ਪੌਲੀਐਵ ਨੇ ਟਰੂਡੋ ‘ਤੇ ਦੋਸ਼ ਲਗਾਇਆ ਕਿ ਉਹ ਝੂਠ ਬੋਲ ਰਹੇ ਹਨ ਅਤੇ ਉਹਨਾਂ ਨੂੰ ਇਹ ਦੱਸਣ ਦੀ ਮੰਗ ਕੀਤੀ ਕਿ ਉਹਨਾਂ ਦੇ ਪਾਸ ਸਪੱਸ਼ਟ ਦੋਸ਼ ਲਗਾਉਣ ਵਾਲੇ ਨਾਮ ਹਨ ਤਾਂ ਉਹ ਜਨਤਕ ਕੀਤੇ ਜਾਣ। ਪੌਲੀਐਵ ਨੇ ਇਹ ਵੀ ਦੱਸਿਆ ਕਿ ਭਾਰਤ ਤੋਂ ਦਖਲਅੰਦਾਜ਼ੀ ਬਾਰੇ ਉਨ੍ਹਾਂ ਨੂੰ 14 ਅਕਤੂਬਰ ਨੂੰ ਜਾਣੂ ਕਰਵਾਇਆ ਗਿਆ ਸੀ, ਪਰ ਸਰਕਾਰ ਨੇ ਕਦੇ ਵੀ ਉਨ੍ਹਾਂ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
ਇਸ ਸਾਰੀ ਜਾਂਚ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਮੀਡੀਆ ਰਿਪੋਰਟਾਂ ਵਿੱਚ ਚੀਨ ‘ਤੇ 2019 ਅਤੇ 2021 ਦੀਆਂ ਚੋਣਾਂ ‘ਤੇ ਦਖਲ ਦੇਣ ਦੇ ਦੋਸ਼ ਲਗਾਏ ਗਏ ਸਨ। ਜਾਂਚ ਕਮੀਸ਼ਨ ਦੀਆਂ ਅੰਤਿਮ ਸੁਣਵਾਈਆਂ 21 ਤੋਂ 25 ਅਕਤੂਬਰ ਤੱਕ ਹੋਣਗੀਆਂ, ਜਿੱਥੇ ਅਧਿਕਾਰੀਆਂ ਅਤੇ ਮਾਹਿਰਾਂ ਦੀ ਗਵਾਹੀ ਤੋਂ ਬਾਅਦ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਦੇਸ਼ੀ ਦਖਲਅੰਦਾਜ਼ੀ ਜਾਂਚ ਕਮੀਸ਼ਨ ਵਿੱਚ ਆਪਣੀ ਗਵਾਹੀ ਦੌਰਾਨ, ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡੀਅਨ ਸੁਰੱਖਿਆ ਇੰਟੈਲੀਜੈਂਸ ਸਰਵਿਸ (CSIS) ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਐਵ ਨੂੰ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਸੂਚਿਤ ਕਰਨ ਦਾ ਹੁਕਮ ਦਿੱਤਾ ਸੀ। ਟਰੂਡੋ ਦਾ ਕਹਿਣਾ ਹੈ ਕਿ ਕਈ ਕੈਨੇਡੀਅਨ ਸੰਸਦ ਮੈਂਬਰ ਅਤੇ ਉਮੀਦਵਾਰ ਵਿਦੇਸ਼ੀ ਦਖਲਅੰਦਾਜ਼ੀ ਦੇ ਜੋਖਮ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਪੌਲੀਐਵ ਦੇ ਇਸ ਮਾਮਲੇ ਵਿੱਚ ਸੁਰੱਖਿਆ ਸੰਬੰਧੀ ਬ੍ਰੀਫਿੰਗਾਂ ਪ੍ਰਾਪਤ ਨਾ ਕਰਨ ਦਾ ਫ਼ੈਸਲਾ ਪਾਰਟੀ ਦੇ ਮੈਂਬਰਾਂ ਨੂੰ ਇਸ ਖਤਰੇ ਤੋਂ ਬਚਾਉਣ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ।