ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਚੋਣ ਪ੍ਰਚਾਰ ਦੇ ਅੰਤਲੇ ਦਿਨਾਂ ਵਿੱਚ, ਬੀਸੀ ਕੰਜ਼ਰਵੇਟਿਵ ਨੇਤਾ ਜੌਨ ਰੁਸਟੈੱਡ ਨੇ ਨਿਜੀ ਸਿਹਤ ਸੇਵਾਵਾਂ ਬਾਰੇ ਐਨ.ਡੀ.ਪੀ. ਦੇ ਦੋਸ਼ਾਂ ਨੂੰ ਸਿਰੇ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਹ ਬਹਿਸ ਉਸ ਸਮੇਂ ਛਿੜੀ, ਜਦੋਂ ਐਨ.ਡੀ.ਪੀ. ਨੇ ਰੁਸਟੈੱਡ ਦੀ ਇੱਕ ਰਿਕਾਰਡਿੰਗ ਜਾਰੀ ਕੀਤੀ, ਜਿਸ ਵਿੱਚ ਉਸਨੇ ਕੈਨੇਡਾ ਹੈਲਥ ਐਕਟ ਨੂੰ ਬਦਲ ਬਾਰੇ ਕਿਹਾ ਸੀ।
ਰੁਸਟੈੱਡ ਨੇ ਨੌਨਾਇਮੋ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਨ.ਡੀ.ਪੀ. ਦੇ ਦੋਸ਼ਾਂ ਨੂੰ “ਝੂਠ” ਕਰਾਰ ਦਿੰਦੇ ਹੋਏ ਕਿਹਾ, “ਅਸੀਂ ਕਦੇ ਵੀ ਇਸਦੀ ਗੱਲ ਨਹੀਂ ਕੀਤੀ। ਇਹ ਕੈਨੇਡਾ ਹੈਲਥ ਐਕਟ ਦੇ ਖਿਲਾਫ ਹੋਵੇਗਾ, ਅਤੇ ਅਸੀਂ ਇਸਦੀ ਚਰਚਾ ਨਹੀਂ ਕੀਤੀ।”
ਐਨ.ਡੀ.ਪੀ. ਨੇਤਾ ਡੇਵਿਡ ਈਬੀ ਨੇ ਕਿਹਾ ਸੀ ਕਿ ਰੁਸਟੈੱਡ ਇੱਕ “ਅਮਰੀਕੀ ਮਾਡਲ” ਦੀ ਯੋਜਨਾ ਲਿਆਉਣਗੇ, ਜਿਸ ਵਿੱਚ ਜੋ ਲੋਕ ਵੱਧ ਪੈਸੇ ਦੇਣਗੇ ਉਨ੍ਹਾਂ ਦਾ ਇਲਾਜ ਪਹਿਲਾਂ ਕੀਤਾ ਜਾ ਸਕੇਗਾ। ਰਿਕਾਰਡਿੰਗ ਵਿੱਚ ਰੁਸਟੈੱਡ ਕਹਿੰਦੇ ਸੁਣੇ ਗਏ ਕਿ “ਇੱਕ ਦਿਨ ਉਮੀਦ ਹੈ ਕਿ ਇਸ ਵਿਚ ਬਦਲਾਅ ਆਏਗਾ।”
ਰੁਸਟੈੱਡ ਨੇ ਆਪਣੇ ਪਾਰਟੀ ਦੇ ਮੰਚ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਉਹ ਸਿਰਫ਼ ਇੱਕ ਸਿੰਗਲ-ਪੇਅਰ ਸਿਸਟਮ ਦੀ ਯੋਜਨਾ ਲੈ ਕੇ ਆ ਰਹੇ ਹਨ, ਜੋ ਸੇਵਾਵਾਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸੁਤੰਤਰ ਸੰਗਠਨਾਂ ਰਾਹੀਂ ਮੁਹੱਈਆ ਕਰਵਾਏਗਾ। ਉਸਨੇ ਕਿਹਾ, “ਇਹ ਯੂਨੀਵਰਸਲ ਸਿਹਤ ਸੇਵਾ ਹੈ, ਪਰ ਇਹ ਦੋਵੇਂ ਤਰੀਕੇ ਨਾਲ ਮੁਹੱਈਆ ਕੀਤੀ ਜਾਏਗੀ, ਜਿਸ ਨਾਲ ਸਾਡੇ ਸਿਸਟਮ ਵਿੱਚ ਕੁਸ਼ਲਤਾ ਅਤੇ ਸਿਹਤ ਮਾਹਿਰਾਂ ਨੂੰ ਆਕਰਸ਼ਤ ਕਰਨ ਲਈ ਮਦਦ ਮਿਲੇਗੀ।”
ਰੁਸਟੈੱਡ ਨੇ ਨੌਨਾਇਮੋ ਵਿੱਚ ਇੱਕ ਨਵਾਂ ਹੈਲਥ ਟਾਵਰ ਅਤੇ ਕੈਥੀਟਰਾਈਜ਼ੇਸ਼ਨ ਲੈਬ ਬਣਾਉਣ ਲਈ ਯੋਜਨਾ ਦੀ ਘੋਸ਼ਣਾ ਕੀਤੀ, ਜਿਸ ਨਾਲ ਦਿਲ ਦੇ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਜਰਬਾ ਬੀਸੀ ਦੇ ਹੋਰ ਹਿਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।