ਲੇਖਕ : ਸ਼ਮੀਲਾ ਖ਼ਾਨ, ਸੰਪਰਕ: 99882-08123
ਮੁੰਬਈ ਦੀਆਂ ਕੁੜੀਆਂ ਨੇਹਾ ਠਾਕੁਰ ਅਤੇ ਤਮੰਨਾ ਮਿਸ਼ਰਾ ਨੇ ਅਨੋਖੇ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕੀਤਾ। ਗਾਲ਼ਾਂ ‘ਚ ਕਿਵੇਂ ਔਰਤ ਨਿਸ਼ਾਨਾ ਬਣਦੀ ਹੈ, ਇਸ ਭਾਵ ਨੂੰ ਲੈ ਕੇ ਇਨ੍ਹਾਂ ਕੁੜੀਆਂ ਨੇ ਗਾਲ਼ਾਂ ਦਾ ਲੰਮਾ ਚੌੜਾ ਸੰਗ੍ਰਹਿ ਤਿਆਰ ਕੀਤਾ ਹੈ। ਅੱਜ ਦੇ ਦੌਰ ‘ਚ ਜਦ ਔਰਤ ਆਪਣੇ ਆਪ ਨੂੰ ਪੁਰਸ਼ ਦੇ ਮੇਚ ਦਾ ਹੀ ਨਹੀਂ ਬਲਕਿ ਸਮਾਜਿਕ ਕੱਦ ਕਾਠ ‘ਚ ਰਤਾ ਉੱਚਾ ਹੀ ਸਮਝਦੀ ਹੈ ਤਾਂ ਗਾਲ਼ੀ ਗਲੋਚ ਦੀ ਭਾਸ਼ਾ ‘ਚ ਉਸ ਨੂੰ ਬੌਣੇਪਣ ਦਾ ਅਹਿਸਾਸ ਕਰਾਇਆ ਜਾਂਦਾ ਹੈ।
ਮੁੱਢ ਕਦੀਮ ਤੋਂ ਸਮਾਜ ‘ਚ ਗਾਲ਼ਾਂ ਦੀ ਮੌਜੂਦਗੀ ਕਿਸੇ ਨਾ ਕਿਸੇ ਰੂਪ ਵਿਚ ਰਹੀ ਹੈ। ਲੋਕ ਸਾਹਿਤ ‘ਚ ਪਹਿਲਾਂ ਕਦੇ ਗਾਲ਼ਾਂ ਦੀ ਹੁੱਬ ਨਹੀਂ ਪੈਂਦੀ ਸੀ। ਲੋਕ ਗੀਤਾਂ ‘ਚ ਸਿੱਠਣੀਆਂ ਗਾਲ਼ਾਂ ਦਾ ਸੋਧਿਆ ਰੂਪ ਕਿਹਾ ਜਾ ਸਕਦਾ ਹੈ। ਵਿਆਹ ਸਾਹੇ ‘ਤੇ ਸਿੱਠਣੀਆਂ ਮਨੋਰੰਜਨ ਵਾਲਾ ਰੰਗ ਭਰਦੀਆਂ ਸਨ ਜਿਨ੍ਹਾਂ ‘ਚ ਸਮਾਜਿਕ ਸਦਭਾਵ ਭਾਰੂ ਹੁੰਦਾ ਸੀ। ਕਿਸੇ ਨੂੰ ਦੁੱਖ ਪਹੁੰਚਾਉਣ ਲਈ ਨਹੀਂ, ਅਪਣੱਤ ਦੇ ਭਾਵ ‘ਚੋਂ ਹੇਕ ਲੱਗਦੀ ਸੀ। ਅਸਲ ਵਿਚ ਮਨੁੱਖ ਦੀ ਭਾਸ਼ਾ ਹੀ ਉਸ ਦਾ ਦਰਪਣ ਹੁੰਦੀ ਹੈ। ਇਸੇ ਦਰਪਣ ‘ਚੋਂ ਮਨੁੱਖ ਦੀ ਮਾਨਸਿਕਤਾ ਦੀ ਅਜ਼ਮਾਇਸ਼ ਹੋ ਸਕਦੀ ਹੈ।
ਇੰਝ ਕਿਉਂ ਹੁੰਦਾ ਹੈ ਕਿ ਜਦੋਂ ਦੋ ਆਦਮੀ ਆਪਸ ‘ਚ ਗਾਲ਼ੀ ਗਲੋਚ ‘ਤੇ ਉੱਤਰਦੇ ਹਨ ਤਾਂ ਗਾਲ਼ਾਂ ਦੀ ਭਾਸ਼ਾ ‘ਚ ਫੱਟ ਔਰਤ ਦੇ ਹੀ ਲੱਗਦੇ ਨੇ? ਨਵਾਂ ਪੋਚ ਤਾਂ ਮਜ਼ੇ ਖ਼ਾਤਿਰ ਹੁਣ ਗਾਲ਼ਾਂ ਕੱਢਣ ਨੂੰ ਸਹਿਜ ਨਾਲ ਲੈਂਦਾ ਹੈ। ਗਾਲ਼ਾਂ ‘ਚ ਕਿਸੇ ਦੀ ਮਾਂ, ਭੈਣ ਅਤੇ ਧੀ ਨਿਸ਼ਾਨਾ ਬਣਦੀ ਹੈ, ਉਹ ਵੀ ਬਿਨਾਂ ਕਸੂਰ ਤੋਂ। ਇੱਕ ਦੌਰ ਉਹ ਵੀ ਸੀ ਜਦੋਂ ਗਾਲ਼ਾਂ ਦੀ ਭਾਸ਼ਾ ‘ਚ ਸੰਜਮ ਹੁੰਦਾ ਸੀ, ਕੋਈ ਚੋਭ ਨਹੀਂ ਸੀ ਹੁੰਦੀ। ਗਿੱਧੇ ‘ਚ ਕੁੜੀਆਂ ਬੋਲੀ ਪਾਉਂਦੀਆਂ ਨੇ: ਜੈਤੋ ਦਾ ਕਿਲਾ ਟਪਾ’ਦੂੰ ਜੇ ਕੱਢੀ ਮਾਂ ਦੀ ਗਾਲ਼। ਅੰਦਾਜ਼ਾ ਲਾ ਲਓ, ਕਿਸੇ ਜ਼ਮਾਨੇ ‘ਚ ਔਰਤ ਦੇ ਚਰਿੱਤਰ ‘ਤੇ ਉਂਗਲ ਉਠਾਉਣ ਲਈ ਕੱਢੀ ਗਾਲ਼ ਦਾ ਖ਼ਮਿਆਜ਼ਾ ਕੀ ਹੁੰਦਾ ਸੀ। ਗਾਲ਼ਾਂ ਤੋਂ ਦਰਅਸਲ, ਕਿਸੇ ਸਮਾਜ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਗਾਲ਼ਾਂ ਦੀ ਵਰਤੋਂ ਹੁੰਦੀ ਹੈ। ਮਸਲਾ ਇਹ ਹੈ ਕਿ ਗਾਲ਼ ਦੇ ਕੇਂਦਰ ਬਿੰਦੂ ‘ਚ ਔਰਤ ਕਿਉਂ?
ਇਹ ਗਾਲ਼ੀ ਗਲੋਚ ਜਿਸ ਦੀਆਂ ਜੜ੍ਹਾਂ ਪਿੱਤਰੀਵਾਦੀ ਸੋਚ ਨਾਲ ਜੁੜੀਆਂ ਹੋਈਆਂ ਹਨ, ਦਾ ਸਬੰਧ ਔਰਤਾਂ ਦੀ ਹੀਣ ਭਾਵਨਾ ਅਤੇ ਜ਼ੁਲਮ ਨਾਲ ਹੈ। ਸਾਡੇ ਸਮਾਜ ਵਿਚ ਔਰਤ ਨੂੰ ਘਰ ਦੀ ‘ਇੱਜ਼ਤ’ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੋਂਦ ਨੂੰ ਕੁਝ ਸੀਮਤ ਰਿਸ਼ਤਿਆਂ ਵਿਚ ਬੰਨ੍ਹ ਦਿੱਤਾ ਗਿਆ ਹੈ। ਉਹ ਮਨੁੱਖ ਹੋਣ ਦੀ ਥਾਂ ਮਾਂ, ਭੈਣ, ਧੀ, ਪਤਨੀ ਤੱਕ ਸੀਮਤ ਹੈ। ਮਰਦ ਔਰਤਾਂ ਦੇ ਚਰਿੱਤਰ ਅਤੇ ਉਨ੍ਹਾਂ ਦੇ ਸਰੀਰ ਨੂੰ ਆਪਣੀ ਜਾਇਦਾਦ ਸਮਝਦੇ ਹਨ ਜਿਸ ਨੂੰ ਸੰਭਾਲਣ ਅਤੇ ਉਸ ਅਨੁਸਾਰ ਸੁਰੱਖਿਅਤ ਕਰਨ ਦੀ ਲੋੜ ਹੈ। ਫਿਰ ਜੇ ਇਸ ਦੀ ਰਾਖੀ ਕਰਨੀ ਹੈ ਤਾਂ ਔਰਤਾਂ ਨੂੰ ਘਰ ਦੀਆਂ ਦੀਵਾਰਾਂ ਦੇ ਅੰਦਰ ਰੱਖਣ ਦੀ ਪਰੰਪਰਾ ਅਪਣਾਈ ਜਾਂਦੀ ਹੈ। ਇਹ ਸੋਚ ਇਸ ਵਿਚਾਰ ਨੂੰ ਜਨਮ ਦਿੰਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਬੇਇੱਜ਼ਤ ਜਾਂ ਤੰਗ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਘਰ ਦੀਆਂ ਔਰਤਾਂ ਨੂੰ ਗਾਲ਼ਾਂ ਕੱਢੋ ਅਤੇ ਉਨ੍ਹਾਂ ਦਾ ਅਪਮਾਨ ਕਰੋ। ਇਸੇ ਕਾਰਨ ਔਰਤਾਂ ਸ਼ੋਸ਼ਣ ਦਾ ਕੇਂਦਰ ਬਣ ਜਾਂਦੀਆਂ ਹਨ।
ਔਰਤਾਂ ਦੇ ਅਧਿਐਨ ਦੀ ਮਾਹਿਰ ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਹੈਦਰਾਬਾਦ ਦੀ ਪ੍ਰੋਫੈਸਰ ਡਾ. ਲਕਸ਼ਮੀ ਲਿੰਗਮ ਦੱਸਦੇ ਹਨ- ਇਹ ਗਾਲ਼ਾਂ ਇਹ ਜ਼ਾਹਿਰ ਕਰਦੀਆਂ ਹਨ ਕਿ ਸਾਡਾ ਸਮਾਜ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਰਿਹਾ ਹੈ। ਇਹ ਗਾਲ੍ਹਾਂ ਸ਼ੋਸ਼ਣ ਕਾਇਮ ਰੱਖਣ ਵਿੱਚ ਮਦਦ ਕਰਦੀਆਂ ਹਨ ਤੇ ਇਹ ਔਰਤਾਂ ਦੇ ਸਰੀਰ, ਉਨ੍ਹਾਂ ਦੀ ਲਿੰਗਕਤਾ, ਇੱਥੋਂ ਤੱਕ ਕਿ ਉਹਨਾਂ ਦੇ ਪ੍ਰਜਨਨ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਮਰਦ ਆਪਣੀ ਹਉਮੈ ਨੂੰ ਦੂਸਰਿਆਂ ਨੂੰ ਗਾਲ਼ਾਂ ਕੱਢ ਕੇ ਸੰਤੁਸ਼ਟ ਕਰਦੇ ਹਨ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਔਰਤਾਂ ਵੀ ਬਿਨਾਂ ਝਿਜਕ ਆਪਣੀਆਂ ਮਾਵਾਂ-ਭੈਣਾਂ ਨੂੰ ਗਾਲ਼ਾਂ ਕੱਢਦੀਆਂ ਹਨ। ਆਖ਼ਿਰ ਉਹ ਕਿਸ ਹਉਮੈ ਨੂੰ ਸੰਤੁਸ਼ਟ ਕਰਦੀਆਂ ਹਨ?
