ਲੇਖਕ : ਡਾ. ਗੁਰਿੰਦਰ ਕੌਰ
2024 ਦੀ ਸ਼ੁਰੂਆਤ ਤੋਂ ਭਾਰਤ ਦਾ ਕੋਈ ਨਾ ਕੋਈ ਖੇਤਰ ਮੌਸਮੀ ਤਬਦੀਲੀਆਂ ਕਾਰਨ ਆਮ ਤੋਂ ਅਲੱਗ ਅਣਕਿਆਸੇ ਮੌਸਮ ਅਤੇ ਕੁਦਰਤੀ ਆਫ਼ਤਾਂ ਦੇ ਚੱਕਰਵਿਊ ਵਿੱਚ ਘੁੰਮਣ ਘੇਰੀਆਂ ਖਾ ਰਿਹਾ ਹੈ। ਕਦੇ ਅਤਿ ਦੇ ਮੀਂਹ ਅਤੇ ਬਰਫ਼ ਰਹਿਤ ਸਰਦੀ ਦੀ, ਕਦੇ ਅਤਿ ਦੀਆਂ ਲੰਮੀਆਂ ਗਰਮ ਲਹਿਰਾਂ ਦੀ, ਕਦੇ ਸੋਕੇ ਤੇ ਹੜ੍ਹ ਦੀ, ਕਦੇ ਅਗੇਤੇ ਆਏ ਚੱਕਰਵਾਤੀ ਤੂਫ਼ਾਨਾਂ ਆਦਿ ਦੀ ਮਾਰ ਸਹਿ ਰਿਹਾ ਹੈ। ਭਾਰਤ ਵਿੱਚ ਕੁਦਰਤੀ ਆਫ਼ਤਾਂ ਵਿੱਚ ਵਾਧਾ ਅਚਨਚੇਤ ਨਹੀਂ ਹੋਇਆ। ਕੁਦਰਤੀ ਆਫ਼ਤਾਂ ਵਿੱਚ ਵਾਧਾ ਧਰਤੀ ਦੇ ਔਸਤ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਹੋ ਰਿਹਾ ਹੈ। ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧਾ ਉਦਯੋਗਿਕ ਇਨਕਲਾਬ ਤੋਂ ਬਾਅਦ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਅਪਣਾਏ ਗਏ ਸਰਮਾਏਦਾਰੀ/ਕਾਰਪੋਰੇਟ ਜਗਤ ਪੱਖੀ ਆਰਥਿਕ ਵਿਕਾਸ ਮਾਡਲ ਕਰ ਕੇ ਹੋਇਆ ਹੈ।
ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਕਾਰਨ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਅਤੇ ਕੁਦਰਤੀ ਆਫ਼ਤਾਂ ਬਾਰੇ ਵਿਗਿਆਨੀ ਸਮੇਂ ਸਮੇਂ ਉੱਤੇ ਆਪਣੀਆਂ ਖੋਜਾਂ ਰਾਹੀਂ ਸਰਕਾਰਾਂ ਅਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਸੁਚੇਤ ਕਰਦੇ ਰਹੇ ਹਨ। 2014 ਵਿੱਚ ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ (ਆਈਪੀਸੀਸੀ) ਦੀ ਪੰਜਵੀਂ ਰਿਪੋਰਟ ਨੇ ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਕਾਰਨ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਚਿੰਤਾਜਨਕ ਤੱਥ ਪੇਸ਼ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਤੇਜ਼ੀ ਨਾਲ ਠੋਸ ਉਪਰਾਲੇ ਨਾ ਕੀਤੇ ਤਾਂ ਦੁਨੀਆ ਦਾ ਕੋਈ ਵੀ ਦੇਸ਼ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚ ਨਹੀਂ ਸਕੇਗਾ। ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧਾ ਹਰ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਦੀ ਗਹਿਰਾਈ ਵਿੱਚ ਕਈ ਗੁਣਾ ਵਾਧਾ ਕਰੇਗਾ। ਇਸ ਰਿਪੋਰਟ ਵਿੱਚ ਭਾਰਤ ਅਤੇ ਚੀਨ ਨੂੰ ਖ਼ਾਸ ਤੌਰ ਉੱਤੇ ਚਿਤਾਵਨੀ ਦਿੱਤੀ ਗਈ ਸੀ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਮਾਰ ਇਨ੍ਹਾਂ ਦੋਹਾਂ ਦੇਸ਼ਾਂ ਉੱਤੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਪਵੇਗੀ।
ਭਾਰਤ ਦੇ ਰਵਾਇਤੀ ਮੌਸਮੀ ਚੱਕਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਤਬਦੀਲੀ ਆ ਰਹੀ ਹੈ। ਇੱਥੋਂ ਦੀ ਬਸੰਤ ਅਤੇ ਸਰਦੀ ਦੀ ਰੁੱਤ ਛੋਟੀ ਹੋ ਰਹੀ ਹੈ ਅਤੇ ਗਰਮੀ ਦੀ ਰੁੱਤ ਲੰਮੀ ਤੇ ਵੱਧ ਤਾਪਮਾਨ ਵਾਲੀ ਹੋ ਰਹੀ ਹੈ। ਭਾਰਤ ਵਿੱਚ ਸਰਦੀ ਦੀ ਰੁੱਤ ਦੀ ਆਮਦ ਪਹਿਲਾਂ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਮੱਧ ਫਰਵਰੀ ਤੱਕ ਰਹਿੰਦੀ ਸੀ। 2023 ਦੇ ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਮੌਸਮ ਆਮ ਨਾਲੋਂ ਗਰਮ ਰਿਹਾ ਅਤੇ ਜਨਵਰੀ ਵਿੱਚ ਤਾਪਮਾਨ ਵਿੱਚ ਇੱਕਦਮ ਗਿਰਾਵਟ ਆਈ ਸੀ। ਜਨਵਰੀ ਦੇ ਮਹੀਨੇ ਭਾਰਤ ਦੇ ਉੱਤਰੀ ਰਾਜਾਂ ਵਿੱਚ ਤਾਪਮਾਨ ਔਸਤ ਤਾਪਮਾਨ ਤੋਂ ਕਾਫ਼ੀ ਘੱਟ ਅਤੇ ਬਿਲਕੁਲ ਖ਼ੁਸ਼ਕ ਰਿਹਾ ਹੈ। ਪਹਿਲਾਂ ਪਹਾੜੀ ਖੇਤਰਾਂ ਵਿੱਚ ਬਰਫ਼ ਅਕਤੂਬਰ ਦੇ ਅਖ਼ੀਰਲੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਪੈਣੀ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਨਵੰਬਰ, ਦਸੰਬਰ ਅਤੇ ਜਨਵਰੀ ਵਿੱਚ ਬਿਲਕੁਲ ਵੀ ਬਰਫ਼ ਨਹੀਂ ਪਈ। ਪਹਾੜੀ ਰਾਜਾਂ ਵਿੱਚ 2024 ਵਿੱਚ ਪਹਿਲੀ ਬਰਫ਼ਬਾਰੀ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਹੋਈ ਸੀ। ਫਰਵਰੀ ਦੇ ਸਾਰੇ ਮਹੀਨੇ ਵਿੱਚ ਔਸਤ ਨਾਲੋਂ ਵੱਧ ਬਰਫ਼ ਪਈ, ਮਾਰਚ ਫਿਰ ਸੁੱਕਾ ਲੰਘਿਆ। ਆਮ ਤੌਰ ਉੱਤੇ ਅਪਰੈਲ ਵਿੱਚ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਸੀ ਪਰ ਇਸ ਸਾਲ ਕੁਝ ਪਹਾੜੀ ਖੇਤਰਾਂ ਵਿੱਚ ਫਿਰ ਬਰਫ਼ਬਾਰੀ ਹੋਈ ਜੋ ਰਵਾਇਤੀ ਮੌਸਮ ਨਾਲੋਂ ਬਿਲਕੁਲ ਅਲੱਗ ਅਤੇ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਅਪਰੈਲ ਵਿੱਚ ਪਈ ਬਰਫ਼ ਤਾਪਮਾਨ ਵਿੱਚ ਹੋ ਰਹੇ ਵਾਧੇ ਨਾਲ ਤੇਜ਼ੀ ਨਾਲ ਪਿਘਲੇਗੀ ਜਿਸ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਜਾਵੇਗਾ। ਦੂਰ-ਦੁਰੇਡੇ ਉੱਚੀਆਂ ਪਹਾੜੀਆਂ ਤੋਂ ਬਰਫ਼ ਦੇ ਵੱਡੇ ਤੋਦਿਆਂ ਦੇ ਹੇਠਾਂ ਵੱਲ ਖਿਸਕਣ ਨਾਲ ਲੋਕ ਅਚਨਚੇਤ ਹੀ ਉਨ੍ਹਾਂ ਥੱਲੇ ਦਬ ਸਕਦੇ ਹਨ। ਨਵੰਬਰ, ਦਸੰਬਰ ਅਤੇ ਜਨਵਰੀ ਵਿੱਚ ਪਈ ਬਰਫ਼ ਘੱਟ ਤਾਪਮਾਨ ਕਾਰਨ ਹੌਲੀ-ਹੌਲੀ ਸਖ਼ਤ ਹੋ ਕੇ ਜੰਮ ਜਾਂਦੀ ਹੈ ਅਤੇ ਮਾਰਚ, ਅਪਰੈਲ ਵਿੱਚ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਨਾਲ ਹੌਲੀ-ਹੌਲੀ ਪਿਘਲਦੀ ਹੈ ਜਿਸ ਨਾਲ ਦਰਿਆਵਾਂ ਵਿੱਚ ਪਾਣੀ ਛੋਟੀਆਂ-ਛੋਟੀਆਂ ਨਦੀਆਂ ਅਤੇ ਨਾਲਿਆਂ ਰਾਹੀਂ ਆ ਜਾਂਦਾ ਹੈ।
ਪਹਾੜੀ ਰਾਜਾਂ ਵਿੱਚ ਪਛੜ ਕੇ ਹੋਈ ਬਰਫ਼ਬਾਰੀ ਤੋਂ ਬਾਅਦ ਦੇਸ਼ ਦੇ ਪੂਰਬੀ ਅਤੇ ਦੱਖਣੀ ਰਾਜਾਂ ਵਿੱਚ ਵੀ ਆਮ ਨਾਲੋਂ ਵੱਖਰਾ ਮੌਸਮੀ ਵਰਤਾਰਾ ਵਾਪਰਿਆ। ਉੜੀਸਾ, ਪੱਛਮੀ ਬੰਗਾਲ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਤੱਟਵਰਤੀ ਰਾਜ ਅਪਰੈਲ ਦੇ ਮਹੀਨੇ ਵਿੱਚ ਗਰਮ ਲਹਿਰਾਂ ਦੀ ਲਪੇਟ ਵਿੱਚ ਆ ਗਏ। ਇਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਉੱਤਰੀ ਪੱਛਮੀ ਰਾਜਾਂ ਵਿੱਚ ਵੀ ਤਾਪਮਾਨ ਦੇ ਵਾਧੇ ਦਾ ਅਸਰ ਦਿਖਾਈ ਦੇਣ ਲੱਗਿਆ। 