Saturday, July 11, 2026

ਕੀ ਜੌਹਨ ਰਸਟਡ ਨਵੀਂ ਨੇਤਾ ਲਈ ਆਪਣੀ ਸੀਟ ਛੱਡਣਗੇ?

ਸਰੀ, (ਦਿਵਰੂਪ ਕੌਰ): ਬੀਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਮੁਕੰਮਲ ਹੋਣ ਤੋਂ ਬਾਅਦ ਨਵੀਂ ਚੁਣੀ ਗਈ ਨੇਤਾ ਕੈਰੀ ਲਿਨ ਫਿੰਡਲੇ ਸਾਹਮਣੇ ਸਭ ਤੋਂ ਅਹਿਮ ਕੰਮ ਜ਼ਿਮਨੀ ਚੋਣ ਰਾਹੀਂ ਆਪਣੇ ਲਈ ਵਿਧਾਨ ਸਭਾ ਸੀਟ ਸੁਰੱਖਿਅਤ ਕਰਨਾ ਹੈ। ਪਰ ਇਸ ਲਈ ਕਿਸੇ ਮੌਜੂਦਾ ਵਿਧਾਇਕ ਨੂੰ ਆਪਣੀ ਸੀਟ ਛੱਡਣੀ ਪਵੇਗੀ। ਮੰਗਲਵਾਰ ਨੂੰ ਪਾਰਟੀ ਦੇ ਸਾਬਕਾ ਨੇਤਾ ਜੌਹਨ ਰਸਟਡ ਨੇ ਫਿੰਡਲੇ ਲਈ ਆਪਣੀ ਸੀਟ ਛੱਡਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਰਸਟਡ ਨੇ ਨਿਚਾਕੋ ਲੇਕਸ ਹਲਕੇ ਤੋਂ ਐਨਡੀਪੀ ਦੇ ਮਰਫੀ ਅਬਰਾਹਮ ਨੂੰ 67.5 ਫੀਸਦੀ ਮੁਕਾਬਲੇ 27.2 ਫੀਸਦੀ ਵੋਟਾਂ ਨਾਲ ਹਰਾਇਆ ਸੀ।
ਰਸਟਡ ਨੇ ਕਿਹਾ ਕਿ ਇਸ ਬਾਰੇ ਫਿੰਡਲੇ ਨਾਲ ਗੱਲਬਾਤ ਕੀਤੀ ਜਾਵੇਗੀ। ਫਿੰਡਲੇ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਪਤੀ ਬ੍ਰੈਂਟ ਚੈਪਮੈਨ ਜੋ ਕੈਂਸਰ ਤੋਂ ਉਭਰ ਰਹੇ ਹਨ ਸਰੀ ਸਾਊਥ ਤੋਂ ਅਸਤੀਫਾ ਦੇ ਸਕਦੇ ਹਨ। ਫਿੰਡਲੇ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਇਸ ਬਾਰੇ ਵਿਚਾਰ ਕਰਨਗੇ। ਰਸਟਡ ਨੇ ਕਿਹਾ ਕਿ ਉਹ ਪਾਰਟੀ ਨੂੰ ਇਕਜੁੱਟ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ। ਨਵੀਂ ਨੇਤਾ ਸਾਹਮਣੇ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਨ ਦੀ ਵੀ ਚੁਣੌਤੀ ਹੋਵੇਗੀ। ਕੇਲੋਨਾ ਮਿਸ਼ਨ ਦੇ ਵਿਧਾਇਕ ਗੇਵਿਨ ਡਿਊ ਨੇ ਕਿਹਾ ਕਿ ਅਸਲ ਪਰਖ ਇਹ ਹੋਵੇਗੀ ਕਿ ਪਾਰਟੀ ਲੋਕਾਂ ਦੇ ਭਲੇ ਲਈ ਇਕੱਠੀ ਹੋ ਕੇ ਕੰਮ ਕਰਦੀ ਹੈ ਜਾਂ ਨਹੀਂ। ਦੂਜੇ ਪਾਸੇ ਸਰੀ ਕਲੋਵਰਡੇਲ ਦੀ ਵਿਧਾਇਕਾ ਐਲਨੋਰ ਸਟਰਕੋ ਨੇ ਕਿਹਾ ਕਿ ਉਹ ਫਿੰਡਲੇ ਦੀਆਂ ਨੀਤੀਆਂ ਕਾਰਨ ਪਾਰਟੀ ਵਿੱਚ ਵਾਪਸ ਜਾਣ ਦੀ ਕੋਈ ਇੱਛਾ ਨਹੀਂ ਰੱਖਦੇ। ਉਹ ਇੱਕ ਨਵੀਂ ਪਾਰਟੀ ਬਣਾਉਣ ਜਾਂ ਕਿਸੇ ਮੌਜੂਦਾ ਪਾਰਟੀ ਨਾਲ ਜੁੜਨ ਬਾਰੇ ਵਿਚਾਰ ਕਰ ਰਹੇ ਹਨ। ਸਟਰਕੋ ਨੇ ਸਪੱਸ਼ਟ ਕੀਤਾ ਕਿ ਉਹ ਐਨਡੀਪੀ ਦੀਆਂ ਨੀਤੀਆਂ ਨਾਲ ਵੀ ਸਹਿਮਤ ਨਹੀਂ ਹਨ।
ਇਸ ਦੌਰਾਨ ਪ੍ਰੀਮੀਅਰ ਡੇਵਿਡ ਈਬੀ ਨੇ ਨਵੀਂ ਨੇਤਾ ਉੱਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਸਨੂੰ ਮਾਗਾ ਦੀ ਰੀਜਨਲ ਮੈਨੇਜਰ ਕਰਾਰ ਦਿੱਤਾ ਹੈ। ਈਬੀ ਨੇ ਕਿਹਾ ਕਿ ਫਿੰਡਲੇ ਦੀ ਸੋਚ ਕੱਟੜਪੰਥੀ ਹੈ ਅਤੇ ਉਹ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਕਰਦੇ ਹਨ। This report was written by Divroop Kaur as part of the Local Journalism Initiative.

Popular