨਾਲ ਸਨ ,
ਹਨੇਰਾ ਬਣ ਪਰਛਾਵੇਂ ਨੂੰ ਖਾਂਦੇ ਜਾ ਰਹੇ ਨੇ ।
ਮੌਤ ਹੀ ਅੰਤ ਨਿਭਦੀ ਏ ਨਾਲ ਇਨਸਾਨ ਦੇ,
ਮੌਤ ਹੀ ਤੋਂ ਫਿਰ ਭੈਅ ਕਿਉਂ ਲੋਕੀਂ ਖਾ ਰਹੇ ਨੇ।
ਨਿੱਘ ਮਾਣ ਲੈ ‘ਨਾਕਾਮ’ ਯਾਰਾਂ ਦੇ ਸੰਗ ਦਾ ,
ਪਿੱਛੇ ਰਹਿ ਗਏ ਜੋ ਦੇਖ ਕਿੰਜ ਪਛਤਾ ਰਹੇ ਨੇ।
ਲਿਖਤ : ਗੁਰਬਖਸ਼ ਸਿੰਘ ‘ਨਾਕਾਮ’