ਸਰੀ, (ਦਿਵਰੂਪ ਕੌਰ): ਬਿਜ਼ਨਸ ਕੌਂਸਲ ਆਫ ਬ੍ਰਿਟਿਸ਼ ਕੋਲੰਬੀਆ (ਬੀਸੀਬੀਸੀ) ਦੇ ਨਵੇਂ ਵਿਸ਼ਲੇਸ਼ਣ ਅਨੁਸਾਰ ਇਸ ਗਰਮੀਆਂ ਵਿੱਚ ਕੰਮ ਦੀ ਭਾਲ ਕਰ ਰਹੇ ਨੌਜਵਾਨ ਸੂਬੇ ਦੇ ਪਿਛਲੇ ਦੋ ਦਹਾਕਿਆਂ ਦੇ ਸਭ ਤੋਂ ਖਰਾਬ ਲੇਬਰ ਮਾਰਕੀਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜਨਵਰੀ 2019 ਦੇ ਮੁਕਾਬਲੇ ਅੱਜ ਬੀਸੀ ਵਿੱਚ 51,000 ਘੱਟ ਨੌਜਵਾਨ ਕੰਮ ਕਰ ਰਹੇ ਹਨ। ਸੂਬੇ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਉਸ ਪੱਧਰ ਤੱਕ ਪਹੁੰਚ ਗਈ ਹੈ ਜੋ 2020 ਅਤੇ 2021 ਦੇ ਮਹਾਂਮਾਰੀ ਵਾਲੇ ਦੌਰ ਜਾਂ 2008 ਦੇ ਆਰਥਿਕ ਸੰਕਟ ਤੋਂ ਬਿਨਾਂ ਕਦੇ ਨਹੀਂ ਦੇਖੀ ਗਈ।
ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਮੱਸਿਆ ਦੀ ਗੰਭੀਰਤਾ ਨੂੰ ਬੇਰੁਜ਼ਗਾਰੀ ਦਰ ਦੇ ਅੰਕੜਿਆਂ ਰਾਹੀਂ ਘੱਟ ਕਰਕੇ ਦੇਖਿਆ ਜਾ ਰਿਹਾ ਹੈ। ਕੰਮ ਕਰਨ ਵਾਲੇ ਜਾਂ ਸਰਗਰਮੀ ਨਾਲ ਕੰਮ ਲੱਭਣ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ ਦੋ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਹੈ। ਅਰਥਸ਼ਾਸਤਰੀ ਇਸ ਸਥਿਤੀ ਨੂੰ ਨਿਰਾਸ਼ ਕਾਮੇ ਦਾ ਪ੍ਰਭਾਵ ਕਹਿੰਦੇ ਹਨ ਜਿੱਥੇ ਲੋਕ ਨੌਕਰੀਆਂ ਲੱਭਣਾ ਬਿਲਕੁਲ ਬੰਦ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਕੋਈ ਕੰਮ ਉਪਲਬਧ ਨਹੀਂ ਹੈ।
ਬੀਸੀਬੀਸੀ ਦੇ ਪਾਲਿਸੀ ਡਾਇਰੈਕਟਰ ਜੈਰੋ ਯੂਨਿਸ ਨੇ ਕਿਹਾ ਕਿ ਬੀਸੀ ਵਿੱਚ ਜੋ ਦੇਖਿਆ ਜਾ ਰਿਹਾ ਹੈ ਉਹ ਨੌਜਵਾਨ ਕਾਮਿਆਂ ਲਈ ਕੋਈ ਆਮ ਗਿਰਾਵਟ ਨਹੀਂ ਹੈ। ਪ੍ਰਾਈਵੇਟ ਸੈਕਟਰ ਵਿੱਚ ਭਰਤੀ ਦੀ ਘਾਟ, ਐਂਟਰੀ ਲੈਵਲ ਕਾਮਿਆਂ ਦੀ ਗਿਣਤੀ ਵਿੱਚ ਇਜ਼ਾਫਾ ਅਤੇ ਮਾਲਕਾਂ ਦੇ ਖਰਚਿਆਂ ਵਿੱਚ ਹੋਏ ਵਾਧੇ ਨੇ ਨੌਜਵਾਨਾਂ ਨੂੰ ਲੇਬਰ ਮਾਰਕੀਟ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸਦੇ ਨਤੀਜੇ ਵਜੋਂ ਉਨ੍ਹਾਂ ਨਿਰਾਸ਼ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਜਿਨ੍ਹਾਂ ਨੇ ਨੌਕਰੀਆਂ ਦੇ ਬਾਜ਼ਾਰ ਵੱਲ ਦੇਖਿਆ ਹੈ ਅਤੇ ਇਹ ਸਿੱਟਾ ਕੱਢਿਆ ਹੈ ਕਿ ਹੁਣ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ। This report was written by Divroop Kaur as part of the Local Journalism Initiative.

