Thursday, August 13, 2026

ਬਲਜਿੰਦਰ ਸਿੰਘ ਗਰਚਾ ਦੇ ਕਤਲ ਕੇਸ ਵਿੱਚ 32 ਸਾਲਾ ਵਿਅਕਤੀ ਤੇ ਫਸਟ ਡਿਗਰੀ ਕਤਲ ਦਾ ਦੋਸ਼

ਸਰੀ, (ਦਿਵਰੂਪ ਕੌਰ): ਸਰੀ ਵਿਖੇ 13 ਜਨਵਰੀ ਨੂੰ ਸੜਕ ਕਿਨਾਰੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ 32 ਸਾਲਾ ਵਿਅਕਤੀ ਉੱਤੇ ਫਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਪਿਛਲੇ ਕਈ ਮਹੀਨਿਆਂ ਤੋਂ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) 46 ਸਾਲਾ ਬਲਜਿੰਦਰ ਸਿੰਘ ਗਰਚਾ ਉਰਫ ਬਿੰਦਰ ਦੇ ਕਤਲ ਮਾਮਲੇ ਵਿੱਚ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਸੀ। ਇਹ ਘਟਨਾ 13 ਜਨਵਰੀ ਨੂੰ ਸਵੇਰੇ ਕਰੀਬ 11:50 ਵਜੇ ਵਾਪਰੀ ਸੀ ਜਦੋਂ ਸਰੀ ਪੁਲਿਸ ਸਰਵਿਸ ਦੇ ਅਧਿਕਾਰੀ 176 ਸਟਰੀਟ ਦੇ 3500 ਬਲਾਕ ਵਿੱਚ ਇੱਕ ਵਿਅਕਤੀ ਦੇ ਸੜਕ ਕਿਨਾਰੇ ਡਿੱਗੇ ਹੋਣ ਦੀ ਸੂਚਨਾ ਮਿਲਣ ਤੇ ਪਹੁੰਚੇ ਸਨ।
ਪੁਲਿਸ ਨੂੰ ਮੌਕੇ ਤੇ ਬਲਜਿੰਦਰ ਸਿੰਘ ਗਰਚਾ ਮਿਲਿਆ ਜਿਸਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਸਰੀ ਫਾਇਰ ਸਰਵਿਸਿਜ਼ ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਪਰ ਗਰਚਾ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸੇ ਦਿਨ 40 ਐਵੇਨਿਊ ਦੇ 18900 ਬਲਾਕ ਦੇ ਨੇੜੇ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਵੀ ਵਾਪਰੀ ਸੀ ਜਿਸਨੂੰ ਜਾਂਚ ਕਰਤਾਵਾਂ ਨੇ ਇਸ ਕਤਲ ਨਾਲ ਜੋੜ ਕੇ ਦੇਖਿਆ ਸੀ। ਆਈਐਚਆਈਟੀ ਨੇ ਦੱਸਿਆ ਕਿ ਜਾਂਚ ਟੀਮ ਨੇ ਲੋਅਰ ਮੇਨਲੈਂਡ ਦੇ ਰਹਿਣ ਵਾਲੇ 32 ਸਾਲਾ ਬ੍ਰਾਇਨ ਕਿਰਾਲੀ ਮਿਲਰ ਦੀ ਮੁੱਖ ਸ਼ੱਕੀ ਵਜੋਂ ਪਛਾਣ ਕੀਤੀ ਹੈ। ਬੀਤੀ 28 ਮਈ ਨੂੰ ਕਮਲੂਪਸ ਤੋਂ ਬ੍ਰਾਇਨ ਕਿਰਾਲੀ ਮਿਲਰ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫਤਾਰ ਕਰ ਲਿਆ ਗਿਆ। ਉਸ ਉੱਤੇ ਫਸਟ ਡਿਗਰੀ ਕਤਲ ਦਾ ਇੱਕ ਦੋਸ਼ ਆਇਦ ਕੀਤਾ ਗਿਆ ਹੈ। ਆਈਐਚਆਈਟੀ ਦੀ ਸਾਰਜੈਂਟ ਫਰੀਡਾ ਫੌਂਗ ਨੇ ਕਿਹਾ ਕਿ ਫਸਟ ਡਿਗਰੀ ਕਤਲ ਇੱਕ ਬਹੁਤ ਹੀ ਗੰਭੀਰ ਅਪਰਾਧ ਹੈ ਅਤੇ ਇਹ ਕਾਰਵਾਈ ਅਜਿਹੇ ਗੁੰਝਲਦਾਰ ਮਾਮਲਿਆਂ ਨੂੰ ਸੁਲਝਾਉਣ ਪ੍ਰਤੀ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਾਰਜੈਂਟ ਫੌਂਗ ਨੇ ਦੱਸਿਆ ਕਿ ਇਸ ਘਟਨਾ ਦਾ ਗਰਚਾ ਦੇ ਪਰਿਵਾਰ ਅਤੇ ਭਾਈਚਾਰੇ ਉੱਤੇ ਬਹੁਤ ਗਹਿਰਾ ਅਸਰ ਪਿਆ ਹੈ। ਅਦਾਲਤੀ ਕਾਰਵਾਈ ਕਾਰਨ ਕਤਲ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਮਿੱਥ ਕੇ ਕੀਤਾ ਗਿਆ ਹਮਲਾ ਸੀ। ਮੁਲਜ਼ਮ ਨੂੰ 5 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। This report was written by Divroop Kaur as part of the Local Journalism Initiative.

Popular