6.2 C
Vancouver
Sunday, November 24, 2024

ਇਜ਼ਰਾਈਲ-ਜਿਹਾਦੀ ਯੁੱਧ ਵੀ ਲੈ ਸਕਦਾ ਹੈ ਵਿਸ਼ਵ ਜੰਗ ਦਾ ਰੂਪ

 

ਲੇਖਕ : ਡਾਕਟਰ ਦਲਵਿੰਦਰ ਸਿੰਘ ਗਰੇਵਾਲ
ਇਸ ਵੇਲੇ ਦੁਨੀਆ ਦੇ ਸਭ ਤੋਂ ਵੱਧ ਨਾਜ਼ੁਕ ਖੇਤਰ ਹਨ ਪੱਛਮੀ ਏਸ਼ੀਆ, ਰੂਸ-ਯੂਕਰੇਨ ਅਤੇ ਚੀਨ-ਤਾਇਵਾਨ। ਇਨ੍ਹਾਂ ‘ਚ ਜੋ ਮੁੱਖ ਦੇਸ਼ ਆਹਮੋ-ਸਾਹਮਣੇ ਹਨ ਉਹ ਹਨ; ਰੂਸ, ਅਮਰੀਕਾ, ਯੂਰਪੀ ਦੇਸ਼; ਯੂਕਰੇਨ, ਪੱਛਮ ਏਸ਼ਿਆਈ ਦੇਸ਼ ਚੀਨ ਤੇ ਤਾਇਵਾਨ ਆਦਿ।
ਰੂਸ-ਯੂਕਰੇਨ ਯੁੱਧ ‘ਚ ਯੂਕਰੇਨ ਦੀ ਪੈਸੇ ਅਤੇ ਹਥਿਆਰਾਂ ਦੀ ਮਦਦ ਦੇਣ ਲਈ ਅਮਰੀਕਾ ਅਤੇ ਯੂਰਪੀ ਦੇਸ਼ ਇੰਗਲੈਡ, ਫਰਾਂਸ, ਜਰਮਨੀ, ਪੋਲੈਂਡ ਆਦਿ ਕਿਰਿਆਸ਼ੀਲ ਹਨ, ਜਦੋ ਕਿ ਰੂਸ ਨੂੰ ਉੱਤਰੀ ਕੋਰੀਆ, ਈਰਾਨ ਅਤੇ ਚੀਨ ਹਥਿਆਰਾਂ ਦੀ ਮਦਦ ਦੇ ਰਹੇ ਹਨ। ਇਜ਼ਰਾਈਲ-ਹਮਾਸ ਯੁੱਧ ‘ਚ ਇਜ਼ਰਾਈਲ ਦੀ ਮਦਦ ‘ਤੇ ਅਮਰੀਕਾ ਅਤੇ ਯੂਰਪੀ ਦੇਸ਼, ਫਰਾਂਸ, ਜਰਮਨੀ ਆਦਿ ਹਨ, ਜਦੋਂ ਕਿ ਹਮਾਸ ਦੀ ਮਦਦ ‘ਤੇ ਹਿਜ਼ਬੁੱਲਾ ਅਤੇ ਈਰਾਨ ਹਨ। ਚੀਨ ਅਤੇ ਤਾਇਵਾਨ ‘ਚ ਅਜੇ ਤਾਂ ਤਾਕਤ ਦਿਖਾਵੇ ਦੀ ਜੰਗ ਚੱਲ ਰਹੀ ਹੈ, ਜਿਸ ‘ਚ ਚੀਨ ਤਾਇਵਾਨ ਨੂੰ ਲਗਾਤਾਰ ਧਮਕੀਆਂ ਦਿੰਦਾ ਰਹਿੰਦਾ ਹੈ ਪਰ ਸਿੱਧੇ ਯੁੱਧ ਦੀ ਨੌਬਤ ਅਜੇ ਤੱਕ ਨਹੀਂ ਆਈ।
ਇਨ੍ਹਾਂ ‘ਚੋਂ ਜ਼ਿਆਦਾ ਮਾਰੋ-ਮਾਰੀ ਵਾਲੇ ਖੇਤਰ ਇਜ਼ਰਾਈਲ-ਹਮਾਸ ਅਤੇ ਰੂਸ-ਯੂਕਰੇਨ ਹਨ। ਕੀ ਇਹ ਦੋਵੇਂ ਖਿੱਤੇ ਵਿਸ਼ਵ ਯੁੱਧ ‘ਚ ਬਦਲ ਸਕਦੇ ਹਨ? ਸ਼ਾਇਦ! ਪਰ ਅਜੇ ਤੱਕ ਯਕੀਨੀ ਤੌਰ ‘ਤੇ ਨਹੀਂ ਕਿਹਾ ਜਾ ਸਕਦਾ। ਨਿਸਚਿਤ ਤੌਰ ‘ਤੇ ਇਸ ਜੰਗ ਦੇ ਪੱਛਮੀ ਏਸ਼ੀਆ ‘ਚ ਫੈਲ ਜਾਣ ਦੀਆਂ ਸੰਭਾਵਨਾਵਾਂ ਵੱਧ ਹਨ, ਜਿੱਥੇ ਇਜ਼ਰਾਈਲ, ਫ਼ਲਸਤੀਨ, ਲਿਬਨਾਨ, ਸੀਰੀਆ, ਯਮਨ ਅਤੇ ਈਰਾਨ ਸਿੱਧੇ ਤੌਰ ‘ਤੇ ਅਤੇ ਅਮਰੀਕਾ ਅਸਿੱਧੇ ਤੌਰ ‘ਤੇ ਕਿਰਿਆਸ਼ੀਲ ਹਨ। ਅੱਗ ਹੋਰ ਭਖੀ ਤਾਂ ਰੂਸ ਅਤੇ ਚੀਨ ਦਾ ਈਰਾਨ ਦੀ ਮਦਦ ਲਈ ਅੱਗੇ ਆਉਣਾ ਵੀ ਸੰਭਵ ਹੈ; ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਅਤੇ ਯੂਰਪੀ ਦੇਸ਼ ਪੱਛਮੀ ਏਸ਼ੀਆ ‘ਚ ਪ੍ਰਭੂਤਵ ਕਾਇਮ ਕਰ ਲੈਣ ਅਤੇ ਅਪਣੀਆ ਹੱਦਾਂ ਰੂਸ-ਚੀਨ ਦੇ ਹੋਰ ਨੇੜੇ ਲਿਆ ਸਕਣ। ਅਮਰੀਕਾ ਤਾਂ ਆਪਣਾ ਵਿਸ਼ਵ ਪੁਲਿਸ ਮੈਨ ਦਾ ਦਬਦਬਾ ਵੀ ਬਣਾਈ ਰੱਖਣਾ ਚਾਹੁੰਦਾ ਹੈ ਅਤੇ ਆਪਣੇ ਨਵੇਂ ਤਾਜ਼ੇ ਹਥਿਆਰਾਂ ਲਈ ਇਸ ਯੁੱਧ ਖੇਤਰ ਨੂੰ ਨਿਰਖ-ਪਰਖ ਲਈ ਵੀ ਵਰਤ ਰਿਹਾ ਹੈ। ਉਹ ਆਪਣੇ ਜੱਦੀ ਤਾਕਤਵਰ ਦੁਸ਼ਮਣ ਰੂਸ ਨੂੰ ਵੀ ਕਮਜ਼ੋਰ ਕਰਕੇ ਨੀਵਾਂ ਦਿਖਾਉਣਾ ਚਾਹੁੰਦਾ ਹੈ। ਰੂਸ ਨਹੀਂ ਚਾਹੁੰਦਾ ਕਿ ਸਾਬਕ ਯੂ.ਐੱਸ.ਐੱਸ.ਆਰ. ਦਾ ਕੋਈ ਵੀ ਦੇਸ਼ ਨਾਟੋ ਜਾਂ ਅਮਰੀਕੀ ਪ੍ਰਭਾਵ ਹੇਠ ਜਾਵੇ। ਉਹ ਚਾਹੁੰਦਾ ਹੈ ਇਨ੍ਹਾਂ ਪੁਰਾਣੇ ਸਾਥੀ ਦੇਸ਼ਾਂ ਦਾ ਉਸ ਨਾਲ ਹੀ ਗੱਠਜੋੜ ਬਣਿਆ ਰਹੇ ਪਰ ਜਿਸ ਤੋਂ ਯੂਕਰੇਨ ਇਨਕਾਰੀ ਹੈ ਅਤੇ ਨਾਟੋ ਦਾ ਮੈਂਬਰ ਬਣਨ ਲਈ ਕਾਹਲਾ ਹੈ, ਇਹੀ ਗੱਲ ਦੋਵਾਂ ‘ਚ ਯੁੱਧ ਦਾ ਵੱਡਾ ਕਾਰਨ ਬਣ ਗਈ ਹੈ।
