ਕੈਨੇਡਾ ਹੁਣ ਦੁਨੀਆ ਭਰ ਦੇ ਸਭ ਤੋਂ ਘੱਟ ਜਨਨ ਦਰ ਵਾਲੇ ਮੁਲਕਾਂ ‘ਚ ਹੋਇਆ ਸ਼ਾਮਲ
ਸਰੀ, (ਸਿਮਰਨਜੀਤ ਕੌਰ): ਕੈਨੇਡਾ ਦੀ ਜਨਨ ਦਰ, ਜੋ ਕਿ ਪਿਛਲੇ ਕਈ ਸਾਲਾਂ ਤੋਂ ਥੋੜ੍ਹੀ-ਥੋੜ੍ਹੀ ਕਰਕੇ ਘਟ ਰਹੀ ਸੀ, 2023 ਵਿੱਚ ਵੀ ਰਿਕਾਰਡ ਪੱਧਰ ‘ਤੇ ਘਟ ਦਰਜ ਹੋਈ ਹੈ ਜਿਸ ਤੋਂ ਬਾਅਦ ਹੁਣ ਨਵੇਂ ਅੰਕੜਿਆਂ ਅਨੁਸਾਰ, ਕੈਨੇਡਾ ਦਾ ਫਰਟਿਲਿਟੀ ਰੇਟ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੀ ਜਨਨ ਦਰ ਸਭ ਤੋਂ ਹੇਠਾਂ ਹੈ।
ਬੁੱਧਵਾਰ ਨੂੰ ਜਾਰੀ ਕੀਤੇ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, 2023 ਵਿੱਚ ਕੈਨੇਡਾ ਦੀ ਔਸਤ ਜਨਨ ਦਰ 1.26 ਬੱਚੇ ਪ੍ਰਤੀ ਔਰਤ ਸੀ, ਜੋ ਕਿ 1961 ਤੋਂ ਲਗਾਤਾਰ ਅੰਕੜੇ ਇਕੱਠੇ ਕੀਤੇ ਜਾਣ ਤੋਂ ਬਾਅਦ ਸਭ ਤੋਂ ਘੱਟ ਪੱਧਰ ‘ਤੇ ਪਹੁੰਚ ਗਈ ਹੈ। ਇਹ ਰਿਕਾਰਡ ਘੱਟ ਜਨਨ ਦਰ ਦੇਸ਼ ਦੇ ਸਾਰੇ 13 ਸੂਬਿਆਂ ਵਿੱਚੋਂ 10 ਵਿੱਚ ਦਰਜ ਕੀਤੀ ਗਈ ਹੈ। ਫਰਟਿਲਿਟੀ ਰੇਟ ਇੱਕ ਅੰਦਾਜ਼ਾ ਹੁੰਦਾ ਹੈ ਕਿ ਔਸਤ ਵਿੱਚ ਇਕ ਔਰਤ ਆਪਣੀ ਜਨਨ ਸਮਰੱਥਾ ਦੇ ਸਮੇਂ ਵਿੱਚ ਕਿੰਨੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ। 2022 ਵਿੱਚ ਵੀ ਜਨਨ ਦਰ 1.33 ਸੀ, ਜੋ ਕਿ ਉਸ ਸਮੇਂ ਵੀ ਇੱਕ ਰਿਕਾਰਡ ਸਭ ਤੋਂ ਘੱਟ ਹੋਣ ਦਾ ਰਿਕਾਰਡ ਬਣਿਆ ਸੀ। ਪਰ ਹੁਣ 2023 ਵਿੱਚ ਇਹ ਰਿਕਾਰਡ ਮੁੜ ਟੁੱਟ ਗਿਆ ਹੈ।
ਕੁੱਲ ਮਿਲਾ ਕੇ, 2023 ਵਿੱਚ ਕਨੇਡਾ ਵਿੱਚ 351,477 ਬੱਚਿਆਂ ਦਾ ਜਨਮ ਹੋਇਆ, ਜੋ ਕਿ 2022 ਦੇ ਅੰਕੜਿਆਂ ਨਾਲ ਮਿਲਦੇ-ਜੁਲਦੇ ਹਨ। ਨਵੀਂ ਫਰਟਿਲਿਟੀ ਦੇ ਅੰਕੜਿਆਂ ਨਾਲ, ਕੈਨੇਡਾ ਹੁਣ 1.3 ਜਾਂ ਇਸ ਤੋਂ ਘੱਟ ਫਰਟਿਲਿਟੀ ਰੇਟ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਇਸ ਸ਼੍ਰੇਣੀ ਵਿੱਚ ਦੱਖਣੀ ਕੋਰੀਆ, ਸਪੇਨ, ਇਟਲੀ ਅਤੇ ਜਪਾਨ ਵੀ ਸ਼ਾਮਲ ਹਨ। ਜਨਵਰੀ ਵਿੱਚ ਜਾਰੀ ਹੋਈ ਇੱਕ ਰਿਪੋਰਟ ਅਨੁਸਾਰ, ਕੈਨੇਡਾ ਵੀ ਹੋਰ ਦੇਸ਼ਾਂ ਵਾਂਗ ”ਫਰਟਿਲਿਟੀ ਪੈਂਡੈਮਿਕ ਰੋਲਰਕੋਸਟਰ” ਨਾਲ ਗੁਜ਼ਰ ਰਿਹਾ ਹੈ, ਜਿੱਥੇ ਕਈ ਪਰਿਵਾਰਾਂ ਨੇ ਬੱਚੇ ਪੈਦਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰਿਆ ਹੈ। ਰਿਪੋਰਟ ਅਨੁਸਾਰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਰਥਿਕ ਅਤੇ ਸਮਾਜਕ ਹਾਲਾਤਾਂ ਨੇ ਕਈ ਤਬਦੀਲੀਆਂ ਪੈਦਾ ਕੀਤੀਆਂ, ਜਿਸ ਨਾਲ ਕੁਝ ਲੋਕਾਂ ਨੇ ਆਪਣੇ ਬੱਚਿਆਂ ਨੂੰ ਜਨਮ ਦੇਣ ਦੇ ਫੈਸਲੇ ਨੂੰ ਟਾਲਿਆ ਹੈ।
ਮਾਹਿਰ ਵੀ ਲੰਬੇ ਸਮੇਂ ਦੀ ਆਰਥਿਕ ਅਸਥਿਰਤਾ, ਵਧ ਰਹੀ ਮਹਿੰਗਾਈ, ਬਦਲ ਰਹੀ ਜੀਵਨ ਸ਼ੈਲੀ ਅਤੇ ਨੌਕਰੀ ਸੰਬੰਧੀ ਫੈਸਲਿਆਂ ਨੂੰ ਕੈਨੇਡਾ ਵਿੱਚ ਜਨਨ ਦਰ ਘਟਣ ਦਾ ਮੁੱਖ ਕਾਰਕ ਮੰਨਦੇ ਹਨ।
ਇਸ ਮੁੱਦੇ ‘ਤੇ ਕਿੰਗਜ਼ ਯੂਨੀਵਰਸਿਟੀ ਕਾਲਜ ਦੇ ਡੈਮੋਗ੍ਰਾਫਰ ਡਾਨ ਕੇਰ ਨੇ ਕਿਹਾ, “ਅੱਜਕਲ ਦੇ ਖਰਚੇ ਬਹੁਤ ਵਧ ਗਏ ਹਨ। ਕੈਨੇਡਾ ਵਿੱਚ ਵਧੀ ਮਹਿੰਗਾਈ ਨੇ ਹਾਲਾਤ ਬਹੁਤ ਔਖੇ ਕਰ ਦਿੱਤੇ ਹਨ। ਬਹੁਤ ਸਾਰੇ ਜੋੜੇ ਆਪਣੀਆਂ ਤਨਖਾਹਾਂ ਅਤੇ ਖਰਚਿਆਂ ਨੂੰ ਦੇਖਦੇ ਹੋਏ ਕਹਿੰਦੇ ਹਨ, ‘ਸ਼ਾਇਦ ਇਹ ਬੱਚੇ ਪੈਦਾ ਕਰਨ ਦਾ ਸਹੀ ਸਮਾਂ ਨਹੀਂ ਹੈ।’
ਸਟੈਟਕੈਨ ਦੇ ਅੰਕੜੇ ਇਸ ਗੱਲ ਨੂੰ ਵੀ ਦਰਸਾਉਂਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਪ੍ਰੀਮੈਚੂਰ ਜਨਮਾਂ ਦੀ ਦਰ ਵਿੱਚ ਵਾਧਾ ਹੋਇਆ ਹੈ। 2023 ਵਿੱਚ, ਇਹ ਦਰ 8.3% ਰਹੀ, ਜੋ ਕਿ ਪਿਛਲੇ 50 ਸਾਲਾਂ ਵਿੱਚ ਸਭ ਤੋਂ ਉੱਚੀ ਹੈ। ਪ੍ਰੀਮੈਚੂਰ ਜਨਮ ਉਹ ਹੁੰਦਾ ਹੈ ਜਦੋਂ ਬੱਚਾ 37 ਹਫ਼ਤਿਆਂ ਤੋਂ ਪਹਿਲਾਂ ਹੀ ਜਨਮ ਲੈਂਦਾ ਹੈ। ਇਸ ਨਾਲ ਬੱਚਿਆਂ ਵਿੱਚ ਬਿਮਾਰੀਆਂ, ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਦਾ ਖਤਰਾ ਵਧ ਜਾਂਦਾ ਹੈ। ਰਿਪੋਰਟ ਅਨੁਸਾਰ ਪ੍ਰੀਮੈਚੂਰ ਜਨਮਾਂ ਦੀ ਵੱਧ ਰਹੀ ਦਰ ਦਾ ਕਾਰਨ ਵੱਡੀ ਉਮਰ ਦੀਆਂ ਮਾਵਾਂ ਦੀ ਵਧ ਰਹੀ ਸੰਖਿਆ ਹੋ ਸਕਦੀ ਹੈ, ਕਿਉਂਕਿ ਉਮਰ ਵੱਧਣ ਨਾਲ ਪ੍ਰੀਮੈਚੂਰ ਜਨਮ ਦਾ ਖਤਰਾ ਵੀ ਵੱਧ ਜਾਂਦੀ ਹੈ। ਪਿਛਲੇ ਸਾਲ, 35 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਾਵਾਂ ਦੀ ਸੰਖਿਆ 26.5% ਸੀ, ਜੋ ਕਿ 1993 ਵਿੱਚ ਸਿਰਫ਼ 10.7% ਸੀ।