ਕਦੇ ਕਦੇ ਤਾਂ ਆਇਆ ਕਰ
ਆ ਕੇ ਮਿਲ-ਗਿਲ ਜਾਇਆ ਕਰ।
ਉਦਾਸ ਜਿਹਾ ਹੋ ਜਾਂਦੈ ਦਿਲ
ਇਸ ਨੂੰ ਆ ਵਰਚਾਇਆ ਕਰ।
ਔੜ ਜਿਹੀ ਲੱਗ ਜਾਂਦੀ ਹੈ
ਬੱਦਲੀਏ ਛਹਿਬਰ ਲਾਇਆ ਕਰ।
ਝਾਕੇ ਚੰਨ ਜਿਓਂ ਬੱਦਲਾਂ ‘ਚੋਂ
ਏਸ ਤਰ੍ਹਾਂ ਮੁਸਕਰਾਇਆ ਕਰ।
ਸੁੰਨਾ ਜੰਗਲ ਅਰਜ਼ ਕਰੇ
ਨਦੀਏ ਗੀਤ ਸੁਣਾਇਆ ਕਰ।
ਤਨ ਝਾਂਬਾ ਰੂਹ ਨੂੰ ਕਾਂਬਾ
ਵਿੱਛੜ ਕੇ ਨਾ ਲਾਇਆ ਕਰ।
ਰੋਣ-ਧੋਣ ਹੈ ਚਹੁੰ ਪਾਸੀਂ
ਹੱਸਿਆ ਅਤੇ ਹਸਾਇਆ ਕਰ।
ਚੁੱਪ ਦਾ ਜਿੰਦਰਾ ਬਣਿਆ ਹਾਂ
ਤੂੰ ਚਾਬੀ ਬਣ ਜਾਇਆ ਕਰ।
ਦਿਲ ਦੇ ਵਿੱਚ ਰੱਬ ਵਸਦਾ ਹੈ
ਇਹ ਮੰਦਰ ਨਾ ਢਾਇਆ ਕਰ।
ਲੇਖਕ : ਸ਼ੇਰ ਸਿੰਘ ਕੰਵਲ
ਸੰਪਰਕ: 602-482-2276