ਸਰੀ (ਸਿਮਰਨਜੀਤ ਸਿੰਘ): ਪੰਜਾਬੀ ਸਾਹਿਤ ਦੀ ਝੋਲੀ ਵਿੱਚ 38 ਕਿਤਾਬਾਂ ਪਾਉਣ ਵਾਲੇ ਪੰਥਕ ਕਵੀ ਅਤੇ ਗੁਰਮਤਿ ਦੇ ਵਿਦਵਾਨ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਬਾਣੀ ਬਿਰਲਉ ਬੀਚਾਰਸੀ’ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਹੋਇਆ, ਜਿੱਥੇ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਕੁੰਦਨ ਸਿੰਘ ਸੱਜਣ, ਮੌਜੂਦਾ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਧਾਲੀਵਾਲ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਸਮੇਤ, ਸਮੂਹ ਸੇਵਾਦਾਰਾਂ ਨੇ ਕਿਤਾਬ ਰਿਲੀਜ਼ ਕੀਤੀ।ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਸੰਗਤ ਤੇ ਪ੍ਰਬੰਧਕ ਸਾਹਿਬਾਨ ਵੱਲੋਂ ਗਿਆਨੀ ਕੇਵਲ ਸਿੰਘ ਨਿਰਦੋਸ਼ ਨੂੰ ਸਨਮਾਨ ਪੱਤਰ ਦੇ ਨਾਲ, 500 ਡਾਲਰ ਦੇ ਕੇ ਭਰੀ ਸੰਗਤ ਵਿੱਚ, ਸਨਮਾਨਿਆ ਗਿਆ।
ਇਸ ਮੌਕੇ ‘ਤੇ ਕਿਤਾਬ ਅਤੇ ਲੇਖਕ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਨਿਰਦੋਸ਼ ਵੱਲੋਂ ਸਮੁੱਚੀ ਲਿਖਤ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਰਚੀ ਗਈ ਹੈ। ਕਿਤਾਬ ਲੋਕ ਅਰਪਣ ਦੇ ਵਿਸ਼ੇਸ਼ ਦਿਹਾੜੇ ਦੀ ਅਹਿਮੀਅਤ ਬਾਰੇ ਉਹਨਾਂ ਕਿਹਾ ਕਿ ਇਹ ਸਮਾਗਮ ਜਿੱਥੇ ਸਿੰਘ ਸਭਾ ਲਹਿਰ ਦੇ ਆਗੂ ਪ੍ਰੋਫੈਸਰ ਗੁਰਮੁਖ ਸਿੰਘ, ‘ਸੱਚ ਅਤੇ ਸੁਲਾਹ’ ਮੂਲ ਨਿਵਾਸੀਆਂ ਦੇ ਦਿਹਾੜੇ ਅਤੇ ਗੁਰੂ ਨਾਨਕ ਜਹਾਜ਼ ਦੇ 29 ਸਤੰਬਰ 1914 ਦੇ ਸ਼ਹੀਦੀ ਸਾਕੇ ਦੇ ਮਹੱਤਵ ਨੂੰ ਦਰਸਾਉਂਦਾ ਹੈ, ਉਥੇ ਨਿਰਦੋਸ਼ ਜੀ ਦੀਆਂ ਲਿਖਤਾਂ ਵੀ ਸਿੱਖ ਵਿਰਸੇ, ਇਤਿਹਾਸ ਅਤੇ ਗੁਰਬਾਣੀ ਉਪਦੇਸ਼ ਅਤੇ ਚਾਨਣ ‘ਤੇ ਕੇਂਦਰਿਤ ਹਨ।
ਉਪਰੰਤ ਕਵੀ ਅਤੇ ਵਿਦਵਾਨ ਗਿ. ਕੇਵਲ ਸਿੰਘ ਨਿਰਦੋਸ਼ ਨੇ ਸਿਹਤ ਚੁਣੌਤੀਆਂ ਦੇ ਬਾਵਜੂਦ, ਲਿਖਣ ਸੰਘਰਸ਼ ਬਾਰੇ ਰੋਸ਼ਨੀ ਪਾਈ ਅਤੇ ਆਪਣੀ ਪੁਸਤਕ ‘ਬਾਣੀ ਬਿਰਲਉ ਬੀਚਾਰਸੀ’ (ਭਾਵ ਅਰਥੀ ਕਾਵਿ ਵਿਆਖਿਆ) ਬਾਰੇ ਵਿਚਾਰ ਚਰਚਾ ਕੀਤੀ। ਉਨਾਂ ਸਿੱਖ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਦੀ ਅਗਵਾਈ ਵਿੱਚ ਸਿੱਖ ਮਿਸ਼ਨਰੀ ਕਾਲਜ ਤੋਂ ਵਿਦਿਆ ਲੈਣ ਤੋਂ ਲੈ ਕੇ ਸਮੁੱਚੇ ਜੀਵਨ ਤੇ ਸਫਰ ਦੌਰਾਨ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਚਾਰ ਅਤੇ ਪ੍ਰਸਾਰ ਦੇ ਬਾਰੇ ਸਾਹਿਤਕ ਅਨੁਭਵ ਸਾਂਝੇ ਕੀਤੇ। ਇਸ ਕਿਤਾਬ ਵਿੱਚ ਗਿਆਨੀ ਜੀ ਨੇ ਸੋ ਦਰੁ ਤੇਰਾ ਕੇਹਾ ਤੋਂਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ, ਅਲਾਹਣੀਆ, ਸਤੇ ਬਲਵੰਡ ਦੀ ਵਾਰ, ਰਾਮਕਲੀ ਸਦੁ ਤੇ ਤੁਖਾਰੀ ਬਾਰਹਮਾਹ ਦੀ ਭਾਵ-ਅਰਥੀ ਵਿਆਖਿਆ ਕੀਤੀ ਹੈ। ਪਿਛਲੇ ਕੁਝ ਅਰਸੇ ਤੋਂ ਗਿਆਨੀ ਨਿਰਦੋਸ਼ ਜੀ ਦੀ ਸਿਹਤ ਨਾਸਾਜ਼ ਚੱਲ ਰਹੀ ਹੈ, ਪਰ ਮਾਨਸਿਕ ਤੌਰ ਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਲਗਾਤਾਰ ਗੁਰਬਾਣੀ ਦੇ ਭਾਵ ਅਰਥੀ ਟੀਕੇ ਲਿਖ ਰਹੇ ਹਨ।
ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ਵਿੱਚ ਡਾ. ਪੂਰਨ ਸਿੰਘ ਗਿੱਲ, ਮੋਹਨ ਸਿੰਘ ਗਿੱਲ, ਜਰਨੈਲ ਸਿੰਘ ਸੇਖਾ, ਚਮਕੌਰ ਸਿੰਘ ਸੇਖੋਂ, ਹਰਮਨ ਸਿੰਘ ਕੰਗ, ਵਕੀਲ ਅਮਰਜੀਤ ਸਿੰਘ ਚੀਮਾ ਤੇ ਉਹਨਾਂ ਦੇ ਸੁਪਤਨੀ ਅਤੇ ਸੰਗਤ ਰੂਪ ਵਿੱਚ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਪਰਿਵਾਰਾਂ ਸਮੇਤ ਆਏ। ਇੱਥੇ ਜ਼ਿਕਰਯੋਗ ਹੈ ਕਿ ‘ਬਾਣੀ ਬਿਰਲਉ ਬੀਚਾਰਸੀ’ ਦਾ ਸਾਰਾ ਖਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਨੇ ਕੀਤਾ। ਸਮਾਗਮ ਦੇ ਪ੍ਰਚਾਰ ਦਾ ਪ੍ਰਬੰਧ ਲਖਜੀਤ ਸਿੰਘ ਸਾਰੰਗ ਨੇ ਕੀਤਾ ਤੇ ਸੰਚਾਲਨ ਜਸਵਿੰਦਰ ਸਿੰਘ ਖਹਿਰਾ ਅਤੇ ਰੁਪਿੰਦਰਜੀਤ ਸਿੰਘ ਕਾਹਲੋਂ ਨੇ ਬਾਖ਼ੂਬੀ ਨਿਭਾਇਆ।