ਸਰੀ, (ਪਰਮਜੀਤ ਸਿੰਘ) ਬ੍ਰਿਟਿਸ਼ ਕੋਲੰਬੀਆ ਜਿੱਥੇ ਕੈਨੇਡਾ ਦੀਆਂ ਮੈਡੀਕਲ ਸੇਵਾਵਾਂ ਵਿੱਚ ਵਧ ਰਹੀ ਮੰਗ ਦੇ ਵਿਚਕਾਰ ਸਿਹਤ ਸੰਬੰਧੀ ਵਡੀਆਂ ਚੁਣੌਤੀਆਂ ਹਨ ਉਥੇ ਸਿਰਫ਼ ਇੱਕ ਮੈਡੀਕਲ ਸਕੂਲ ਹੈ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇਕੱਲਾ ਮੈਡੀਕਲ ਸਕੂਲ ਹੈ, ਜਿਸ ਦੀਆਂ ਬੀ.ਸੀ. ਦੇ ਵੱਖ ਵੱਖ ਸ਼ਹਿਰਾਂ (ਵੈਨਕੂਵਰ , ਵਿਕਟੋਰੀਆ, ਕਿਲੋਨਾ ) ਵਿੱਚ ਸ਼ਖਾਵਾਂ ਹਨ। ਜਿਨ੍ਹਾਂ ਵਿੱਚ ਡਾਕਟਰੀ ਲਈ ਸਿਰਫ਼ 288 ਸੀਟਾਂ ਹੀ ਹਨ।
ਜਦਕਿ ਬੀ.ਸੀ. ਨਾਲੋਂ ਬਹੁਤ ਘੱਟ ਅਬਾਦੀ ਵਾਲੇ ਗੁਆਂਢੀ ਸੂਬੇ ਅਲਬਰਟਾ ਵਿੱਚ ਵੀ ਦੋ ਮੈਡੀਕਲ ਸਕੂਲ ਹਨ – ਯੂਨੀਵਰਸਿਟੀ ਆਫ਼ ਅਲਬਰਟਾ ਅਤੇ ਯੂਨੀਵਰਸਿਟੀ ਆਫ਼ ਕੈਲਗਰੀ ਜਿਥੇ ਹਰ ਸਾਲ ਡਾਕਟਰੀ ਲਈ 319 ਸੀਟਾਂ ਉਪਲੱਬਧ ਹਨ। ਇਹ ਅੰਤਰ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿ ਬੀ.ਸੀ. ਆਪਣੀ ਤੇਜ਼ੀ ਨਾਲ ਵਧ ਰਹੀ ਅਬਾਦੀ ਅਤੇ ਸਿਹਤ ਸੇਵਾਵਾਂ ਦੀਆਂ ਲੋੜਾਂ ਨੂੰ ਪੂਰਾ ਆਖਰਕਰ ਕਰੇਗਾ ਕਿਵੇਂ ? ਬ੍ਰਿਟਿਸ਼ ਕੋਲੰਬੀਆ ਵਿੱਚ ਸਿਹਤ ਸੇਵਾਵਾਂ ਵਿੱਚ ਡਾਕਟਰਾਂ ਦੀ ਘਾਟ ਤੇਜ਼ੀ ਪਿਛਲੇ ਕਈ ਸਾਲਾਂ ਤੋਂ ਵੱਡਾ ਮੁੱਦਾ ਬਣ ਗਈ ਹੈ ਅਤੇ ਇਸ ਦੇ ਹਲ ਕਈ ਕਈ ਯੋਜਨਾਵਾਂ ਉਲੀਕੀਆਂ ਵੀ ਜਾਂਦੀਆਂ ਹਨ ਪਰ ਉਹ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੋ ਕਿ ਰਹਿ ਜਾਂਦੀਆਂ ਹਨ। ਇਸ ਵੇਲੇ ਐਮਰਜੈਂਸੀ ਵਿਭਾਗ ਮਰੀਜ਼ਾਂ ਨੂੰ ਔਸਤਨ 7 ਘੰਟੇ ਉਡੀਕ ਕਰਨੀ ਪੈਂਦੀ ਹੈ ਅਤੇ ਕਈ ਵਾਰ ਤਾਂ ਮਰੀਜ਼ਾਂ ਨੂੰ 10 ਘੰਟੇ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਐਮਰਜੈਂਸੀ ਵਿਭਾਗ ‘ਚ ਮਰੀਜ਼ ਦਰਦ ਨਾਲ ਕੁਰਲਾਉਂਦੇ ਰਹਿੰਦੇ ਹਨ।
