ਮੇਰੇ ਪੰਜਾਬ ਦੀ ਇਹ ਤਸਵੀਰ ਨਹੀਂ।
ਅੱਜ ਮਿੱਠੜੇ ਇਹਦੇ ਪੰਜ ਨੀਰ ਨਹੀਂ।
ਮੱਲ ਅਖਾੜੇ ਨਿਤ ਸੀ ਲਗਦੇ,
ਹੁਣ ਘੁਲਣ ਈ ਵਾਲੇ ਸਰੀਰ ਨਹੀਂ।
ਪਿੰਡਾਂ ਚ ਭਾਈਚਾਰਾ ਸੀ ਨਿੱਘਾ,
ਹੁਣ ਕਿਸੇ ਨੂੰ ਕਿਸੇ ਦੀ ਪੀੜ ਨਹੀਂ।
ਅੰਨੀ ਸਿਆਸਤ ਘਰ ਘਰ ਪਹੁੰਚੀ,
ਸਬਰ ਸਹਿਣਸ਼ੀਲਤਾ ਧੀਰ ਨਹੀਂ ।
ਸੰਝ ਸਵੇਰੇ ਧਾਰਾਂ ਸਨ ਕੱਢਦੇ,
ਹੁਣ ਘਰ ਦੇ ਦੁੱਧ ਖੀਰ ਨਹੀਂ।
ਅਵੱਲੇ ਨਸ਼ਿਆਂ ਦੇ ਗੋਲੇ ਹੋ ਗਏ,
ਗ਼ੈਰਤ ਗਹਿਣੇ, ਕੋਈ ਜ਼ਮੀਰ ਨਹੀਂ।
ਨਾਨਕ ਵਾਲਾ ਰਾਹ ਤੂੰ ਤਿਆਗਿਆ,
ਜਿਸ ਪੀਰ ਜਿਹਾ ਕੋਈ ਪੀਰ ਨਹੀਂ ।
ਕਿਹੜੇ ਰਾਹ ਪੰਜਾਬ ਪਿਐਂ? ਤੈਨੂੰ –
ਵਿਰਸਿਓਂ ਮਿਲੀ ਆਹ ਤਾਸੀਰ ਨਹੀਂ।
ਅਕ੍ਰਿਤਘਣਾਂ ਤੈਨੂੰ ਘੇਰਾ ਪਾਇਆ,
ਤੇਰੇ ਛੁੱਟਣ ਦੀ ਕੋਈ ਤਦਬੀਰ ਨਹੀਂ ।
ਨਾ ਅੰਬ, ਨਿੰਮ, ਬੋਹੜ , ਟਾਹਲੀਆਂ,
‘ਨਾਕਾਮ’, ਲੱਭਣ ਕਿਤੇ ਕਰੀਰ ਨਹੀਂ।
ਲੇਖਕ : ਗੁਰਬਖਸ਼ ਸਿੰਘ ‘ਨਾਕਾਮ’
+1 864 318 5500