ਲੰਡਨ : ਸਾਲ 1984 ਸਿੱਖਾਂ ਲਈ ਕਹਿਰਾਂ ਭਰਿਆ ਵਰ੍ਹਾ ਸੀ। ਇਸੇ ਸਾਲ ਜੂਨ ਮਹੀਨੇ ਵਿੱਚ ਇੰਡੀਆ ਦੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਸੀ। ਇਸ ਤੋਂ 1984 ਵਿੱਚ ਦੂਜਾ ਵੱਡਾ ਕਹਿਰ ਨਵੰਬਰ ਦੇ ਪਹਿਲੇ ਹਫਤੇ ਦੇਸ਼ ਭਰ ਵਿੱਚ ਸਿੱਖਾਂ ਉੱਤੇ ਹੋਏ ਭਿਆਨਕ ਹਮਲਿਆਂ ਦੇ ਰੂਪ ਵਿੱਚ ਵਾਪਰਿਆ ਸੀ। ਇਸ ਦੌਰਾਨ ਸੈਂਕੜੇ ਗਰਦੁਆਰਾ ਸਾਹਿਬਾਨ ਉੱਤੇ ਹਮਲੇ ਕਰਕੇ ਉਨ੍ਹਾਂ ਨੂੰ ਤਬਾਹ ਕੀਤਾ ਗਿਆ ਤੇ ਸਿੱਖਾਂ ਦੇ ਘਰ ਤੇ ਜਾਇਦਾਦਾਂ ਸਾੜ ਕੇ ਰਾਖ ਦਾ ਢੇਰ ਬਣਾ ਦਿੱਤੀਆਂ ਗਈਆਂ। ਇਸ ਮੌਕੇ ਸਿੱਖ ਘੱਲੂਘਾਰੇ ਦੀ 40ਵੀਂ ਬਰਸੀ ਮੌਕੇ ਖਾਲਸਾ ਏਡ ਵੱਲੋਂ ਖਾਸ ਅਪੀਲ ਕੀਤੀ ਹੈ।
ਇਸ ਨੂੰ ਲੈ ਕੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦਾ ਮਜਮੂਨ ਲਿਖਿਆ, ਨਵੰਬਰ 1984 ਵਿੱਚ ਸਿੱਖ ਕਤਲੇਆਮ ਨੂੰ ਚੇਤੇ ਕਰਦਿਆਂ ਘਰਾਂ ਅੱਗੇ ਕਾਲੇ ਰਿਬਨ ਬੰਨ੍ਹੋ, ਤਾਂ ਜੋ ਦੁਨੀਆ ਸਾਡੇ ‘ਤੇ ਹੋਏ ਜ਼ੁਲਮ ਤੋਂ ਜਾਣੂ ਹੋ ਸਕੇ।
ਇਸ ਮੌਕੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਸਿੱਖ ਕਤਲੇਆਮ ਨੂੰ ਚਾਲੀ ਸਾਲ ਹੋ ਗਏ ਹਨ ਤੇ 31 ਅਕਤੂਬਰ ਤੇ 6 ਜੂਨ ਨੂੰ ਆਪਣੇ ਘਰਾਂ ਦੇ ਬਾਹਰ ਕਾਲੇ ਰਿਬਨ ਬੰਨ ਕੇ ਰੱਖੋ ਤੇ ਘਰ ਦੇ ਬਾਹਰ ਮੋਮਬੱਤੀ ਚਲਾਓ। ਇਹ ਉਨ੍ਹਾਂ ਹਜਾਰਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਕਤਲ ਕੀਤਾ ਗਿਆ ਤੇ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਜੇ ਅਸੀਂ ਭੁੱਲ ਗਏ ਤਾਂ ਸਾਡਾ ਇਤਿਹਾਸ ਕੋਈ ਹੋਰ ਲਿਖੇਗਾ, ਜਦੋਂ ਸਾਨੂੰ ਲੋਕ ਪੁੱਛਣਗੇ ਕਿ ਅਸੀਂ ਕਾਲੇ ਰਿਬਨ ਕੰਨੇ ਬੰਨ੍ਹੇ ਨੇ ਤਾਂ ਅਸੀਂ ਦੱਸਾਂਗੇ ਕਿ ਸਾਡੇ ਨਾਲ ਕੀ ਜੁਲਮ ਹੋਇਆ ਹੈ।