ਸੁਰਖ਼ ਸਵੇਰੇ ਸੁਫਨਾ ਆਇਆ
ਮਾਂ ਮੇਰੀ ਮੈਨੂੰ ਗੱਲ ਨਾਲ ਲਾਇਆ
ਘੁੱਟ ਕੇ ਸੀਨੇ ਲਾ ਕੇ ਅੰਮੜੀ
ਮੱਥਾ ਚੁੰਮ ਮੈਨੂੰ ਕੋਲ ਬਿਠਾਇਆ
ਸੁਰਖ਼ ਸਵੇਰੇ ਸੁਫਨਾ ਆਇਆ
ਸੁਫਨੇ ਵਿੱਚ ਮੈ ਘਰ ਸੀ ਪਹੁੰਚਿਆ
ਮਿਲਣੇ ਨੂੰ ਮੇਰਾ ਦਿਲ ਸੀ ਲੋਚਿਆ
ਚਾਰ ਸਾਲਾਂ ਦੀ ਦੂਰੀ ਪਿੰਡ ਤੋਂ
ਇੱਕ ਇੱਕ ਪਲ ਬੜਾ ਔਖਾ ਲੰਘਾਇਆ
ਸੁਰਖ਼ ਸਵੇਰੇ ਸੁਫਨਾ ਆਇਆ
ਸੁਫਨਾ ਵੀ ਮੈਨੂੰ ਸੱਚ ਸੀ ਜਾਪਿਆ
ਜਦ ਮਾਂ ਨੇ ਮੈਨੂੰ ਪੁੱਤ ਆਖਿਆ
ਕੰਨਾਂ ਵਿੱਚ ਰਸ ਘੁੱਲ ਗਿਆ ਸੀ
ਏਨੇ ਪਿਆਰ ਨਾਲ ਨਾ ਕਿਸੇ ਬੁਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ
ਭੈਣ-ਭਾਈ ਤੇ ਬਾਪੂ ਨੂੰ ਮਿਲਿਆ
ਫੁੱਲ ਸਧਰਾਂ ਦਾ ਦਿਲ ‘ਚ ਖਿਲਿਆ
ਦਾਦੇ ਨੂੰ ਮੈ ਫ਼ਤਿਹ ਬੁਲਾਈ
ਮੈਨੂੰ ਦਾਦੀ ਘੁੱਟ ਸੀਨੇ ਨਾਲ ਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ
ਸੁਫਨਾ ਮੇਰਾ ਟੁਟਿਆ ਜਦ ਸੀ
ਵਿਛੋੜੇ ਦੀ ਫਿਰ ਹੋ ਗਈ ਹੱਦ ਸੀ
ਰੂਹ ਮੇਰੀ ਨੂੰ ਹੌਲ ਜੇਹੇ ਪੈ ਗਏ
ਜਦ ਮੁੜ ਤੋਂ ਆਪ ਨੂੰ ਕੱਲਿਆ ਪਾਇਆ
ਸੁਰਖ਼ ਸਵੇਰੇ ਸੁਫਨਾ ਆਇਆ
ਲੇਖਕ : ਗੁਰਮੀਤ ਸਿੰਘ