ਮਾਸਕੋ : ਦੋ ਦਿਨ ਪਹਿਲਾਂ 1,000 ਦਿਨ ਪੂਰੇ ਕਰਨ ਵਾਲੀ ਰੂਸ-ਯੂਕਰੇਨ ਜੰਗ ਹੁਣ ਬਹੁਤ ਹੀ ਨਾਜ਼ੁਕ ਦੌਰ ਵਿੱਚ ਦਾਖਲ ਹੋ ਚੁੱਕੀ ਹੈ। ਰੂਸ ਵਲੋਂ ਯੂਕਰੇਨ ‘ਤੇ ਬਹੁਤ ਖ਼ਤਰਨਾਕ ਅਤੇ ਦੂਰ ਤੱਕ ਮਾਰ ਕਰਨ ਵਾਲੀ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਦਾਗਣ ਨਾਲ ਇਹ ਸੰਘਰਸ਼ ਹੋਰ ਗੰਭੀਰ ਰੂਪ ਧਾਰਣ ਕਰ ਰਿਹਾ ਹੈ। ਇਸ ਕਾਰਵਾਈ ਨਾਲ ਜੰਗ ਦੇ ਪਰਮਾਣੂ ਯੁੱਧ ‘ਚ ਬਦਲਣ ਦੇ ਅਸਾਰ ਵੀ ਵੱਧ ਗਏ ਹਨ।
ਯੂਕਰੇਨ ਨੇ ਦੋ ਦਿਨ ਪਹਿਲਾਂ ਅਮਰੀਕਾ ਦੀ ਏਟੀਏਸੀਏਐੱਮਐੱਸ ਮਿਜ਼ਾਈਲ ਅਤੇ ਬਰਤਾਨੀਆ ਦੀ ਸਟਾਰਮ ਸ਼ੈਡੋ ਮਿਜ਼ਾਈਲ ਰੂਸ ‘ਤੇ ਦਾਗੀਆਂ। ਇਸ ਦੇ ਜਵਾਬ ਵਿੱਚ ਰੂਸ ਨੇ ਨਿਪਰੋ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਈਸੀਬੀਐੱਮ ਦਾਗੀ। ਇਹ ਮਿਜ਼ਾਈਲ ਰੂਸ ਦੇ ਆਸਤਰਖਾਨ ਖੇਤਰ ਤੋਂ ਲਾਂਚ ਕੀਤੀ ਗਈ। ਯੂਕਰੇਨ ਦੇ ਦਾਅਵਿਆਂ ਅਨੁਸਾਰ, ਰੂਸ ਵਲੋਂ ਇਸ ਹਮਲੇ ਦੌਰਾਨ ਅੱਠ ਹੋਰ ਮਿਜ਼ਾਈਲਾਂ ਵੀ ਦਾਗੀਆਂ ਗਈਆਂ, ਜੋ ਉਦਯੋਗਾਂ ਅਤੇ ਮਹੱਤਵਪੂਰਣ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਗਈਆਂ।
ਯੂਕਰੇਨ ਨੇ ਆਪਣੀ ਹਵਾਈ ਸੁਰੱਖਿਆ ਪ੍ਰਣਾਲੀ ਦੀ ਸਫ਼ਲਤਾ ਦਿਖਾਉਂਦੇ ਹੋਏ ਦੱਸਿਆ ਕਿ ਇਸ ਹਮਲੇ ਦੌਰਾਨ ਛੇ ਕੇਐੱਚ-101 ਕਰੂਜ਼ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ। ਹਾਲਾਂਕਿ, ਰੂਸ ਨੇ ਆਈਸੀਬੀਐੱਮ ਦੇ ਇਸਤੇਮਾਲ ‘ਤੇ ਅਧਿਕਾਰਿਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਇਸ ਹਮਲੇ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਨਵਾਂ ਪਰਮਾਣੂ ਸਿਧਾਂਤ ਲਾਗੂ ਕਰ ਦਿੱਤਾ ਹੈ। ਇਸ ਸਿਧਾਂਤ ਮੁਤਾਬਕ, ਜੇਕਰ ਰੂਸ ਜਾਂ ਉਸ ਦੇ ਸਹਿਯੋਗੀ ਦੇਸ਼ਾਂ ‘ਤੇ ਕੋਈ ਵੀ ਹਮਲਾ ਕੀਤਾ ਜਾਂਦਾ ਹੈ, ਤਾਂ ਰੂਸ ਵਲੋਂ ਪਰਮਾਣੂ ਹਥਿਆਰਾਂ ਨਾਲ ਜਵਾਬ ਦਿੱਤਾ ਜਾ ਸਕਦਾ ਹੈ। ਇਸ ਸਿੱਧਾਂਤ ਨਾਲ ਪਰਮਾਣੂ ਯੁੱਧ ਦੀ ਸੰਭਾਵਨਾ ਹੋਰ ਵਧ ਗਈ ਹੈ।
ਰੂਸ ਵਲੋਂ ਸਿਰਫ਼ ਯੂਕਰੇਨ ਨੂੰ ਹੀ ਨਹੀਂ, ਬਲਕਿ ਪੱਛਮੀ ਦੇਸ਼ਾਂ ਨੂੰ ਵੀ ਵੱਡਾ ਸੰਦੇਸ਼ ਦਿੱਤਾ ਗਿਆ ਹੈ। ਰੂਸੀ ਰਾਸ਼ਟਰਪਤੀ ਨੇ ਪੋਲੈਂਡ ਵਿੱਚ ਮੌਜੂਦ ਅਮਰੀਕੀ ਏਅਰਬੇਸਾਂ ਨੂੰ ਤਬਾਹ ਕਰਨ ਦੀ ਧਮਕੀ ਦੇ ਦਿੱਤੀ ਹੈ। ਜੰਗ ਦੇ ਇਸ ਦੌਰ ਵਿੱਚ ਅਮਰੀਕਾ ਅਤੇ ਨਾਟੋ ਦੇਸ਼ਾਂ ਦਾ ਯੂਕਰੇਨ ਨੂੰ ਹਥਿਆਰਾਂ ਦੇਣ ਦਾ ਫ਼ੈਸਲਾ ਵੀ ਸਥਿਤੀ ਨੂੰ ਹੋਰ ਖਰਾਬ ਕਰ ਰਿਹਾ ਹੈ। ਰੂਸ ਵਲੋਂ ਆਈਸੀਬੀਐੱਮ ਦੀ ਵਰਤੋਂ ਅਤੇ ਪਰਮਾਣੂ ਸਿਧਾਂਤ ਨੂੰ ਅਪਣਾਉਣ ਨਾਲ ਇਹ ਸਪਸ਼ਟ ਹੈ ਕਿ ਜੰਗ ਵਿੱਚ ਹੋਰ ਤੀਬਰਤਾ ਆਵੇਗੀ। ਅਗਲੇ ਦਿਨਾਂ ਵਿੱਚ ਇਹ ਜੰਗ ਕੀ ਰੁੱਖ ਧਾਰੇਗੀ, ਇਸ ਦੀ ਸੰਭਾਵਨਾ ਸਿਰਫ਼ ਸਿਆਸੀ ਨਹੀਂ, ਸੈਨਿਕ ਮੈਦਾਨ ਵਿੱਚ ਵੀ ਨਵੀਆਂ ਚੁਨੌਤੀਆਂ ਖੜ੍ਹੀ ਕਰੇਗੀ।