ਸਰੀ, (ਦਿਵਰੂਪ ਕੌਰ): ਸਰੀ ਵਿੱਚ 76 ਐਵੇਨਿਊ ਦੇ 13000 ਬਲਾਕ ਵਿੱਚ ਸਥਿਤ ਇੱਕ ਕਾਰੋਬਾਰੀ ਇਮਾਰਤ ਵਿੱਚ ਗੋਲੀਬਾਰੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਵਾਰਦਾਤ ਸੋਮਵਾਰ 4 ਮਈ ਨੂੰ ਦੁਪਹਿਰ ਲਗਭਗ 3:03 ਵਜੇ ਵਾਪਰੀ ਜਦੋਂ ਸਰੀ ਪੁਲਿਸ ਸਰਵਿਸ (SPS) ਦੇ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਜਿਸ ਇਮਾਰਤ ਵਿੱਚ ਇਹ ਘਟਨਾ ਵਾਪਰੀ, ਉਸ ਦੇ ਸਾਹਮਣੇ ਵਾਲੇ ਹਿੱਸੇ ਵਿੱਚ ‘ਐਡਵਾਂਸਡ ਲਰਨਿੰਗ ਸੈਂਟਰ’ ਨਾਮ ਦਾ ਕਾਰੋਬਾਰ ਚੱਲ ਰਿਹਾ ਹੈ। ਹਾਲਾਂਕਿ ਇਸ ਇਮਾਰਤ ਵਿੱਚ ਕਈ ਹੋਰ ਦਫ਼ਤਰ ਵੀ ਸਥਿਤ ਹਨ। ਭਾਈਚਾਰਕ ਸੂਤਰਾਂ ਅਨੁਸਾਰ ਮ੍ਰਿਤਕ ਇੱਕ ਨੌਜਵਾਨ ਸੀ ਜਿਸ ਨੇ ਦੂਜੀ ਮੰਜ਼ਿਲ ‘ਤੇ ਦਫ਼ਤਰ ਲਈ ਜਗ੍ਹਾ ਕਿਰਾਏ ‘ਤੇ ਲਈ ਹੋਈ ਸੀ। ਇਸ ਕਤਲ ਤੋਂ ਬਾਅਦ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਂਚ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਅਤੇ ਉਹ ਸਰੀ ਪੁਲਿਸ ਨਾਲ ਮਿਲ ਕੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੇ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਿੲਸ ਗੋਲੀਬਾਰੀ ਦੀ ਘਟਨਾ ਸਬੰਧੀ ਜਾਂਚ ਤੋਂ ਬਾਅਦ 27 ਸਾਲਾ ਜਸਕਰਨ ਸਰੋਏ ‘ਤੇ ਗੋਲੀ ਚਲਾਉਣ ਦੇ ਚਾਰਜ ਲਾਏ ਗਏ ਹਨ। ਜਸਕਰਨ ਸਰੋਏ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਹ ਜ਼ਮਾਨਤ ਲਈ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਮਾਮਲੇ ਦੀ ਅਗਲੀ ਅਦਾਲਤੀ ਤਾਰੀਖ 12 ਮਈ 2026 ਤੈਅ ਕੀਤੀ ਗਈ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਆਈਹਿਟ ਦੀ ਇਨਫਰਮੇਸ਼ਨ ਲਾਈਨ 1-877-551-4448 ‘ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਰਾਹੀਂ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਫੜਿਆ ਜਾ ਸਕੇ। This report was written by Divroop Kaur as part of the Local Journalism Initiative.