15 ਮਈ ਤੋਂ 18 ਜੂਨ ਤੱਕ ਦੇ ਅਰਸੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਪਮਾਨ ਲਗਾਤਾਰਤਾ ਵਿੱਚ 40 ਡਿਗਰੀ ਸੈਲਸੀਅਸ ਜਾਂ ਉਸ ਤੋਂ ਉੱਤੇ ਰਿਕਾਰਡ ਕੀਤਾ ਗਿਆ। ਕੁਝ ਖੇਤਰਾਂ ਵਿੱਚ ਕੁਝ ਦਿਨ ਤਾਪਮਾਨ 45 ਤੋਂ 49 ਡਿਗਰੀ ਤੱਕ ਵੀ ਪਹੁੰਚ ਗਿਆ। ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਮਾਰੂ ਇਲਾਕਿਆਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਅਤੇ ਇਸ ਤੋਂ ਉੱਤੇ ਵੀ ਰਿਕਾਰਡ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਨੇ ਆਪਣੀ ਮਈ 2024 ਦੀ ਰਿਪੋਰਟ ਵਿੱਚ ਪੇਸ਼ੀਨਗੋਈ ਕੀਤੀ ਸੀ ਕਿ ਹੁਣ ਦੇਸ਼ ਦੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਦਿਨਾਂ ਲਈ ਗਰਮ ਲਹਿਰਾਂ ਦਾ ਸੰਤਾਪ ਝੱਲਣਾ ਪੈ ਸਕਦਾ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਦੇ ਉੱਤਰੀ ਰਾਜ ਜੋ ਪਹਿਲਾਂ ਤਿੰਨ ਦਿਨ ਗਰਮ ਲਹਿਰਾਂ ਦੀ ਮਾਰ ਝੱਲਦੇ ਹਨ, ਉਨ੍ਹਾਂ ਦੀ ਗਿਣਤੀ 5 ਤੋਂ 7 ਦਿਨ, ਦੱਖਣੀ ਰਾਜਾਂ ਵਿੱਚ ਦੁੱਗਣੀ ਅਤੇ ਦੱਖਣੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਮਰਾਠਵਾੜਾ, ਗੁਜਰਾਤ ਆਦਿ ਰਾਜਾਂ ਵਿੱਚ 8 ਤੋਂ 11 ਦਿਨ ਹੋ ਸਕਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਮੌਸਮ ਵਿਭਾਗ ਵੀ ਕਿਆਸਆਰਾਈਆਂ ਹੀ ਲਗਾ ਰਿਹਾ ਸੀ ਅਤੇ ਇਸ ਤਰ੍ਹਾਂ ਦੇ 35 ਦਿਨਾਂ (15 ਮਈ ਤੋਂ 18 ਜੂਨ) ਵਿੱਚ ਗਰਮ ਲਹਿਰਾਂ ਦਾ ਕਹਿਰ ਉਨ੍ਹਾਂ ਦੀ ਸੋਚ ਅਤੇ ਖੋਜ ਤੋਂ ਦੂਰ ਦੀ ਗੱਲ ਸੀ। ਕੁਝ ਸਾਲ ਪਹਿਲਾਂ ਗਰਮ ਲਹਿਰਾਂ ਦੀ ਆਮਦ ਉੱਤਰ ਮੈਦਾਨੀ ਅਤੇ ਮੱਧਵਰਤੀ ਰਾਜਾਂ ਤੱਕ ਹੀ ਸੀਮਤ ਹੁੰਦੀ ਸੀ ਪਰ ਹੁਣ ਇਨ੍ਹਾਂ ਦੀ ਆਮਦ ਭਾਰਤ ਦੇ ਮੌਸਮ ਵਿਭਾਗ ਅਨੁਸਾਰ 23 ਰਾਜਾਂ ਤੱਕ ਰਿਕਾਰਡ ਕੀਤੀ ਗਈ। ਦੱਖਣੀ ਤੱਟਵਰਤੀ ਰਾਜਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਪਹਾੜੀ ਰਾਜ ਵੀ ਇਸ ਸਾਲ ਇਨ੍ਹਾਂ ਦੀ ਲਪੇਟ ਵਿੱਚ ਆ ਗਏ ਹਨ।
ਪਹਾੜੀ ਰਾਜਾਂ ਵਿੱਚ ਗਰਮ ਲਹਿਰਾਂ ਦੀ ਆਮਦ ਭਾਰਤ ਲਈ ਬਹੁਤ ਚਿੰਤਾ ਵਾਲਾ ਵਿਸ਼ਾ ਹੈ। ਇਹ ਗੰਭੀਰ ਚਿਤਾਵਨੀ ਵੱਲ ਇਸ਼ਾਰਾ ਹੈ। ਪਹਾੜੀ ਰਾਜਾਂ ਵਿੱਚ ਤਾਪਮਾਨ ਵਧਣ ਨਾਲ ਗਲੇਸ਼ੀਅਲ ਝੀਲਾਂ ਫਟਣ ਦਾ ਖ਼ਤਰਾ ਵਧ ਰਿਹਾ ਹੈ। ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ ਦੀ ਖੋਜ ਅਨੁਸਾਰ ਹਿਮਾਲੀਆ ਵਿਚਲੀਆਂ ਚਾਰ ਗਲੇਸ਼ੀਅਲ ਝੀਲਾਂ ਵਿੱਚੋਂ ਇੱਕ ਦਾ ਆਕਾਰ 10 ਹੈਕਟੇਅਰ ਤੋਂ ਵੱਧ ਹੈ। ਇਹ ਵੱਡੀਆਂ ਗਲੇਸ਼ੀਅਲ ਝੀਲਾਂ ਕਿਸੇ ਸਮੇਂ ਵੀ ਫਟ ਸਕਦੀਆਂ ਹਨ ਜੋ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਭਾਰੀ ਹੜ੍ਹ ਲਿਆ ਸਕਦੀਆਂ ਹਨ। ਅਕਤੂਬਰ 2023 ਵਿੱਚ ਸਿੱਕਮ ਵਿੱਚ ਲੋਹਨੈੱਕ ਗਲੇਸ਼ੀਅਲ ਝੀਲ ਫਟਣ ਨਾਲ ਰਾਜ ਵਿੱਚ ਭਿਆਨਕ ਹੜ੍ਹ ਆਏ ਸਨ ਅਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਤਾਪਮਾਨ ਦੇ ਵਾਧੇ ਨਾਲ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੀ ਕਈ ਗੁਣਾ ਵਾਧਾ ਹੋ ਰਿਹਾ ਹੈ। ਇਸ ਦੀ ਇੱਕ ਉਦਾਹਰਨ ਉਤਰਾਖੰਡ ਦੀ ਹੈ। ਉਤਰਾਖੰਡ ਵਿੱਚ ਇਸ ਸਾਲ 29 ਮਈ ਤੋਂ 19 ਜੂਨ ਤੱਕ ਤਾਪਮਾਨ 40 ਡਿਗਰੀ ਤੋਂ 44 ਡਿਗਰੀ ਸੈਲਸੀਅਸ ਤੱਕ ਰਿਹਾ ਹੈ; ਭਾਵ, ਰਾਜ ਗੰਭੀਰ ਗਰਮ ਹਵਾਵਾਂ ਦੀ ਲਪੇਟ ਵਿੱਚ ਸੀ। ਤਾਪਮਾਨ ਵਿੱਚ ਇੰਨੇ ਜ਼ਿਆਦਾ ਵਾਧੇ ਕਾਰਨ ਹੀ ਇੱਥੋਂ ਦਾ 1747 ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਿਆ।
ਇਹ ਦੱਸਣਾ ਜ਼ਰੂਰੀ ਹੈ ਕਿ ਤਾਪਮਾਨ ਵਿੱਚ ਵਾਧੇ ਨਾਲ ਹਿੰਦ ਮਹਾਸਾਗਰ ਦਾ ਪਾਣੀ ਬਾਕੀ ਸਮੁੰਦਰਾਂ ਦੇ ਪਾਣੀ ਨਾਲੋਂ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਮਈ ਮਹੀਨੇ ਵਿੱਚ ਜਦੋਂ ਬੰਗਾਲ ਦੀ ਖਾੜੀ ਵਿੱਚ ਰੀਮਲ ਚੱਕਰਵਾਤ ਆਇਆ ਸੀ ਉਦੋਂ ਬੰਗਾਲ ਦੀ ਖਾੜੀ ਦੇ ਪਾਣੀ ਦਾ ਤਾਪਮਾਨ 32 ਡਿਗਰੀ ਸੈਲਸੀਅਸ ਸੀ ਜਿਸ ਨਾਲ ਤੇਜ਼ ਗਤੀ ਵਾਲਾ ਚੱਕਰਵਾਤ ਸਹਿਜੇ ਹੀ ਬਣ ਸਕਦਾ ਸੀ। ਇਸ ਚੱਕਰਵਾਤ ਨੇ ਉੜੀਸਾ, ਪੱਛਮੀ ਬੰਗਾਲ ਦੇ ਨਾਲ-ਨਾਲ ਦੇਸ਼ ਦੇ ਸੱਤ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਪਾਇਆ ਜਿਸ ਨਾਲ ਇਨ੍ਹਾਂ ਰਾਜਾਂ ਵਿੱਚ ਹੜ੍ਹ ਆਉਣ, ਪਹਾੜ ਖਿਸਕਣ/ਢਿੱਗਾਂ ਗਿਰਨ ਕਾਰਨ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਿੰਦ ਮਹਾਸਾਗਰ ਦੇ ਪਾਣੀ ਦੇ ਗਰਮ ਹੋਣ ਨਾਲ ਹੁਣ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਤੱਟਵਰਤੀ ਖੇਤਰਾਂ ਵਿੱਚ ਸਥਿਤ ਭਾਰਤ ਦੇ 14 ਰਾਜਾਂ/ਕੇਂਦਰੀ ਸ਼ਾਸ਼ਤ ਰਾਜਾਂ ਦੇ ਨਾਲ ਨਾਲ ਸੱਤ ਉੱਤਰੀ-ਪੂਰਬੀ ਰਾਜ ਵੀ ਸਮੁੰਦਰੀ ਆਫ਼ਤਾਂ ਦੀ ਲਪੇਟ ਵਿੱਚ ਆ ਰਹੇ ਹਨ।
ਭਾਰਤੀ ਮੌਸਮ ਵਿਭਾਗ ਦੀ ਇੱਕ ਹੋਰ ਭੱਵਿਖਬਾਣੀ ਅਨੁਸਾਰ ਇਸ ਸਾਲ ਮੌਨਸੂਨ ਪੌਣਾਂ ਨਾਲ ਔਸਤ ਜਾਂ ਉਸ ਤੋਂ ਵੱਧ ਮੀਂਹ ਪੈ ਸਕਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇ 2023 ਵਿੱਚ ਐਲ-ਨੀਨੋ ਕਾਰਨ ਔਸਤ ਨਾਲੋਂ ਘੱਟ ਮੀਂਹ ਪੈਣ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ ਪਹਾੜੀ ਰਾਜਾਂ ਵਿੱਚ ਹੜ੍ਹ ਆਉਣ ਨਾਲ ਭਾਰੀ ਨੁਕਸਾਨ ਹੋ ਗਿਆ ਸੀ, ਇਸ ਵਾਰ ਔਸਤ ਜਾਂ ਉਸ ਤੋਂ ਵੱਧ ਮੀਂਹ ਨਾਲ ਸਥਿਤੀਆਂ ਕਿਹੋ ਜਿਹੀਆਂ ਹੋ ਸਕਦੀਆਂ ਹਨ? ਕੀ ਹੁਣ ਦੇਸ਼ ਗਰਮ ਲਹਿਰਾਂ ਦਾ ਸੰਤਾਪ ਹੰਢਾਉਣ ਤੋਂ ਬਾਅਦ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਵਿੱਚ ਤਾਂ ਨਹੀਂ ਫਸ ਜਾਵੇਗਾ? ਜੇ ਭਾਰਤ ਅਤੇ ਇੱਥੋਂ ਦੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਦੇ ਚੱਕਰਵਿਊ ਤੋਂ ਬਚਾਉਣਾ ਹੈ ਤਾਂ ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕਰਨ। ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਊਰਜਾ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰਨ, ਜਨਤਕ ਆਵਾਜਾਈ ਦੇ ਸਾਧਨਾਂ ਨੂੰ ਤਰਜੀਹੀ ਤੌਰ ਉੱਤੇ ਦੇਸ਼ ਦੇ ਹਰ ਇੱਕ ਹਿੱਸੇ ਤੱਕ ਪਹੁੰਚਾਉਣ ਤਾਂ ਕਿ ਲੋਕ ਪ੍ਰਾਈਵੇਟ ਵਾਹਨਾਂ ਦੀ ਥਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਆਪ-ਮੁਹਾਰੇ ਹੀ ਤਰਜੀਹ ਦੇਣ ਲੱਗ ਪੈਣ। ਜੰਗਲਾਂ ਥੱਲੇ ਤੇਜ਼ੀ ਨਾਲ ਰਕਬਾ ਵਧਾਉਣ ਅਤੇ ਹਰ ਇੱਕ ਖੇਤਰ ਵਿੱਚ ਸਜਾਵਟੀ ਅਤੇ ਵਪਾਰਕ ਦਰਖ਼ਤ ਲਗਾਉਣ ਤੋਂ ਗੁਰੇਜ਼ ਕਰਨ, ਇਨ੍ਹਾਂ ਦੀ ਥਾਂ ਸਥਾਨਕ ਦਰਖ਼ਤ ਲਗਾਉਣ ਨੂੰ ਯਕੀਨੀ ਬਣਾਉਣ। ਕੇਂਦਰ ਸਰਕਾਰ ਕੌਮਾਂਤਰੀ ਪੱਧਰ ਉੱਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਖੇਤਰ ਦੀਆਂ ਭੂਗੋਲਿਕ ਹਾਲਾਤ ਦੇ ਅਨੁਸਾਰ ਹੀ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਬਣਾਉਣ। ਉਸਾਰੀ ਦੇ ਕੰਮ ਅਤੇ ਫ਼ਸਲਾਂ ਦੀ ਚੋਣ ਵੀ ਖੇਤਰ ਦੇ ਪੌਣ-ਪਾਣੀ ਅਤੇ ਭੂਗੋਲਿਕ ਹਾਲਾਤ ਅਨੁਸਾਰ ਹੀ ਹੋਣੀ ਚਾਹੀਦੀ ਹੈ। ਪਹਾੜੀ ਖੇਤਰਾਂ ਵਿੱਚ ਜੰਗਲੀ ਅੱਗਾਂ ਤੋਂ ਬਚਣ ਲਈ ਚੀਲ ਦੀ ਥਾਂ ਉੱਤੇ ਓਕ ਅਤੇ ਦਿਓਦਾਰ ਦੇ ਦਰਖ਼ਤ ਲਗਾਉਣੇ ਚਾਹੀਦੇ ਹਨ। ਮੈਦਾਨੀ ਖੇਤਰਾਂ ਵਿੱਚ ਵਧਦੇ ਤਾਪਮਾਨ ਦੀ ਮਾਰ ਤੋਂ ਬਚਣ ਲਈ ਪਿੱਪਲ, ਟਾਹਲੀ ਅਤੇ ਬਰੋਟੇ ਵਰਗੇ ਛਾਂਦਾਰ ਅਤੇ ਅੰਬ, ਜਾਮੁਨ, ਅਮਰੂਦ ਆਦਿ ਵਰਗੇ ਫਲਦਾਰ ਦਰਖ਼ਤ ਲਗਾਉਣੇ ਚਾਹੀਦੇ ਹਨ ਤਾਂ ਕਿ ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਉਣ ਦੇ ਨਾਲ-ਨਾਲ ਘੱਟ ਆਮਦਨ ਵਾਲੇ ਲੋਕ ਵੀ ਛਾਂ ਅਤੇ ਫਲਾਂ ਤੋਂ ਵਾਂਝੇ ਨਾ ਰਹਿਣ। ਇਸ ਤੋਂ ਇਲਾਵਾ ਦੇਸ਼ ਦੇ ਹਰ ਨਾਗਰਿਕ ਨੂੰ ਕੁਦਰਤੀ ਵਾਤਾਵਰਨ ਨੂੰ ਸਾਵਾਂ ਰੱਖਣ ਲਈ ਬਣਦੇ ਉਪਰਾਲੇ ਕਰਨੇ ਚਾਹੀਦੇ ਹਨ। ਜੇ ਸਾਰੇ ਪੱਧਰਾਂ ਉੱਤੇ ਸੰਜੀਦਗੀ ਨਾਲ ਉਪਰਾਲੇ ਕੀਤੇ ਜਾਣਗੇ ਤਾਂ ਹੀ ਭਾਰਤ ਮੌਸਮੀ ਤਬਦੀਲੀਆਂ ਨਾਲ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੇ ਚੱਕਰਵਿਊ ਵਿੱਚੋਂ ਨਿਕਲ ਸਕਦਾ ਹੈ।