Saturday, May 23, 2026

ਸੈਮਸੰਗ ਦੇ 48,000 ਕਾਮੇ 18 ਦਿਨਾਂ ਦੀ ਹੜਤਾਲ ਉੱਤੇ, ਗਲੋਬਲ ਚਿੱਪ ਸਪਲਾਈ ਨੂੰ ਭਾਰੀ ਖਤਰਾ

ਸੀਯੋਂਗ : ਸੈਮਸੰਗ ਇਲੈਕਟ੍ਰੋਨਿਕਸ ਦੇ 48,000 ਕਾਮਿਆਂ ਨੇ ਬੋਨਸ ਭੁਗਤਾਨ ਦੇ ਮੁੱਦੇ ਉੱਤੇ ਸਮਝੌਤਾ ਨਾ ਹੋਣ ਕਾਰਨ ਵੀਰਵਾਰ ਨੂੰ ਕੰਮ ਛੱਡਣ ਦੀ ਯੋਜਨਾ ਬਣਾਈ ਹੈ। ਇਹ ਹੜਤਾਲ ਦੱਖਣੀ ਕੋਰੀਆ ਦੀ ਅਰਥਵਿਵਸਥਾ ਲਈ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ ਅਤੇ ਸੈਮੀਕੰਡਕਟਰਾਂ ਦੀ ਗਲੋਬਲ ਸਪਲਾਈ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਯੂਨੀਅਨ ਦੇ ਨੇਤਾ ਚੋਈ ਸੇਉਂਗ ਹੋ ਨੇ ਭਾਵੁਕ ਹੁੰਦਿਆਂ ਕਿਹਾ ਕਿ ਯੂਨੀਅਨ ਨੇ ਇੱਕ ਸਰਕਾਰੀ ਵਿਚੋਲੇ ਦੁਆਰਾ ਪੇਸ਼ ਕੀਤੀ ਗਈ ਅੰਤਿਮ ਤਜਵੀਜ਼ ਨੂੰ ਸਵੀਕਾਰ ਕਰ ਲਿਆ ਸੀ। ਪ੍ਰਬੰਧਨ ਇੱਕ ਬਾਕੀ ਰਹਿੰਦੇ ਮੁੱਦੇ ਉੱਤੇ ਸਹਿਮਤ ਨਹੀਂ ਹੋਇਆ ਜਿਸ ਕਾਰਨ 18 ਦਿਨਾਂ ਦੀ ਹੜਤਾਲ ਤੈਅ ਪ੍ਰੋਗਰਾਮ ਅਨੁਸਾਰ ਜਾਰੀ ਰਹੇਗੀ। ਉਹਨਾਂ ਨੇ ਜਨਤਾ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਰਿਆਇਤਾਂ ਦੇਣ ਦੇ ਬਾਵਜੂਦ ਉਹ ਕੋਈ ਸਾਰਥਕ ਨਤੀਜਾ ਨਹੀਂ ਕੱਢ ਸਕੇ। ਉਹਨਾਂ ਸਪੱਸ਼ਟ ਕੀਤਾ ਕਿ ਹੜਤਾਲ ਦੌਰਾਨ ਵੀ ਸਮਝੌਤੇ ਤੱਕ ਪਹੁੰਚਣ ਦੇ ਯਤਨ ਜਾਰੀ ਰਹਿਣਗੇ।
ਸੈਮਸੰਗ ਇਲੈਕਟ੍ਰੋਨਿਕਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯੂਨੀਅਨ ਨੇ ਅਜਿਹੀਆਂ ਮੰਗਾਂ ਰੱਖੀਆਂ ਹਨ ਜਿਨ੍ਹਾਂ ਨੂੰ ਸਵੀਕਾਰ ਕਰਨਾ ਕਿਸੇ ਵੀ ਕੀਮਤ ਉੱਤੇ ਸੰਭਵ ਨਹੀਂ ਹੈ। ਕੰਪਨੀ ਅਨੁਸਾਰ ਇਹਨਾਂ ਮੰਗਾਂ ਵਿੱਚ ਨੁਕਸਾਨ ਵਿੱਚ ਚੱਲ ਰਹੀਆਂ ਇਕਾਈਆਂ ਲਈ ਬੋਨਸ ਦੀ ਮੰਗ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਯੂਨੀਅਨ ਦੀਆਂ ਹੱਦੋਂ ਬਾਹਰ ਮੰਗਾਂ ਮੰਨਣ ਨਾਲ ਕੰਪਨੀ ਪ੍ਰਬੰਧਨ ਦੇ ਬੁਨਿਆਦੀ ਸਿਧਾਂਤਾਂ ਨੂੰ ਠੇਸ ਪਹੁੰਚੇਗੀ।
ਬੁੱਧਵਾਰ ਦੁਪਹਿਰ ਨੂੰ ਸੈਮਸੰਗ ਦੇ ਸ਼ੇਅਰ 1.6 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਸਨ ਅਤੇ ਪਿਛਲੇ ਹਫਤੇ ਤੋਂ ਇਹ 4.5 ਫੀਸਦੀ ਡਿੱਗ ਚੁੱਕੇ ਹਨ। ਨਿਵੇਸ਼ਕਾਂ ਨੂੰ ਹੜਤਾਲ ਦੇ ਇੱਕ ਵਾਰ ਦੇ ਖਰਚਿਆਂ ਨਾਲੋਂ ਮਜ਼ਦੂਰੀ ਲਾਗਤਾਂ ਵਿੱਚ ਸਥਾਈ ਵਾਧੇ ਦੀ ਸੰਭਾਵਨਾ ਬਾਰੇ ਵਧੇਰੇ ਚਿੰਤਾ ਸਤਾ ਰਹੀ ਹੈ। ਸੈਮਸੰਗ ਦੱਖਣੀ ਕੋਰੀਆ ਦੀ ਬਰਾਮਦ ਦਾ ਲਗਭਗ ਇੱਕ ਚੌਥਾਈ ਹਿੱਸਾ ਬਣਾਉਂਦਾ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਮੋਹਰੀ ਮੈਮੋਰੀ ਚਿੱਪ ਨਿਰਮਾਤਾ ਕੰਪਨੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਆਈ ਤੇਜ਼ੀ ਕਾਰਨ ਪਹਿਲਾਂ ਹੀ ਚਿੱਪਾਂ ਦੀ ਘਾਟ ਚੱਲ ਰਹੀ ਹੈ ਜਿਸ ਕਰਕੇ ਉਤਪਾਦਨ ਵਿੱਚ ਕੋਈ ਵੀ ਰੁਕਾਵਟ ਕੀਮਤਾਂ ਨੂੰ ਹੋਰ ਉਛਾਲ ਦੇ ਸਕਦੀ ਹੈ। ਸਰਕਾਰੀ ਅਤੇ ਫੈਡਰਲ ਪੱਧਰ ਉੱਤੇ ਇਸ ਸਥਿਤੀ ਨੂੰ ਲੈ ਕੇ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਵੱਲੋਂ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਐਮਰਜੈਂਸੀ ਆਰਬਿਟਰੇਸ਼ਨ ਲਾਗੂ ਕਰਨ ਦੀ ਸੰਭਾਵਨਾ ਹੈ। ਅਜਿਹਾ ਹੁਕਮ ਹੜਤਾਲ ਨੂੰ 30 ਦਿਨਾਂ ਲਈ ਰੋਕ ਸਕਦਾ ਹੈ।
ਦੱਖਣੀ ਕੋਰੀਆ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਐਮਰਜੈਂਸੀ ਆਰਬਿਟਰੇਸ਼ਨ ਦੀ ਗੱਲ ਕਰਨੀ ਅਜੇ ਜਲਦਬਾਜ਼ੀ ਹੈ ਅਤੇ ਗੱਲਬਾਤ ਲਈ ਅਜੇ ਕਾਫੀ ਸਮਾਂ ਬਾਕੀ ਹੈ। ਦੱਖਣੀ ਕੋਰੀਆ ਦੇ ਲੇਬਰ ਕਮਿਸ਼ਨਰ ਪਾਰਕ ਸੂ ਕੇਉਨ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਮੇਂ ਵਿਚੋਲਗੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਲਈ ਖੁੱਲ੍ਹੇ ਮਨ ਨਾਲ ਤਿਆਰ ਹੈ। ਰਾਸ਼ਟਰਪਤੀ ਭਵਨ ਨੇ ਵੀ ਦੋਵਾਂ ਧਿਰਾਂ ਨੂੰ ਵਿਵਾਦ ਜਲਦ ਖਤਮ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦੇ ਕੇਂਦਰੀ ਬੈਂਕ ਦੇ ਇੱਕ ਅਧਿਕਾਰੀ ਅਨੁਸਾਰ ਇਹ ਹੜਤਾਲ ਇਸ ਸਾਲ ਦੱਖਣੀ ਕੋਰੀਆ ਦੀ ਅਰਥਵਿਵਸਥਾ ਲਈ ਅਨੁਮਾਨਿਤ 2.0 ਫੀਸਦੀ ਦੇ ਵਿਸਤਾਰ ਵਿੱਚੋਂ 0.5 ਫੀਸਦੀ ਅੰਕ ਘਟਾ ਸਕਦੀ ਹੈ।
ਹੜਤਾਲ ਕਰਨ ਵਾਲੇ 48,000 ਕਰਮਚਾਰੀ ਸੈਮਸੰਗ ਦੇ ਘਰੇਲੂ ਕਰਮਚਾਰੀਆਂ ਦਾ 38 ਫੀਸਦੀ ਹਿੱਸਾ ਬਣਾਉਂਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਚਿੱਪ ਡਿਵੀਜ਼ਨ ਨਾਲ ਸਬੰਧਤ ਹਨ। ਯੂਨੀਅਨ ਦੀ ਮੰਗ ਹੈ ਕਿ ਕੰਪਨੀ ਸਲਾਨਾ ਤਨਖਾਹਾਂ ਦੇ 50 ਫੀਸਦੀ ਬੋਨਸ ਦੀ ਮੌਜੂਦਾ ਸੀਮਾ ਨੂੰ ਤੁਰੰਤ ਖਤਮ ਕਰੇ। ਉਹਨਾਂ ਦੀ ਇਹ ਵੀ ਮੰਗ ਹੈ ਕਿ ਸਲਾਨਾ ਸੰਚਾਲਨ ਮੁਨਾਫੇ ਦਾ 15 ਫੀਸਦੀ ਹਿੱਸਾ ਬੋਨਸ ਲਈ ਰੱਖਿਆ ਜਾਵੇ ਅਤੇ ਇਹਨਾਂ ਤਬਦੀਲੀਆਂ ਨੂੰ ਸਿਰਫ ਇੱਕ ਸਾਲ ਲਈ ਹੀ ਨਹੀਂ ਸਗੋਂ ਪੱਕੇ ਤੌਰ ਉੱਤੇ ਲਾਗੂ ਕੀਤਾ ਜਾਵੇ।

Popular