ਅੱਜ ਦਾ ਸੋਸ਼ਲ ਮੀਡੀਆ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਿਹਾ। ਮਾੜੀ ਸ਼ਬਦਾਵਲੀ ਦੀ ਵਰਤੋਂ ਵੈਬ ਸੀਰੀਜ਼ ਵਿੱਚ ਆਮ ਹੋ ਰਹੀ ਹੈ। ਇਹਨਾਂ ਸੀਰੀਜ਼ ਵਿੱਚ ਗਾਲ਼ਾਂ ਆਸਾਨੀ ਨਾਲ ਵਰਤਾਈਆਂ ਜਾ ਰਹੀਆਂ ਹਨ। ਕੈਰੀ ਮਿਨਾਤੀ ਵਰਗੇ ਤਾਂ ਜਾਣਬੁੱਝ ਕੇ ਆਪਣੇ ਪ੍ਰੋਗਰਾਮਾਂ ਵਿਚ ਗਾਲ਼ਾਂ ਕੱਢਦੇ ਹਨ। ਫਿਰ ਅਜਿਹੇ ਵੀਡੀਓ ਵਾਇਰਲ ਵੀ ਹੋ ਜਾਂਦੇ ਹਨ। ਕੌਣ ਜਾਣਦਾ ਹੈ ਕਿ ਸੋਸ਼ਲ ਮੀਡੀਆ ‘ਤੇ ਕਿੰਨੇ ਹੋਰ ਕੈਰੀ ਮਿਨਾਤੀ ਮੌਜੂਦ ਹਨ। ਸਮਝ ਨਹੀਂ ਆਉਂਦੀ, ਅਜਿਹੀਆਂ ਗਾਲ਼ਾਂ ਸੁਣ ਕੇ ਲੋਕ ਕਿਵੇਂ ਹੱਸ ਸਕਦੇ ਹਨ! ਬਹੁਤ ਸਾਰੇ ਲੋਕ ਇਸ ਨੂੰ ਜਾਇਜ਼ ਠਹਿਰਾਉਂਦੇ ਹਨ ਕਿ ਗਾਲ਼ਾਂ ਵੀ ਪ੍ਰਗਟਾਵੇ ਦਾ ਮਾਧਿਅਮ ਹਨ।
‘ਮਰਦ ਨੂੰ ਦਰਦ ਨਹੀਂ’ ਅਤੇ ‘ਤੂੰ ਕੁੜੀਆਂ ਵਾਂਗ ਕਿਉਂ ਰੋ ਰਹੀ ਹੈਂ’ ਵਰਗੀਆਂ ਉਦਾਹਰਨਾਂ ਸਾਡੇ ਵਿਹਾਰ ਦਾ ਹਿੱਸਾ ਹਨ। ਜੇਕਰ ਕੋਈ ਚੀਜ਼ ਕਮਜ਼ੋਰ, ਨਰਮ ਅਤੇ ਛੋਟੀ ਹੈ ਤਾਂ ਉਹ ਇਸਤਰੀ ਲਿੰਗ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਹੁਣ ਤੱਕ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਰਗੇ ਸ਼ਬਦਾਂ ਦੇ ਬਰਾਬਰ ਕੋਈ ਇਸਤਰੀ ਜਾਂ ਲਿੰਗ ਨਿਰਪੱਖ ਸ਼ਬਦ ਦੀ ਖੋਜ ਨਹੀਂ ਹੋਈ ਹੈ। ਇਹ ਤਾਂ ਭਲਾ ਹੋਵੇ ਨਾਰੀਵਾਦੀ ਲਹਿਰਾਂ ਦਾ ਜਿਨ੍ਹਾਂ ਕਰ ਕੇ ਭਾਸ਼ਾ ਕੁਝ ਹੱਦ ਤੱਕ ਬਦਲੀ ਹੈ; ਉਦਾਹਰਨ ਵਜੋਂ ਅੰਗਰੇਜ਼ੀ ਵਿੱਚ ਚੇਅਰਮੈਨ ਦੀ ਥਾਂ ਚੇਅਰਪਰਸਨ ਵਰਗੇ ਸ਼ਬਦ ਪ੍ਰਚਲਿਤ ਹੋਏ ਹਨ। ਜੇਕਰ ਅਸੀਂ ਸਮਾਜ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਸ਼ਾ ਤੋਂ ਸ਼ੁਰੂਆਤ ਕਰਨੀ ਪਵੇਗੀ। ਸਿੱਠਣੀਆਂ ਨਾਲ ਵੀ ਮਨੁੱਖ ਦਾ ਅੰਦਰਲਾ ਹਲੂਣਿਆ ਜਾ ਸਕਦਾ ਹੈ।
ਜਿਵੇਂ ਜਾਤੀਗਤ ਸ਼ਬਦ ਬੋਲਣ ‘ਤੇ ਪਾਬੰਦੀ ਹੈ, ਉਸੇ ਤਰ੍ਹਾਂ ਔਰਤਾਂ ਵਿਰੋਧੀ ਗਾਲ਼ਾਂ ‘ਤੇ ਵੀ ਸਮਾਜਿਕ ਸੈਂਸਰਸ਼ਿਪ ਹੋਣੀ ਚਾਹੀਦੀ ਹੈ ਅਤੇ ਕਾਨੂੰਨੀ ਸ਼ਿਕੰਜਾ ਵੀ। ਲੋੜ ਹੈ, ਅਸੀਂ ਆਪਣੀ ਭਾਸ਼ਾ ਸੁਧਾਰੀਏ ਅਤੇ ਭਵਿੱਖ ਸੁਧਾਰਨ ਲਈ ਆਪਣੀ ਭੂਮਿਕਾ ਨਿਭਾਈਏ।