ਇਸ ਵੇਲੇ ਸਭ ਤੋਂ ਵੱਧ ਮਾਰੋ-ਮਾਰੀ ਪੱਛਮੀ ਏਸ਼ੀਆ ‘ਚ ਹੈ, ਜਿੱਥੇ ਅਮਰੀਕਾ ਆਦਿ ਦੀ ਮਦਦ ਨਾਲ ਇਜ਼ਰਾਈਲ ਨੇ ਹਮਾਸ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਗਾਜ਼ਾ ‘ਚ ਘੱਟੋ-ਘੱਟ 39,929 ਲੋਕ ਮਾਰੇ ਜਾ ਚੁੱਕੇ ਹਨ 92,240 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਸੰਯੁਕਤ ਰਾਸ਼ਟਰ ਦੇ ਫਲਸਤੀਨੀ ਖੇਤਰ ਲਈ ਚੋਟੀ ਦੇ ਇਕ ਮਾਨਵਤਾਵਾਦੀ ਅਧਿਕਾਰੀ ਦਾ ਕਹਿਣਾ ਹੈ ਕਿ ਅਕਤੂਬਰ ‘ਚ ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ‘ਚ ਲਗਾਤਾਰ ਇਜ਼ਰਾਈਲ ਵਲੋਂ ਲੋਕਾਂ ਨੂੰ ਗਾਜ਼ਾ ਦੇ ਵੱਖ-ਵੱਖ ਖੇਤਰ ਛੱਡਣ ਲਈ ਅਨੇਕਾਂ ਵਾਰ ਆਦੇਸ਼ ਕੀਤੇ ਗਏ ਹਨ। ਅਗਸਤ ‘ਚ ਅਜਿਹੇ 12 ਆਦੇਸ਼ ਦਿੱਤੇ ਗਏ ਸਨ। ਇਸ ਨੀਤੀ ਨੇ ਇਸ ਦੇ 21 ਲੱਖ ਵਸਨੀਕਾਂ ‘ਚੋਂ 90 ਫ਼ੀਸਦੀ ਨੂੰ ਬੇਘਰ ਕਰ ਦਿੱਤਾ ਹੈ। ਇਜ਼ਰਾਈਲ ਸੋਚਦਾ ਹੈ ਕਿ ਉਹ ਲਿਬਨਾਨ, ਫਲਸਤੀਨ, ਯਮਨ, ਸੀਰੀਆ ਅਤੇ ਇੱਥੋਂ ਤੱਕ ਕਿ ਈਰਾਨ ਨੂੰ ਵੀ ਤਬਾਹ ਕਰ ਸਕਦਾ ਹੈ। ਹੁਣ ਲਿਬਨਾਨ ਦੇ ਸ਼ਹਿਰ ਬੈਰੂਤ ਵਿਚ ਹਿਜ਼ਬੁੱਲਾ ਦੀ ਉੱਤਲੀ ਲੀਡਰਸ਼ਿਪ ਅਤੇ ਕਮਾਂਡ ਕੰਟਰੋਲ ਸਿਸਟਮ ਨੂੰ ਖਤਮ ਕਰਕੇ ਬਾਕੀ ਬਚੀ ਹਿਜ਼ਬੁੱਲਾ ਸ਼ਕਤੀ ਨੂੰ ਖ਼ਤਮ ਕਰਨ ਲਈ ਬੰਬਾਂ ਨਾਲ ਵੱਡੀਆਂ ਇਮਾਰਤਾਂ ਤਾਂ ਤਬਾਹ ਕਰ ਦਿੱਤੀਆਂ ਹਨ ਅਤੇ ਹੁਣ ਟੈਕਾਂ ਰਾਹੀਂ ਜ਼ਮੀਨੀ ਤਬਾਹੀ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਸੀਰੀਆ ‘ਚ ਬੰਬਾਰੀ ਕਰਕੇ ਉਸ ਨੇ ਸੀਰੀਆ ਅਤੇ ਲਿਬਨਾਨ ਦਾ ਸੰਪਰਕ ਸਮਾਪਤ ਕਰਕੇ ਸੀਰੀਆ ਤੋਂ ਆਉਂਦੀ ਸਪਲਾਈ ਬੰਦ ਕਰ ਦਿੱਤੀ ਹੈ। ਹੁਣ ਈਰਾਨ ਉੱਤੇ ਹਮਲਾ ਕਰਨ ਦੀ ਵੀ ਉਸ ਨੇ ਯੋਜਨਾ ਬਣਾ ਰੱਖੀ ਹੈ।
ਉਧਰ ਈਰਾਨ ਨੇ ਵੀ ਇਜ਼ਰਾਈਲ ਦੀ ਖ਼ੁਫੀਆ ਏਜੰਸੀ ਮੋਸਾਦ ਦੇ ਸਿਖਰਲੇ ਆਗੂਆਂ ਨੂੰ ਮਾਰਨ ਦੀ ਗੁਪਤ ਯੋਜਨਾਬੰਦੀ ਬਣਾਈ ਹੋਈ ਹੈ, ਕਿਉਂਕਿ ਇਸ ਏਜੰਸੀ ਵਲੋਂ ਹਿਜ਼ਬੁੱਲਾ ਅਤੇ ਹਮਾਸ ਦੇ ਜ਼ਿਆਦਾਤਰ ਚੋਟੀ ਦੇ ਨੇਤਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਈਰਾਨ ਦੇ ਵੀ ਕੁਝ ਚੋਟੀ ਦੇ ਨੇਤਾ ਮਾਰੇ ਗਏ ਹਨ। ਈਰਾਨ ਦੁਆਰਾ ਇਜ਼ਰਾਈਲ ‘ਤੇ ਦੋ ਵਾਰੀ ਸੁਪਰਸੋਨਿਕ ਮਿਜ਼ਾਈਲਾਂ ਦਾਗਣ ਨਾਲ ਜੰਗ ਦੀ ਸੰਭਾਵਨਾ ਵਧ ਗਈ ਹੈ। ਨੇਤਨਯਾਹੂ ਹਮਾਸ, ਬਾਅਦ ‘ਚ ਹਿਜ਼ਬੁੱਲਾ ਅਤੇ ਹੁਣ ਹੂਤੀ ਗੁਰੀਲਿਆਂ ਅਤੇ ਈਰਾਨ ਨੂੰ ਖ਼ਤਮ ਕਰਨ ਦੇ ਬਿਆਨ ਦੇ ਰਿਹਾ ਹੈ। ਖਾਤਮੇ ਅਤੇ ਵਿਨਾਸ਼ ਦੁਆਰਾ ਜਿੱਤ ਪ੍ਰਾਪਤੀ ਦੀ ਉਸ ਦੀ ਵਧਦੀ ਭੁੱਖ ਦਾ ਕੋਈ ਅੰਤ ਨਹੀਂ ਦਿਸਦਾ, ਜੋ ਨਿਸ਼ਚਿਤ ਤੌਰ ‘ਤੇ ਪੱਛਮ ਏਸ਼ੀਆ ਯੁੱਧ ਤੇ ਫਿਰ ਵਿਸ਼ਵ ਯੁੱਧ ਦਾ ਕਾਰਨ ਬਣ ਸਕਦੀ ਹੈ। ਅਮਰੀਕਾ ਦੁਆਰਾ ਅਰਬਾਂ ਡਾਲਰਾਂ ਅਤੇ ਅਤਿ ਆਧੁਨਿਕ ਹਥਿਆਰਾਂ ਨਾਲ ਇਜ਼ਰਾਈਲ ਦੀ ਅੰਨ੍ਹੀ ਸਹਾਇਤਾ ਨੇ ਉਸ ਨੂੰ ਇਕ ਇਨਸਾਨੀਅਤ ਦਾ ਬੇਰਹਿਮ ਕਾਤਿਲ ਬਣਾ ਦਿੱਤਾ ਹੈ। ਉਹ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਇਸ ਸਮੇਂ ਸੁਰੱਖਿਆ ਪ੍ਰੀਸ਼ਦ ਦਾ ਵੀ ਕੋਈ ਅਰਥ ਨਹੀਂ ਤੇ ਅਜਿਹੀ ਸਥਿਤੀ ਵਿਚ ਭੁੱਖ ਨਾਲ ਵੀ ਬਹੁਤ ਸਾਰੇ ਲੋਕ ਮਰ ਜਾਂਦੇ ਹਨ। ਜਦੋਂ ਕਿ ਦੋ ਵਿਰੋਧੀ ਸ਼ਕਤੀਆਂ ਇਸ ਦੀ ਲਗਾਮ ਫੜੀ ਬੈਠੀਆਂ ਹਨ। ਅਜਿਹਾ ਅਸੰਤੁਲਨ ਸ਼ਾਂਤੀ ਦੀ ਆਗਿਆ ਨਹੀਂ ਦਿੰਦਾ। ਹੁਣ ਕਈ ਦੇਸ਼ਾਂ ਵਲੋਂ ਆਪਣੇ ਗੁਆਂਢੀਆਂ ‘ਤੇ ਹਮਲਾ ਕਰਨ ਦੀ ਭਾਵਨਾ ਬਣ ਗਈ ਹੈ ਜਿਵੇਂ ਰੂਸ ਵਲੋਂ ਯੂਕਰੇਨ ‘ਤੇ ਹਮਲਾ ਅਤੇ ਇਜ਼ਰਾਈਲ ਵਲੋਂ ਫ਼ਲਸਤੀਨ, ਲਿਬਨਾਨ ‘ਤੇ ਹਮਲਾ। ਉੱਧਰ ਚੀਨ ਵੀ ਤਾਈਵਾਨ ‘ਤੇ ਹਮਲੇ ਦੀ ਤਿਆਰੀ ਵਿਚ ਹੈ। ਅਮਰੀਕਾ ਅਤੇ ਯੂਰਪੀਅਨ ਸਮੂਹ ਇਸ ਸਥਿਤੀ ‘ਚੋਂ ਆਪਣਾ ਫਾਇਦਾ ਲੱਭ ਰਹੇ ਹਨ। ਉਨ੍ਹਾਂ ਦਾ ਹਰ ਕਦਮ ਪੂਰੀ ਤਬਾਹੀ ਲਈ ਪਰਮਾਣੂ ਅਤੇ ਇਲੈਕਟ੍ਰਾਨਿਕ ਯੁੱਧ ਦੀ ਵਰਤੋਂ ਕਰਨ ਵੱਲ ਹੈ, ਜੋ ਤੀਸਰੇ ਵਿਸ਼ਵ ਯੁੱਧ ਨਾਲੋਂ ਕਿਤੇ ਵੱਧ ਹੋਵੇਗਾ, ਕਿਉਂਕਿ ਵਿਸ਼ਵ ਪੱਧਰ ‘ਤੇ ਤਬਾਹੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ। ਇਸ ਤਬਾਹੀ ਦੌਰਾਨ ਬੱਚਿਆਂ, ਔਰਤਾਂ ਅਤੇ ਬਿਮਾਰ ਵਿਅਕਤੀ ਭੁੱਖ ਨਾਲ ਤੜਫ਼-ਤੜਫ਼ ਕੇ ਮਰ ਰਹੇ ਹਨ। ਇਨ੍ਹਾਂ ਹਾਲਾਤਾਂ ‘ਚ ਸ਼ਾਂਤੀ ਦਾ ਕੋਈ ਮੌਕਾ ਨਹੀਂ ਜਾਪਦਾ। ਜੰਗ ਕਿੰਨੀ ਦੇਰ ਜਾਰੀ ਰਹੇਗੀ? ਜੇ ਪਰਮਾਣੂ ਯੁੱਧ ਹੋਇਆ ਤਾਂ ਕੁਝ ਕੁ ਦਿਨ ਅਤੇ ਜੇ ਮਿਜ਼ਾਈਲਾਂ, ਡਰੋਨਾਂ ਅਤੇ ਬੰਬਾਂ ਦੀ ਲੜਾਈ ਚਲਦੀ ਰਹੀ ਤਾਂ ਫਿਰ ਇਸ ਦੇ ਰੁਕਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਯੁੱਧ ਪੱਛਮੀ ਏਸ਼ੀਆ ਦੇ ਯੁੱਧ ਦਾ ਰੂਪ ਵੀ ਲੈ ਸਕਦਾ ਹੈ ਅਤੇ ਇਹ ਵਧ ਕੇ ਵਿਸ਼ਵ ਯੁੱਧ ਦਾ ਰੂਪ ਧਾਰ ਸਕਦਾ ਹੈ।

Related Articles

Latest Articles