ਲੇਖਕ : ਕਮਲਜੀਤ ਸਿੰਘ ਬਨਵੈਤ
ਸੰਪਰਕ : 98147-34035
ਪਹਿਲਾਂ ਪਹਿਲ ਪੰਜਾਬੀ ਵਿਦੇਸ਼ਾਂ ਨੂੰ ਖੱਟਣ ਕਮਾਉਣ ਲਈ ਜਾਇਆ ਕਰਦੇ ਸਨ। ਉੱਧਰ ਸਾਲਾਂ ਦੇ ਸਾਲ ਲਾ ਕੇ ਡਾਲਰ ਅਤੇ ਪੌਂਡ ਕਮਾਉਣ ਤੋਂ ਬਾਅਦ ਆਪਣੀ ਧਰਤੀ ‘ਤੇ ਆ ਕੇ ਜਿੱਥੇ ਉਹ ਮਹਿਲ ਨੁਮਾ ਕੋਠੀਆਂ ਉਸਾਰ ਲੈਂਦੇ ਸਨ, ਉੱਥੇ ਕਈਆਂ ਨੇ ਆਪਣੇ ਵੱਡੇ ਕਾਰੋਬਾਰ ਵੀ ਖੜ੍ਹੇ ਕੀਤੇ। ਦੁਆਬੇ ਦੇ ਪਿੰਡਾਂ ਦੀਆਂ ਕੋਠੀਆਂ ਉੱਤੇ ਜਹਾਜ਼ਾਂ ਵਰਗੀਆਂ ਬਣੀਆਂ ਪਾਣੀ ਦੀਆਂ ਟੈਂਕੀਆਂ ਇਸੇ ਦੀ ਤਾਂ ਹੀ ਤਸਵੀਰ ਪੇਸ਼ ਕਰਦੀਆਂ ਹਨ। ਬੌਲਦਾਂ ਦੀਆਂ ਜੋੜੀਆਂ ਵਾਲੀਆਂ ਟੈਂਕੀਆਂ ਦਾ ਰਿਵਾਜ਼ ਘਟ ਗਿਆ ਹੈ।
ਪਿਛਲੇ ਸਮੇਂ ਤੋਂ ਵਿਦੇਸ਼ਾਂ ਵਿੱਚ ਜਾ ਕੇ ਪੱਕੇ ਤੌਰ ‘ਤੇ ਵਸਣ ਦਾ ਰੁਝਾਨ ਵਧਣ ਲੱਗਾ ਹੈ। ਆਪਣੀ ਧਰਤੀ ਨੂੰ ਅਲਵਿਦਾ ਕਹਿ ਕੇ ਭਾਰਤੀ ਹੁਣ ਵਿਦੇਸ਼ੀ ਧਰਤੀ ਤੋਂ ਵਾਪਸ ਨਹੀਂ ਮੁੜਨਾ ਚਾਹੁੰਦੇ। ਕਈਆਂ ਨੇ ਪਰਾਈ ਧਰਤੀ ਉੱਤੇ ਆਪਣੇ ਵੱਡੇ ਵਪਾਰ ਖੜ੍ਹੇ ਕਰ ਲਏ ਹਨ। ਕੋਈ ਸੌਗੀ ਦੇ ਬਾਦਸ਼ਾਹ ਵਿੱਚ ਜਾਣਿਆ ਜਾਣ ਲੱਗਾ ਹੈ ਤੇ ਕੋਈ ਬਨਾਨਾ ਕਿੰਗ ਦੇ ਨਾਂ ਨਾਲ ਮਸ਼ਹੂਰ ਹੋਇਆ ਹੈ। ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਉੱਥੋਂ ਦੀਆਂ ਸਰਕਾਰਾਂ ਅਤੇ ਸਿਆਸਤ ਵਿੱਚ ਹਿੱਸੇਦਾਰੀ ਪਾਈ ਹੈ। ਇੱਕ ਅੱਧ ਮੁਲਕ ਵਿੱਚ ਤਾਂ ਸਰਕਾਰਾਂ ਬਣਾਉਣ ਅਤੇ ਤੋੜਨ ਦਾ ਰਿਮੋਟ ਵੀ ਇਹਨਾਂ ਦੇ ਹੱਥ ਆ ਗਿਆ ਹੈ। ਕਿਹੜੇ ਵੇਲਿਆਂ ਦੀ ਗੱਲ ਹੈ, ਜਦੋਂ ਉੱਜਲ ਦੁਸਾਂਝ ਕੈਨੇਡਾ ਦੇ ਇੱਕ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣੇ ਸਨ। ਹੁਣੇ ਹੁਣੇ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਮੈਦਾਨ ਵਿੱਚ ਸੀ। ਭਾਰਤੀ ਮੂਲ ਦੇ ਹੀ ਰਿਸ਼ੀ ਸੁਨਕ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਵਿਦੇਸ਼ ਜਾ ਕੇ ਵਸਣ ਲਈ ਗੁਰਦੁਆਰਿਆਂ ਵਿੱਚ ਪਹਿਲਾਂ ਦੀ ਤਰ੍ਹਾਂ ਸੁੱਖਾਂ ਤਾਂ ਹੁਣ ਵੀ ਸੁੱਖੀਆਂ ਜਾਂਦੀਆਂ ਹਨ ਪਰ ਹੁਣ ਪ੍ਰਵਾਸ ਚਿੰਤਾ ਦਾ ਸਬੱਬ ਬਣਨ ਲੱਗਾ ਹੈ। ਪੰਜਾਬ ਖਾਲੀ ਹੋਣ ਦੇ ਕਿਨਾਰੇ ਹੈ। ਪਰਵਾਸੀ ਕੋਠੀਆਂ ਸੰਭਾਲਣ ਲੱਗੇ ਹਨ। ਅਸੀਂ ਟਰੈਕਟਰ ਦਾ ਸਟੇਰਿੰਗ ਵੀ ਉਹਨਾਂ ਦੇ ਹੱਥ ਫੜਾ ਦਿੱਤਾ ਹੈ। ਪ੍ਰਵਾਸੀ ਪਿੰਡਾਂ ਦੀ ਸਰਪੰਚੀ ਉੱਤੇ ਅੱਖ ਰੱਖਣ ਲੱਗੇ ਹਨ। ਹੁਣ ਉਹ ਦਿਨ ਦੂਰ ਨਹੀਂ ਲਗਦਾ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਤੀਨਿਧਤਾ ਭਾਲਣ ਲੱਗ ਪੈਣਗੇ। ਪਰਵਾਸ ਇਸ ਹੱਦ ਤਕ ਫਿਕਰਮੰਦੀ ਬਣ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਦਿੱਤੇ ਸੁਨੇਹੇ ਵਿੱਚ ਵੀ ਪੰਜਾਬੀਆਂ ਨੂੰ ਇਸ ਪੱਖੋਂ ਸੁਚੇਤ ਰਹਿਣ ਵੱਲ ਇਸ਼ਾਰਾ ਕਰਨਾ ਪਿਆ ਹੈ। ਉਹਨਾਂ ਲਈ ਪਰਵਾਸ ਅਤੇ ਪਰਵਾਸੀ ਦੋਵੇਂ ਫਿਕਰਮੰਦੀ ਬਣ ਗਏ ਹਨ। ਉਹ ਪੰਜਾਬੀਆਂ ਨੂੰ ਹਾਲੇ ਵੀ ਸੰਭਲਣ ਦਾ ਸੁਨੇਹਾ ਦਿੰਦੇ ਹਨ।
ਪਰਵਾਸ ਦਾ ਇੱਕ ਹੋਰ ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬੀ ਹੁਣ ਵਿਦੇਸ਼ ਜਾ ਕੇ ਵਸਣ ਲਈ ਹਰ ਹੀਲਾ ਵਰਤਣ ਲੱਗੇ ਹਨ। ਕਬੂਤਰਬਾਜ਼ੀ ਨਵੀਂ ਨਹੀਂ ਹੈ, ਸ਼ੁਰੂ ਸ਼ੁਰੂ ਵਿੱਚ ਗਾਇਕਾਂ ਉੱਤੇ ਕਬੂਤਰਬਾਜ਼ੀ ਦਾ ਇਲਜ਼ਾਮ ਲੱਗਣਾ ਸ਼ੁਰੂ ਹੋਇਆ ਸੀ। ਬਾਅਦ ਵਿੱਚ ਏਜੰਟਾਂ ਨੇ ਤਾਂ ਗੱਲ ਸਿਰੇ ਲਾ ਦਿੱਤੀ ਹੈ। ਅਫਸੋਸ ਹੈ ਕਿ ਮਾਲਟਾ ਕਾਂਡ ਜਿਹੇ ਦੁਖਾਂਤ ਵਾਪਰਨ ਦੇ ਬਾਵਜੂਦ ਅਸੀਂ ਭਾਰਤੀ, ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਸਬਕ ਨਹੀਂ ਸਿੱਖਿਆ। ਕੈਨੇਡਾ ਨੇ ਬੂਹੇ ਭੇੜਨੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਪੁੱਠੇ ਸਿੱਧੇ ਤਰੀਕੇ ਨਾਲ ਅਮਰੀਕਾ ਜਾ ਪੈਰ ਧਰਨ ਦਾ ਜੁਗਾੜ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਨੇ ਭਾਰਤੀਆਂ ਲਈ ਆਪਣੇ ਬੂਹੇ ਖੋਲ੍ਹੇ ਹਨ ਪਰ ਡਾਲਰ ਅਤੇ ਪੌਂਡ ਦੀ ਚਮਕ ਦਮਕ ਅੱਗੇ ਯੂਰਪ ਦੀ ਕਰੰਸੀ ਐਵੇਂ ਕੈਵੇਂ ਲੱਗਣ ਲੱਗੀ ਹੈ। ਆਸਟਰੇਲੀਆ ਜਾਂ ਨਿਊਜ਼ੀਲੈਂਡ ਜਾਣਾ ਸੌਖਾ ਨਹੀਂ। ਉੱਥੇ ਨੂੰ ਡੰਕੀ ਵੀ ਨਹੀਂ ਵੱਜਦੀ। ਰਲਾ ਮਿਲਾ ਕੇ ਅਮਰੀਕਾ ਹੀ ਬਚਦਾ ਹੈ। ਅਸੀਂ ਭਾਰਤੀਆਂ ਨੇ ਹੁਣ ਉੱਧਰ ਨੂੰ ਮੁਹਾਰਾਂ ਮੋੜ ਲਈਆਂ ਹਨ।
ਤਾਜ਼ਾ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਡੰਕੀ ਰੂਟ ਰਾਹੀਂ ਭਾਰਤੀਆਂ ਦੀ ਗੈਰ ਕਾਨੂੰਨੀ ਐਂਟਰੀ ਦਾ ਅੰਕੜਾ ਲਗਾਤਾਰ ਉੱਪਰ ਜਾ ਰਿਹਾ ਹੈ। ਅਮਰੀਕਾ ਬਾਰਡਰ ‘ਤੇ ਸਤੰਬਰ ਤਕ 90, 415 ਭਾਰਤੀ ਫੜੇ ਜਾ ਚੁੱਕੇ ਹਨ।
ਹਰ ਘੰਟੇ 10 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿਰਾਸਤ ਵਿੱਚ ਲਏ ਭਾਰਤੀਆਂ ਵਿੱਚੋਂ ਲਗਭਗ 50 ਫੀਸਦੀ ਗੁਜਰਾਤ ਤੋਂ ਹਨ, ਦੂਸਰੇ ਨੰਬਰ ਉੱਤੇ ਗਿਣਤੀ ਪੰਜਾਬੀਆਂ ਦੀ ਆ ਰਹੀ ਹੈ। ਅਮਰੀਕੀ ਬਾਰਡਰ ਐਂਡ ਕਸਟਮ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਇਸ ਸਾਲ ਦੇ ਅੰਤ ਤਕ ਭਾਰਤੀਆਂ ਦਾ ਅੰਕੜਾ ਇੱਕ ਲੱਖ ਹੋ ਜਾਵੇਗਾ ਜਦੋਂ ਕਿ ਪਿਛਲੇ ਸਾਲ 80 ਹਜ਼ਾਰ ਭਾਰਤੀ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ ਸਨ। ਹਰ ਦਸ ਵਿੱਚੋਂ ਛੇ ਭਾਰਤੀ ਇਸ ਡੰਕੀ ਰੂਟ ਦੁਆਰਾ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ। ਅਮਰੀਕਾ ਵਿੱਚ ਗੈਰ ਕਾਨੂੰਨੀ ਰੂਪ ਵਿੱਚ ਦਾਖਲ ਹੋਣ ਵਾਲੇ ਭਾਰਤੀ ਮੈਕਸੀਕੋ ਦੇ ਰੂਟ ਉੱਤੇ ਜ਼ਿਆਦਾ ਚੈੱਕਿੰਗ ਵਧਣ ਕਾਰਨ ਹੁਣ ਉੱਥੋਂ ਦੀ ਐਂਟਰ ਹੋਣਾ ਪਸੰਦ ਨਹੀਂ ਕਰਦੇ। ਫੜੇ ਗਏ ਭਾਰਤੀਆਂ ਵਿੱਚੋਂ 1100 ਨੂੰ ਭਾਰਤ ਡਿਪੋਰਟ ਕੀਤਾ ਗਿਆ ਹੈ, ਬਾਕੀ ਦੇ ਮਾਮਲੇ ਸ਼ਰਨਾਰਥੀ ਕੋਰਟ ਵਿੱਚ ਚੱਲ ਰਹੇ ਹਨ।
ਇਸ ਸਾਲ ਦੇ ਨੌ ਮਹੀਨਿਆਂ ਦੌਰਾਨ ਫੜੇ ਗਏ 90 ਹਜ਼ਾਰ ਵਿੱਚੋਂ ਲਗਭਗ ਸਾਰਿਆਂ ਨੇ ਅਮਰੀਕਾ ਵਿੱਚ ਸਿਆਸੀ ਸ਼ਰਨ ਲਈ ਅਰਜ਼ੀ ਦੇ ਰੱਖੀ ਹੈ। ਇਸ ਨਾਲ ਅਮਰੀਕਾ ਵਿੱਚ ਆਰਜ਼ੀ ਤੌਰ ‘ਤੇ ਨੌਕਰੀ ਕਰਨ ਦੀ ਆਗਿਆ ਮਿਲ ਜਾਂਦੀ ਹੈ। ਅਮਰੀਕਾ ਵਿੱਚ ਇਸ ਵੇਲੇ 7 ਲੱਖ ਭਾਰਤੀ ਬਗੈਰ ਕਿਸੇ ਡਾਕੂਮੈਂਟਸ ਤੋਂ ਰਹਿ ਰਹੇ ਹਨ। ਇਹਨਾਂ ਲੋਕਾਂ ਦੇ ਕੇਸ ਮਾਈਗ੍ਰੈਂਟ ਅਦਾਲਤ ਵਿੱਚ ਚੱਲ ਰਹੇ ਹਨ। ਕੇਸ ਦਾ ਫੈਸਲਾ ਹੋਣ ਤਕ ਇਹਨਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਮਿਲਦੀ ਰਹੇਗੀ। ਅਮਰੀਕਾ ਨੇ ਹੁਣ ਸਿਆਸੀ ਸ਼ਰਨ ਵਾਲੇ ਭਾਰਤੀਆਂ ਨੂੰ ਸੋਸ਼ਲ ਸਕਿਉਰਟੀ ਦੇਣੀ ਬੰਦ ਕਰ ਦਿੱਤੀ ਹੈ। ਮੈਡੀਕਲ ਸਹੂਲਤਾਂ ਕਈ ਚਿਰ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਨਿਊਯਾਰਕ ਦੀ ਮਾਈਗ੍ਰੇਸ਼ਨ ਪਾਲਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਮੁਜ਼ੱਫਰ ਚਿਸ਼ਤੀ ਦਾ ਕਹਿਣਾ ਹੈ ਕਿ ਹਰ ਸਾਲ ਬੜੀ ਗਿਣਤੀ ਵਿੱਚ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਅਮਰੀਕਾ ਦਾਖਲ ਹੋਣ ਲਈ ਗੈਰ ਕਾਨੂੰਨੀ ਤੌਰ ‘ਤੇ ਬਾਰਡਰ ਪਾਰ ਕਰਦੇ ਹਨ।
ਆਪਣੀ ਜਾਨ ਤਲੀ ‘ਤੇ ਰੱਖ ਕੇ ਬਾਰਡਰ ਪਾਰ ਕਰਨ ਵਾਲਿਆਂ ਵਿੱਚੋਂ ਪਿਛਲੇ ਸਮੇਂ ਦੌਰਾਨ 100 ਭਾਰਤੀ ਮਾਰੇ ਗਏ ਹਨ। ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਨੂੰ ਹਰ ਰੋਜ਼ 16 ਹਜ਼ਾਰ ਰੁਪਏ ਦੀ ਕਮਾਈ ਹੋ ਜਾਂਦੀ ਹੈ। ਗੈਰ ਕਾਨੂੰਨੀ ਤੌਰ ‘ਤੇ ਕੰਮ ਕਰਨ ਵਾਲਿਆਂ ਨੂੰ ਤਨਖਾਹ ਵੀ ਘੱਟ ਦਿੱਤੀ ਜਾਂਦੀ ਹੈ। ਅਮਰੀਕਾ ਵਿੱਚ ਹੁਨਰਮੰਦ ਕਾਮਿਆਂ ਦੀ ਪ੍ਰਤੀ ਘੰਟਾ ਔਸਤਨ ਤਨਖਾਹ 30 ਡਾਲਰ ਹੈ ਜਦਕਿ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ 15 ਤੋਂ 20 ਡਾਲਰ ਪ੍ਰਤੀ ਘੰਟਾ ਕੰਮ ਕਰ ਰਹੇ ਹਨ।
ਡੰਕੀ ਰੂਟ ਦੀ ਗੱਲ ਕਰੀਏ ਤਾਂ ਹੁਣ ਭਾਰਤੀ ਲੋਕਾਂ ਨੂੰ ਪਹਿਲਾਂ ਕੈਨੇਡਾ ਪਹੁੰਚਾਇਆ ਜਾਣ ਲੱਗਾ ਹੈ। ਪ੍ਰਤੀ ਕੇਸ 20 ਲੱਖ ਦੇ ਆਸ ਪਾਸ ਦੀ ਡੀਲ ਹੁੰਦੀ ਹੈ। ਬਾਰਡਰ ਪਾਰ ਕਰਾਉਣ ਵਾਲੇ ਏਜੰਟ ਸਭ ਤੋਂ ਨੇੜੇ ਦੇ ਸ਼ਹਿਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੇ ਹਨ।
ਅਸਲ ਵਿੱਚ ਅਮਰੀਕਾ ਜ਼ਿਆਦਾਤਰ ਬਾਰਡਰਾਂ ਉੱਤੇ ਹੀ ਅੱਖ ਰੱਖ ਰਿਹਾ ਹੈ ਜਦੋਂ ਕਿ ਡਾਕੂਮੈਂਟਸ ਦੀ ਆਮ ਚੈਕਿੰਗ ਘੱਟ ਹੈ। ਪੰਜਾਬੀਆਂ ਦੀ ਗਿਣਤੀ ਵਾਲੇ ਵੱਡੇ ਸ਼ਹਿਰਾਂ ਨਿਊਯਾਰਕ, ਟੈਕਸਸ ਅਤੇ ਸ਼ਿਕਾਗੋ ਵਿੱਚ ਤਾਂ ਰੂਟੀਨ ਦੀ ਚੈਕਿੰਗ ਹੀ ਮੁਸ਼ਕਿਲ ਹੈ। ਸਰਹੱਦੀ ਰਾਜ ਟੈਕਸਸ ਵਿੱਚ ਅੱਠ ਨਵੰਬਰ ਤੋਂ ਨਵੇਂ ਕਾਨੂੰਨਾਂ ਤਹਿਤ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਬਿਨਾਂ ਡਾਕੂਮੈਂਟਸ ਤੋਂ ਨਹੀਂ ਕੀਤਾ ਜਾਵੇਗਾ।
ਉਹਨਾਂ ਤੋਂ ਅਮਰੀਕਾ ਵਿੱਚ ਕਾਨੂੰਨੀ ਤੌਰ ‘ਤੇ ਰਹਿਣ ਦੇ ਕਾਗਜ਼ ਮੰਗੇ ਜਾਣਗੇ। ਇਸ ਵੇਲੇ ਵੈਲਿਡ ਡਾਕੂਮੈਂਟਸ ਨਾ ਹੋਣ ‘ਤੇ ਵੀ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਪੱਖ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਵਿਦੇਸ਼ੀ ਧਰਤੀ ਉੱਤੇ ਵਸਣਾ ਪੰਜਾਬੀਆਂ ਦਾ ਸ਼ੌਕ ਨਹੀਂ, ਮਜਬੂਰੀ ਹੈ। ਨੌਜਵਾਨਾਂ ਨੂੰ ਆਪਣੇ ਮੁਲਕ ਵਿੱਚ ਭਵਿੱਖ ਰੌਸ਼ਨ ਦਿਸਦਾ ਹੋਵੇ ਤਦ ਉਹ ਵਿਦੇਸ਼ ਨੂੰ ਪੁਲਾਂਘ ਭਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਜ਼ਿਆਦਾਤਰ ਨੂੰ ਤਾਂ ਵਿਦੇਸ਼ ਜਾਣ ਲਈ ਮਾਂ ਦੇ ਗਹਿਣੇ ਵੇਚਣੇ ਜਾਂ ਜ਼ਮੀਨ ਬੈਅ ਕਰਨੀ ਪੈ ਰਹੀ ਹੈ। ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਕੁੜੱਤਣ ਆਉਣ ਤੋਂ ਬਾਅਦ ਕਈਆਂ ਦੇ ਸੁਪਨੇ ਚਕਨਾਚੂਰ ਹੋਏ ਹੋਣਗੇ। ਕਈਆਂ ਦੇ ਰਿਸ਼ਤਿਆਂ ਦੀਆਂ ਗੰਢਾਂ ਵੀ ਢਿੱਲੀਆਂ ਹੋਈਆਂ ਹੋਣਗੀਆਂ ਤੇ ਬਾਪੂ ਦੀ ਕਰਜ਼ੇ ਦੀ ਪੰਡ ਵੀ ਹੋਰ ਭਾਰੀ ਹੋਈ ਹੋਵੇਗੀ।