ਰੋਜ਼ ਚੱਲਦਾ ਹਾਂ
ਰੁਕਦਾ ਹਾਂ
ਥੱਕਦਾ ਹਾਂ
ਆਖਿਰ ਪਹੁੰਚ ਜਾਂਦਾ ਹਾਂ
ਤੇਰੀ ਯਾਦ ਦੇ ਦੁਆਰੇ।
ਮਨ ਏ ਕਮਲਾ
ਹੈ ਦੁਬਿਧਾ ਅੰਦਰ
ਸੋਚਦਾ ਏ
ਮਰੇ ਘੁਟ-ਘੁਟ
ਜਾਂ ਪੀਵੇ ਹੰਝੂ ਖਾਰੇ।
ਯਾਦ ਤੇਰੀ ਏ
ਰਹਿਮ ਤੋਂ ਹੀਣੀ
ਰੱਤ ਦੀ ਪਿਆਸੀ
ਕਰਦੀ ਜ਼ੁਲਮ ਏ
ਸੂਲੀ ਗ਼ਮਾਂ ਦੀ ਚਾੜ੍ਹੇ।
ਤੇਰੀ ਮੂਰਤ
ਬੜੀ ਖ਼ੂਬਸੂਰਤ
ਆ ਕੇ ਵਿੱਚ ਸੁਫ਼ਨਿਆਂ
ਅਗਨ ਬਲ਼ਦੇ ਦਿਲ ਦੀ
ਕੁਝ ਪਲ ਲਈ ਠਾਰੇ।
ਰੁੱਤ ਵਿਛੋੜੇ ਵਾਲੀ
ਆਈ ਏ
ਦਿਲ ਦੀ ਸੁਹਲ ਧਰਤ ‘ਤੇ
ਪਾਲੇ ਫੁੱਲ ਅਰਮਾਨਾਂ ਨਾਲ
ਇੱਕ ਨਿਮਖ਼ ਵਿੱਚ ਝਾੜੇ।
ਤੇਰੇ ਬਾਅਦ
ਹਰ ਇੱਕ ਰਾਤ
ਬਿਤਾਈ ਕਿੰਞ
ਕੋਈ ਨਾ ਜਾਣਦਾ
ਗਵਾਹ ਨੇ ਅੰਬਰ ਦੇ ਤਾਰੇ।
ਤੇਰੇ ਸਿਵੇ ਦੀ ਰਾਖ਼ ਵਾਂਙ
ਸੁਲਗ਼ ਰਿਹਾ ਏ ਦਿਲ
ਦਿਨ ਢਲੇ
ਸ਼ਾਮ ਪਈ ‘ਤੇ
ਮਨ ਤੈਨੂੰ
ਰੂਹ ਤੇਰੇ ਪਿਆਰ ਨੂੰ ਪੁਕਾਰੇ।
ਰੋਜ਼ ਚੱਲਦਾ ਹਾਂ
ਰੁਕਦਾ ਹਾਂ
ਥੱਕਦਾ ਹਾਂ
ਆਖਿਰ ਪਹੁੰਚ ਜਾਂਦਾ ਹਾਂ
ਤੇਰੀ ਯਾਦ ਦੇ ਦੁਆਰੇ।
ਮਨ ਹੈ ਕਮਲਾ
ਹੈ ਦੁਬਿਧਾ ਅੰਦਰ
ਸੋਚਦਾ ਹੈ
ਮਰੇ ਘੁਟ-ਘੁਟ
ਜਾਂ ਪੀਵੇ ਹੰਝੂ ਖਾਰੇ।
ਲੇਖਕ : ਹਰਸਿਮਰਤ ਸਿੰਘ
ਸੰਪਰਕ: 94786-50013