ਸਿਡਨੀ, (ਪਰਮਜੀਤ ਸਿੰਘ): ਆਸਟ੍ਰੇਲੀਆ ਦੇ ਵਿਕਟੋਰਿਆ ਰਾਜ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨਿਤ ਕਰਦੇ ਹੋਏ ਬਰਵਿਕ ਸਪ੍ਰਿੰਗਜ਼ ਖੇਤਰ ਦੀ ਇੱਕ ਝੀਲ ਦਾ ਨਾਮ “ਗੁਰੂ ਨਾਨਕ ਝੀਲ” ਰੱਖਿਆ ਗਿਆ ਹੈ। ਇਹ ਫੈਸਲਾ ਗੁਰੂ ਨਾਨਕ ਸਾਹਿਬ ਜੀ ਦੀ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਵਿਕਟੋਰਿਆ ਦੇ ਮਲਟੀਕਲਚਰਲ ਅਫੇਅਰਜ਼ ਮੰਤਰੀ ਇੰਗ੍ਰਿਡ ਸਟਿਟ ਨੇ ਘੋਸ਼ਣਾ ਕੀਤੀ ਕਿ ਰਾਜ ਸਰਕਾਰ ਵਿਕਟੋਰਿਆ ਵਿੱਚ ਲੰਗਰ ਸਮਾਰੋਹਾਂ ਦੇ ਆਯੋਜਨ ਲਈ 6 ਲੱਖ ਡਾਲਰ ਦਾ ਯੋਗਦਾਨ ਦਵੇਗੀ।
“ਨਾਮ ਏ ਪਲੇਸ” ਮੁਹਿੰਮ ਦੇ ਤਹਿਤ ਬਰਵਿਕ ਸਪ੍ਰਿੰਗਜ਼ ਝੀਲ ਦਾ ਨਾਮ ਬਦਲ ਕੇ “ਗੁਰੂ ਨਾਨਕ ਝੀਲ” ਰੱਖਿਆ ਹੈ। ਇਹ ਮੁਹਿੰਮ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ, ਜੋ ਸਿੱਖ ਭਾਈਚਾਰੇ ਲਈ ਸਦੀਆਂ ਦਾ ਮਾਣ ਹੈ। ਇਸ ਦੇ ਨਾਲ ਹੀ, ਰਾਜ ਸਰਕਾਰ ਨੇ ਸਿੱਖ ਧਰਮ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਭ ਤੱਕ ਪਹੁੰਚਾਉਣ ਲਈ ਯਤਨ ਕਰ ਰਹੀ ਹੈ। ਇਸ ਨਾਮਕਰਨ ਪਹਲ ਵਿਚ ਵਿਸ਼ੇਸ਼ ਯੋਗਦਾਨ ਵਿਕਟੋਰਿਆ ਦੇ ਸਿੱਖ ਇੰਟਰਫੇਥ ਕੌਂਸਿਲ ਦੇ ਚੇਅਰਮੈਨ ਜਸਬੀਰ ਸਿੰਘ ਦਾ ਰਿਹਾ, ਜਿਨ੍ਹਾਂ ਨੇ 2018 ਤੋਂ ਵਿਕਟੋਰਿਆ ਦੇ ਪ੍ਰਧਾਨ ਮੰਤਰੀ ਨਾਲ ਇਸ ਵਿਸ਼ੇ ‘ਤੇ ਗੱਲਬਾਤ ਸ਼ੁਰੂ ਕੀਤੀ ਸੀ। ਜਸਬੀਰ ਨੇ ਦੱਸਿਆ ਕਿ ਹੁਣ ਇਸ ਝੀਲ ਦਾ ਨਾਮ “ਗੁਰੂ ਨਾਨਕ ਝੀਲ” ਹੋਵੇਗਾ ਅਤੇ ਇਹ ਸਾਰੇ ਸਰਕਾਰੀ ਗਜਟਾਂ ਅਤੇ ਅਧਿਕਾਰਕ ਦਸਤਾਵੇਜ਼ਾਂ ਵਿੱਚ ਦਰਜ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਮਕਰਨ ਨਾਲ ਉੱਥੇ ਆਉਣ ਵਾਲੇ ਲੋਕਾਂ ਨੂੰ ਗੁਰੂ ਨਾਨਕ ਜੀ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਸੰਖਿਆ ਲਗਭਗ 2,10,000 ਹੈ, ਜੋ ਕਿ ਦੇਸ਼ ਦੀ ਕੁੱਲ ਜਨਸੰਖਿਆ ਦਾ 0.8% ਹੈ। ਵਿਕਟੋਰਿਆ ਰਾਜ ਵਿੱਚ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਵੱਸਦਾ ਹੈ, ਜਿੱਥੇ ਉਨ੍ਹਾਂ ਨੇ ਕਈ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਹੈ ਅਤੇ ਸਮਾਜ ਵਿੱਚ ਸਹਾਇਤਾ ਲਈ ਕੁਝ ਮਹੱਤਵਪੂਰਨ ਕਦਮ ਚੁੱਕੇ ਹਨ। ਸਿੱਖ ਭਾਈਚਾਰੇ ਨੇ ਵਪਾਰ, ਕਲਾ, ਫੌਜ ਅਤੇ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਿਕ ਕਾਰਜਾਂ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ।