ਨਿੱਕੀ ਸ਼ਰਮਾ ਨੂੰ ਬਣਾਇਆ ਅਟਾਰਨੀ ਆਫ਼ ਜਨਰਲ, ਰਵੀ ਕਾਹਲੋ, ਜਗਰੂਪ ਬਰਾੜ ਅਤੇ ਰਵੀ ਪਰਮਾਰ ਵੀ ਬਣੇ ਮੰਤਰੀ
ਸਰੀ, (ਸਿਮਰਨਜੀਤ ਸਿੰਘ): ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੀ.ਸੀ. ਸੂਬੇ ਦਾ ਰਾਜਨੀਤਿਕ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਹੈ ਹਲਾਂਕਿ ਕੁਝ ਹਲਕਿਆਂ ਵਿੱਚ ਜਿੱਤ-ਹਾਰ ਦਾ ਫਰਕ 100 ਤੋਂ ਵੀ ਘੱਟ ਹੋਣ ਕਰਕੇ ਵੋਟਾਂ ਦੀ ਦੁਬਾਰਾ ਗਿਣਤੀ ਹੋਈ। ਦੁਬਾਰਾ ਗਿਣਤੀ ਤੋਂ ਬਾਅਦ ਐਨਡੀਪੀ ਨੇ ਮੁੜ ਸੱਤਾ ਵਿੱਚ ਵਾਪਸੀ ਕੀਤੀ। ਪ੍ਰੀਮੀਅਰ ਡੇਵਿਡ ਈਬੀ ਨੇ 27 ਮੰਤਰੀਆਂ ਅਤੇ ਚਾਰ ਰਾਜ ਮੰਤਰੀਆਂ ਦੇ ਨਾਲ ਨਵਾਂ ਮੰਤਰੀ ਮੰਡਲ ਘੋਸ਼ਿਤ ਕੀਤਾ।
ਨਵੀਂ ਟੀਮ ਵਿੱਚ ਪੰਜਾਬੀ ਮੂਲ ਦੇ ਚਾਰ ਐਮਐਲਏ ਮੰਤਰੀ ਬਣੇ ਹਨ। ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ। ਜਗਰੂਪ ਬਰਾੜ, ਜੋ ਸਰੀ-ਫਲੀਟਵੁੱਡ ਹਲਕੇ ਤੋਂ ਜਿੱਤਦੇ ਆ ਰਹੇ ਹਨ, ਨੂੰ ਖਣਿਜ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ। ਬਰਾੜ ਨੇ ਕਿਹਾ, ”ਸੂਬੇ ਦੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਕਰਦਿਆਂ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਕੰਮ ਕੀਤਾ ਜਾਵੇਗਾ।”
ਡੈਲਟਾ ਨੌਰਥ ਤੋਂ ਚੋਣ ਜਿੱਤਣ ਵਾਲੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਮਿਉਂਸਿਪਲ ਸੇਵਾਵਾਂ ਦਾ ਦੋਹਰਾ ਵਿਭਾਗ ਦਿੱਤਾ ਗਿਆ ਹੈ। ਰਵੀ ਪਰਮਾਰ ਨੂੰ ਜੰਗਲਾਤ ਵਿਭਾਗ ਦੀ ਕਮਾਨ ਸੌਂਪੀ ਗਈ। ਇਹ ਪਹਿਲੀ ਵਾਰ ਹੈ ਕਿ ਪਰਮਾਰ ਨੂੰ ਮੰਤਰੀ ਮੰਡਲ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿੱਚ ਵੀ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਆਪਣਾ ਦਬਦਬਾ ਬਣਾਇਆ। ਹਰਵਿੰਦਰ ਸੰਧੂ, ਜੋ ਵਰਨਨ-ਲੂਬੀ ਹਲਕੇ ਤੋਂ ਲਗਾਤਾਰ ਦੂਜੀ ਵਾਰ ਜਿੱਤੇ ਹਨ, ਨੂੰ ਖੇਤੀਬਾੜੀ ਲਈ ਪਾਰਲੀਮਾਨੀ ਸਕੱਤਰ ਬਣਾਇਆ ਗਿਆ। ਜੈਸੀ ਸੁੰਨੜ, ਜੋ ਸਰੀ ਨਿਊਟਨ ਤੋਂ ਚੁਣੀ ਗਈਆਂ ਹਨ, ਨੂੰ ਐਂਟੀ-ਰੇਸਿਸਮ ਇਨੀਸ਼ੀਏਟਿਵ ਲਈ ਪਾਰਲੀਮਾਨੀ ਸਕੱਤਰ ਬਣਾਇਆ ਗਿਆ। ਵੈਨਕੂਵਰ-ਲੰਗਾਰਾ ਹਲਕੇ ਤੋਂ ਪਹਿਲੀ ਵਾਰ ਐਮਐਲਏ ਚੁਣੇ ਗਏ ਸੁਨੀਤਾ ਧੀਰ ਨੂੰ ਇੰਟਰਨੈਸ਼ਨਲ ਕਰੀਡੈਂਸ਼ੀਅਲਜ਼ ਦਾ ਜ਼ਿੰਮੇਵਾਰ ਬਣਾਇਆ ਗਿਆ।
ਪਿਛਲੇ ਮੰਤਰੀ ਮੰਡਲ ਵਿੱਚ ਸਿਹਤ ਮੰਤਰੀ ਰਹੇ ਐਂਡਰੀਅਨ ਡਿਕਸ ਨੂੰ ਇਸ ਵਾਰ ਊਰਜਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ। ਖੇਤੀਬਾੜੀ ਮੰਤਰੀ ਲੈਨਾ ਪੌਪਮ ਅਤੇ ਚਿਲਡਰਨ ਐਂਡ ਫੈਮਿਲੀ ਡਿਵਲਪਮੈਂਟ ਮੰਤਰੀ ਗ੍ਰੇਸ ਲੋਰ ਆਪਣੀਆਂ ਜ਼ਿੰਮੇਵਾਰੀਆਂ ਬਣਾਈ ਰੱਖਣਗੇ। ਜਾਰਜ ਚੋਅ ਅਤੇ ਸ਼ੀਲਾ ਮੈਲਕਮਸਨ ਨੂੰ ਵੀ ਪੁਰਾਣੇ ਮਹਿਕਮੇ ਹੀ ਸੌਂਪੇ ਗਏ ਹਨ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸੂਬੇ ਦੇ ਹਰੇਕ ਭਾਈਚਾਰੇ ਦੀ ਹੋਂਦ ਨੂੰ ਧਿਆਨ ਵਿੱਚ ਰੱਖਕੇ ਕੰਮ ਕਰੇਗੀ। ਔਰਤਾਂ ਨੂੰ ਮੰਤਰੀ ਮੰਡਲ ਵਿੱਚ ਬਰਾਬਰਤਾ ਦੇ ਨਾਲ ਨਿਵਾਜ਼ਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।
ਚੋਣਾਂ ਦੌਰਾਨ 12 ਤੋਂ ਵਧੇਰੇ ਦੱਖਣੀ ਏਸ਼ੀਆਈ ਮੂਲ ਦੇ ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ, ਜਿਹਨਾਂ ਵਿੱਚੋਂ ਤਿੰਨ ਦਰਜਨ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ।
ਨਵਾਂ ਮੰਤਰੀ ਮੰਡਲ ਸੂਬੇ ਦੇ ਵਿਕਾਸ, ਕੁਦਰਤੀ ਸਰੋਤਾਂ ਦੇ ਸੁਚੱਜੇ ਪ੍ਰਬੰਧ ਅਤੇ ਭਾਈਚਾਰੇ ਵਿੱਚ ਸਾਂਝ ਪੈਦਾ ਕਰਨ ਲਈ ਕਮਰ ਕਸ ਚੁੱਕਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਦੀਆਂ ਜਨਤਕ ਅਸਹਮਤੀਆਂ ਨੂੰ ਪਾਰ ਕਰਕੇ ਇੱਕਤਾ ਅਤੇ ਵਿਕਾਸ ਵੱਲ ਅੱਗੇ ਵਧਣ ਦੀ ਦਿਸ਼ਾ ਵਿੱਚ ਨਵੀਂ ਸ਼ੁਰੂਆਤ ਹੈ।