ਵਾਰੀ ਵਾਰੀ ਯਾਰ ਸੰਗੀ ਜਾ ਰਹੇ ਨੇ ।
ਦੋਸਤਾਂ ਦੇ ਪੂਰ ਟੁਰਦੇ ਜਾ ਰਹੇ ਨੇ ।
ਆਖ਼ਰ ਅਸੀਂ ਵੀ ਉਥੇ ਹੀ ਜਾ ਵੱਸਣਾ,
ਅਪਣਾ ਟਿਕਾਣਾ ਜਿੱਥੇ ਉਹ ਬਣਾ ਰਹੇ ਨੇ।
ਅਸਚਰਜ ਖੇਡ ਦੇਖ ਸਿਰਜਣਹਾਰ ਦੀ ,
ਕਿੱਥੋਂ ਆਏ ਜੀਅ ਜਾ ਕਿੱਥੇ ਸਮਾ ਰਹੇ ਨੇ।
ਉਮਰ ਭਰ ਜਿਸ ਨਰਕ ਹੀ ਸੀ ਚਿਤਵਿਆ,
ਕਿ ਮਿਲੇ ਸੁਰਗ ਉਹਨੂੰ , ਮੰਗ ਦੁਆ ਰਹੇ ਨੇ।
ਸਾਲਾਂ ਮਾਹਾਂ ਦਿਹਾਂ ਦਾ ਜੋੜ ਹੀ ਹੈ ਜਿੰਦਗੀ ,
ਹਰ ਸਾਹ ਨਾਲ ਨਿਤ ਇਹ ਖੁਰਦੇ ਜਾ ਰਹੇ ਨੇ।
ਦੁਸ਼ਮਣਾਂ ਦੀ ਲੋੜ ਹੀ ਨਾ ਜਾਪੀ ਕਦੇ,
ਯਾਰ ਹੀ ਅਹਿਸਾਨ ਏਹ ਕਰਦੇ ਜਾ ਰਹੇ ਨੇ।
ਪਰਛਾਵੇਂ ਵਾਂਗ ਕਦੇ ਜੋ ਤੁਰਦੇ ਨਾਲ ਸਨ ,
ਹਨੇਰਾ ਬਣ ਪਰਛਾਵੇਂ ਨੂੰ ਖਾਂਦੇ ਜਾ ਰਹੇ ਨੇ।
ਮੌਤ ਹੀ ਅੰਤ ਨਿਭਦੀ ਏ ਨਾਲ ਇਨਸਾਨ ਦੇ ,
ਮੌਤ ਹੀ ਤੋਂ ਫਿਰ ਭੈਅ ਕਿਉਂ ਲੋਕੀਂ ਖਾ ਰਹੇ ਨੇ।
ਨਿੱਘ ਮਾਣ ਲੈ ‘ਨਾਕਾਮ’ ਯਾਰਾਂ ਦੇ ਸੰਗ ਦਾ ,
ਪਿੱਛੇ ਰਹਿ ਗਏ ਜੋ ਦੇਖ ਕਿੰਜ ਪਛਤਾ ਰਹੇ ਨੇ।
ਲੇਖਕ : ਗੁਰਬਖਸ਼ ਸਿੰਘ ‘ਨਾਕਾਮ’