ਸੂਬੇ ਵਿੱਚ ਪਿਛਲੇ 20 ਸਾਲਾਂ ਤੋਂ ਸਰਕਾਰਾਂ ਬਾਦਲੀਆਂ ਪਰ ਪ੍ਰਾਇਮਰੀ ਸਿਹਤ ਸੇਵਾਵਾਂ ਬਹੁਤਾ ਸੁਧਾਰ ਨਹੀਂ ਹੋਇਆ। ਪਿਛਲੀ ਲਿਬਰਲ ਸਰਕਾਰ ਨੇ 2007 ਵਿੱਚ ਹਸਪਤਾਲ ਲਈ ਜ਼ਮੀਨ ਖਰੀਦੀ ਸੀ ਪਰ ਬਾਅਦ ਵਿੱਚ ਉਸ ਨੂੰ ਬਿਲਡਰਾਂ ਨੂੰ ਵੇਚ ਦਿੱਤਾ ਗਿਆ ਅਤੇ ਉਥੇ ਹਸਪਤਾਲ ਦੀ ਥਾਂ ਟਾਊਨ ਹਾਊਸ ਬਣਾ ਦਿੱਤੇ ਗਏ ਜਿਸ ਕਾਰਨ ਸਰੀ ‘ਚ ਸਿਹਤ ਸੇਵਾਵਾਂ ਦਾ ਹੋਰ ਜ਼ਿਆਦਾ ਬੁਰਾ ਹਾਲ ਹੋ ਗਿਆ ਹੈ। ਹੁਣ ਪਿਛਲੇ 7 ਸਾਲ ਤੋਂ ਰਾਜ ਕਰ ਰਹੀ ਐਨ.ਡੀ.ਪੀ. ਸਰਕਾਰ ਨੇ ਸਰੀ ਕਰੋਵਡੇਲ ‘ਚ ਹਸਪਤਾਲ ਲਈ ਜ਼ਮੀਨ ਲਈ ਹੈ ਅਤੇ 2027 ਤੱਕ ਹਸਪਤਾਲ ਸ਼ੁਰੂ ਹੋਣ ਦੀ ਉਮੀਦ ਜਤਾਈ ਹੈ ਪਰ ਉਹ ਵੀ ਤੇਜ਼ੀ ਨਾਲ ਵੱਧ ਰਹੀ ਅਬਾਦੀ ਨਾਲ ਮੇਲ ਨਹੀਂ ਖਾਂਦਾ ਲੱਗ ਰਿਹਾ।
ਸੂਬੇ ਵਿੱਚ ਅਜੇ ਵੀ ਡਾਕਟਰਾਂ ਦੀ ਭਾਰੀ ਘਾਟ ਹੈ। ਬਹੁਤ ਸਾਰੇ ਲੋਕਾਂ ਨੂੰ ਆਪਣਾ ਪਰਿਵਾਰਕ ਡਾਕਟਰ ਨਹੀਂ ਮਿਲ ਰਿਹਾ, ਜਿਸ ਕਰਕੇ ਸਿਹਤ ਸੇਵਾਵਾਂ ਦੇ ਸਿਸਟਮ ‘ਤੇ ਬੋਝ ਵਧ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ, ਬੀ.ਸੀ. ਵਿੱਚ 1 ਲੱਖ ਤੋਂ ਵੱਧ ਲੋਕਾਂ ਕੋਲ ਪਰਿਵਾਰਕ ਡਾਕਟਰ ਨਹੀਂ ਹੈ। ਇਸ ਗੱਲ ਤੋਂ ਸੂਬੇ ਦੀ ਸਿਹਤ ਵਿਵਸਥਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਬ੍ਰਿਟਿਸ਼ ਕੋਲੰਬੀਆ ਵਰਗੇ ਵੱਡੇ ਸੂਬੇ ਲਈ ਸਿਰਫ ਇੱਕ ਮੈਡੀਕਲ ਸਕੂਲ (ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ) ਦਾ ਹੋਣਾ ਸਿਹਤ ਸੰਕਟ ਨੂੰ ਹੱਲ ਕਰਨ ਲਈ ਕਾਫੀ ਨਹੀਂ ਹੈ। ਹੋਰ ਸੂਬਿਆਂ, ਜਿਵੇਂ ਕਿ ਅਲਬਰਟਾ ਅਤੇ ਓਨਟਾਰਿਓ ਦੇ ਮੁਕਾਬਲੇ ਬੀ.ਸੀ. ਵਿੱਚ ਮੈਡੀਕਲ ਵਿਦਿਆਰਥੀਆਂ ਲਈ ਪੜ੍ਹਾਈ ਦੇ ਮੌਕੇ ਘੱਟ ਹਨ ਜਿਸ ਕਾਰਨ ਬਹੁਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੋਰਨਾਂ ਸੂਬਿਆਂ ‘ਚ ਚਲੇ ਜਾਂਦੇ ਹਨ ਅਤੇ ਉਥੇ ਹੀ ਆਪਣੀਆਂ ਸੇਵਾਵਾਂ ਦੇਣ ਲੱਗਦੇ ਹਨ।
ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿਦੇਸ਼ਾਂ ਤੋਂ ਆਏ ਡਾਕਟਰਾਂ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਉਪਰ ਵੀ ਧਿਆਨ ਦੇਣ ‘ਚ ਵੀ ਹੋਰਨਾਂ ਸੂਬਿਆਂ ਨਾਲੋਂ ਕਾਫੀ ਪਿੱਛੇ ਹੈ। ਕਈ ਵਿਦੇਸ਼ੀ ਡਾਕਟਰ ਸਹੂਲਤਾਂ ਦੇ ਮਿਆਰੀਕਰਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦਹਾਕੇ ਲੰਘਾ ਦਿੰਦੇ ਹਨ, ਜਿਸਨਾਲ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਦੇਰੀ ਹੁੰਦੀ ਹੈ।
ਸਿਹਤ ਸੰਕਟ ਨੂੰ ਹੱਲ ਕਰਨ ਲਈ ਸਿਰਫ ਡਾਕਟਰ ਹੀ ਨਹੀਂ, ਸਗੋਂ ਹੋਰ ਸਿਹਤ ਸਟਾਫ, ਜਿਵੇਂ ਕਿ ਨਰਸਾਂ ਅਤੇ ਸਪੇਸ਼ਲਿਸਟਾਂ ਦੀ ਬੀ.ਸੀ. ਸੂਬੇ ਵਿੱਚ ਵੱਡੀ ਘਾਟ ਹੈ। ਸਰਕਾਰ ਨੂੰ ਇਸ ਨੂੰ ਹੱਲ ਕਰਨ ਲਈ ਸਿਹਤ ਸਟਾਫ ਦੀਆਂ ਭਰਤੀਆਂ ਵਿੱਚ ਤੇਜ਼ੀ ਲਾਉਣੀ ਪਵੇਗੀ।
ਇਸ ਮੁੱਦੇ ਤੇ ਸਿਆਸੀ ਪੱਧਰ ‘ਤੇ ਵੀ ਵਿਆਪਕ ਚਰਚਾ ਹੈ। ਸਰਕਾਰਾਂ ਨੇ ਹਾਲ ਹੀ ਵਿੱਚ ਮੈਡੀਕਲ ਸੇਵਾਵਾਂ ਨੂੰ ਸੁਧਾਰਨ ਲਈ ਵਾਅਦੇ ਕੀਤੇ ਹਨ, ਪਰ ਇਨ੍ਹਾਂ ਪ੍ਰੋਜੈਕਟਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਦੀ ਗੱਲ ਕਰੀਏ ਤਾਂ ਇਸ ਦਾ ਉਹੀ ਹਾਲ ਹੈ ਜੋ ਪਿਛਲੇ ਕਈ ਸਾਲਾਂ ਤੋਂ ਬੀ.ਸੀ. ‘ਚ ਰਹਿ ਰਹੇ ਲੋਕ ਦੇਖ ਰਹੇ ਹਨ।
ਸਿਹਤ ਵਿਭਾਗ ‘ਚ ਚੁਣੌਤੀਆਂ ਨੂੰ ਹੱਲ ਕਰਨ ਲਈ ਬ੍ਰਿਟਿਸ਼ ਕੋਲੰਬੀਆ ਨੂੰ ਹੋਰ ਮੈਡੀਕਲ ਇੰਸਟੀਚਿਊਟ ਅਤੇ ਵਿਦੇਸ਼ੀ ਡਾਕਟਰਾਂ ਦੀ ਮਾਨਤਾ ਦੇ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ, ਤਾਂ ਜੋ ਸੂਬੇ ਦੀ ਸਿਹਤ ਸੇਵਾ ਵਿਭਾਗ ਨੂੰ ਮਜਬੂਤ ਕੀਤਾ ਜਾ ਸਕੇ।