ਸਰੀ, (ਦਿਵਰੂਪ ਕੌਰ): ਸਰੀ ਗਿਲਡਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਆਫ ਬੀਸੀ ਦੇ ਸਾਬਕਾ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਇਲੈਕਸ਼ਨਜ਼ ਬੀਸੀ ਵੱਲੋਂ ਚੋਣ ਕਾਨੂੰਨ ਦੀਆਂ ਸੰਭਾਵਿਤ ਉਲੰਘਣਾਵਾਂ ਬਾਰੇ ਜਾਰੀ ਕੀਤੀ ਗਈ ਜਨਤਕ ਰਿਪੋਰਟ ਦਾ ਸਖਤ ਵਿਰੋਧ ਕੀਤਾ ਹੈ । ਰੰਧਾਵਾ ਨੇ ਕਿਹਾ ਕਿ ਇਲੈਕਸ਼ਨਜ਼ ਬੀਸੀ ਦਾ ਜਵਾਬ ਨਿਰਾਸ਼ਾਜਨਕ ਹੈ ਕਿਉਂਕਿ ਇਹ ਅਸਲ ਮੁੱਦੇ ਤੋਂ ਧਿਆਨ ਭਟਕਾਉਂਦਾ ਹੈ ਅਤੇ ਜਨਤਾ ਨੂੰ ਸਪੱਸ਼ਟ ਜਾਣਕਾਰੀ ਨਹੀਂ ਦਿੰਦਾ । ਉਨ੍ਹਾਂ ਸਵਾਲ ਕੀਤਾ ਕਿ ਕੀ ਇਲੈਕਸ਼ਨ ਐਕਟ ਦੀ ਉਲੰਘਣਾ ਹੋਈ ਹੈ ਅਤੇ ਜੇਕਰ ਹੋਈ ਹੈ ਤਾਂ ਕਿੰਨੀ ਵਾਰ ਅਤੇ ਕਿਹੜੀਆਂ ਧਾਰਾਵਾਂ ਤਹਿਤ ਅਜਿਹਾ ਹੋਇਆ ਹੈ । ਰੰਧਾਵਾ ਦੀ ਸ਼ਿਕਾਇਤ ਦਾ ਅਹਿਮ ਹਿੱਸਾ ਲੌਜ ਵੋਟਰਾਂ ਨਾਲ ਸਬੰਧਤ ਮੇਲ ਇਨ ਬੈਲਟ ਦੀਆਂ ਉਲੰਘਣਾਵਾਂ ਬਾਰੇ ਸੀ । ਇਸ ਵਿੱਚ ਬੈਲਟ ਪੈਕੇਜ ਮੰਗਣ, ਵੋਟ ਪਾਉਣ ਵਿੱਚ ਦਿੱਤੀ ਗਈ ਮਦਦ ਅਤੇ ਪ੍ਰਮਾਣੀਕਰਨ ਬਾਰੇ ਚਿੰਤਾਵਾਂ ਸ਼ਾਮਲ ਸਨ । ਉਨ੍ਹਾਂ ਕਿਹਾ ਕਿ ਇਲੈਕਸ਼ਨਜ਼ ਬੀਸੀ ਨੇ ਸ਼ਿਕਾਇਤ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਬਾਰੇ ਇੱਕ ਆਮ ਸਿੱਟਾ ਕੱਢ ਕੇ ਫਾਈਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ । ਰੰਧਾਵਾ ਅਨੁਸਾਰ ਇਸ ਰਵੱਈਏ ਨਾਲ ਆਮ ਲੋਕਾਂ ਦਾ ਸ਼ਿਕਾਇਤ ਪ੍ਰਕਿਰਿਆ ਤੋਂ ਭਰੋਸਾ ਉੱਠ ਸਕਦਾ ਹੈ । ਇਸ ਸਥਿਤੀ ਨੂੰ ਦੇਖਦਿਆਂ ਰੰਧਾਵਾ ਨੇ ਇਲੈਕਸ਼ਨਜ਼ ਬੀਸੀ ਤੋਂ ਲਿਖਤੀ ਕਾਰਨਾਂ ਅਤੇ ਜਾਂਚ ਰਿਕਾਰਡ ਦੀ ਰਸਮੀ ਮੰਗ ਕੀਤੀ ਹੈ । ਉਨ੍ਹਾਂ ਨੇ 5 ਬੁਨਿਆਦੀ ਸਵਾਲਾਂ ਦੇ ਸਿੱਧੇ ਜਵਾਬ ਮੰਗੇ ਹਨ । ਇਹਨਾਂ ਵਿੱਚ ਉਲੰਘਣਾਵਾਂ ਦੀ ਗਿਣਤੀ ਅਤੇ ਭਵਿੱਖ ਵਿੱਚ ਬਜ਼ੁਰਗਾਂ ਅਤੇ ਅਪਾਹਜ ਵੋਟਰਾਂ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਚੋਣ ਕਾਨੂੰਨ ਦੀ ਉਲੰਘਣਾ ਹੋਈ ਸੀ ਜਾਂ ਨਹੀਂ । This report was written by Divroop Kaur as part of the Local Journalism Initiative.

