ਸਰੀ, (ਦਿਵਰੂਪ ਕੌਰ): ਸਰੀ ਸਿਟੀ ਵੱਲੋਂ ਇੱਕ ਮੌਜੂਦਾ ਕੌਂਸਲਰ ਦੀ ਪ੍ਰਾਪਰਟੀ ‘ਤੇ ਬਿਨਾਂ ਮਨਜ਼ੂਰੀ ਤੋਂ ਕੀਤੀ ਗਈ ਉਸਾਰੀ ਕਾਰਨ ਕੰਮ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਮਾਮਲਾ ਨਵੰਬਰ ਵਿੱਚ ਸਾਹਮਣੇ ਆਇਆ ਸੀ ਜਦੋਂ ਜਾਇਦਾਦ ਦੇ ਪਿਛਲੇ ਹਿੱਸੇ ਵਿੱਚ ਇੱਕ ਢਾਂਚਾ ਖੜ੍ਹਾ ਕਰਨ ਅਤੇ 2.5 ਮੀਟਰ ਤੋਂ ਉੱਚੀਆਂ ਸ਼ੈਲਫਾਂ ਲਗਾਉਣ ਲਈ ਬਣਦੀ ਇਜਾਜ਼ਤ ਨਹੀਂ ਲਈ ਗਈ ਸੀ। ਸਰੀ ਸਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਹੁਕਮ ਅਜੇ ਵੀ ਪੂਰੀ ਤਰ੍ਹਾਂ ਲਾਗੂ ਹਨ।
ਇਹ ਜਾਇਦਾਦ ਸੇਫ ਸਰੀ ਕੋਲੀਸ਼ਨ ਦੇ ਮੈਂਬਰ ਅਤੇ ਮੌਜੂਦਾ ਕੌਂਸਲਰ ਨਾਗਰਾ ਦੀ ਇੱਕ ਕੰਪਨੀ ਦੇ ਨਾਂ ‘ਤੇ ਹੈ। ਇਸ ਮੁੱਦੇ ‘ਤੇ ਪਾਰਟੀ ਨੇ ਪਹਿਲਾਂ ਕਿਸੇ ਵੀ ਗੈਰ-ਕਾਨੂੰਨੀ ਉਸਾਰੀ ਤੋਂ ਇਨਕਾਰ ਕੀਤਾ ਸੀ। ਬਾਅਦ ਵਿੱਚ ਜਦੋਂ ਸਿਟੀ ਵੱਲੋਂ ਪੁਸ਼ਟੀ ਕੀਤੀ ਗਈ ਤਾਂ ਪਾਰਟੀ ਨੇ ਸਾਰਾ ਦੋਸ਼ ਆਪਣੇ ਕਿਰਾਏਦਾਰ ‘ਤੇ ਲਗਾ ਦਿੱਤਾ। ਕੌਂਸਲਰ ਵੱਲੋਂ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਖਾਲੀ ਟੈਕਸ ਬਾਰੇ ਕੋਈ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਇਦਾਦ ਨੂੰ ਨਿਯਮਾਂ ਅਨੁਸਾਰ ਸਹੀ ਕਰਨ ਲਈ ਕਾਨੂੰਨੀ ਕਾਰਵਾਈ ਸਮੇਤ ਹੋਰ ਕਈ ਕਦਮ ਚੁੱਕੇ ਜਾ ਸਕਦੇ ਹਨ। ਸਾਲ 2022 ਵਿੱਚ ਸਰੀ ਸਿਟੀ ਨੇ ਅਜਿਹੀਆਂ ਗੈਰ-ਕਾਨੂੰਨੀ ਉਸਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਬਾਈਲਾਅ ਟੀਮ ਬਣਾਈ ਸੀ। ਗੰਭੀਰ ਮਾਮਲਿਆਂ ਵਿੱਚ ਸਿਟੀ ਵੱਲੋਂ ਜਾਇਦਾਦ ਦੇ ਮਾਲਕਾਂ ਖਿਲਾਫ ਜ਼ਮੀਨ ਦੇ ਟਾਈਟਲ ‘ਤੇ ਨੋਟਿਸ ਲਗਾਏ ਜਾਂਦੇ ਹਨ ਤਾਂ ਜੋ ਨਵੇਂ ਖਰੀਦਦਾਰਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਬਿਨਾਂ ਮਨਜ਼ੂਰੀ ਤੋਂ ਕੰਮ ਹੋਇਆ ਹੈ। ਹਾਲਾਂਕਿ ਹਾਲ ਹੀ ਵਿੱਚ ਮੇਅਰ ਬਰੈਂਡਾ ਲੌਕ ਦੀ ਅਗਵਾਈ ਵਿੱਚ ਕੌਂਸਲ ਨੇ ਇੱਕ ਸਾਲ ਦਾ ਪਾਇਲਟ ਪ੍ਰੋਜੈਕਟ ਪਾਸ ਕੀਤਾ ਹੈ। ਇਸ ਨਵੇਂ ਪ੍ਰੋਜੈਕਟ ਤਹਿਤ ਹੁਣ ਕੰਮ ਰੋਕਣ ਦੇ ਹੁਕਮ ਸਿਰਫ ਉਦੋਂ ਹੀ ਜਾਰੀ ਕੀਤੇ ਜਾਣਗੇ ਜਦੋਂ ਉਸਾਰੀ ਤੋਂ ਕਿਸੇ ਦੀ ਜਾਨ ਨੂੰ ਖਤਰਾ ਹੋਵੇ।
ਇਸ ਵਿਵਾਦਿਤ ਜਾਇਦਾਦ ਦੀ ਮੌਜੂਦਾ ਅਸੈਸਮੈਂਟ ਕੀਮਤ 508,197 ਡਾਲਰ ਆਂਕੀ ਗਈ ਹੈ। ਸੂਬਾਈ ਕਾਰਪੋਰੇਟ ਰਿਕਾਰਡ ਦੱਸਦੇ ਹਨ ਕਿ ਨਾਗਰਾ ਦੀ ਇਹ ਨੰਬਰ ਵਾਲੀ ਕੰਪਨੀ ਹੁਣ ਭੰਗ ਹੋਣ ਦੀ ਪ੍ਰਕਿਰਿਆ ਵਿੱਚ ਹੈ। ਜਾਇਦਾਦ ਉੱਤੇ ਇੱਕ ਨੀਲੇ ਰੰਗ ਦਾ ਗੋਦਾਮ ਅਤੇ ਇੱਕ ਛੋਟਾ ਸ਼ੈੱਡ ਬਣਿਆ ਹੋਇਆ ਹੈ। ਇਹ ਸਾਰੀ ਜਗ੍ਹਾ ਖੇਤੀਬਾੜੀ ਵਾਲੀ ਜ਼ਮੀਨ ਅਤੇ ਗ੍ਰੀਨਹਾਊਸ ਨਾਲ ਘਿਰੀ ਹੋਈ ਹੈ। ਜਾਇਦਾਦ ਦੇ ਬਾਹਰ ਤਾਜ਼ੇ ਆਂਡੇ ਅਤੇ ਬੇਰੀਆਂ ਵੇਚਣ ਦੇ ਬੋਰਡ ਵੀ ਲੱਗੇ ਹੋਏ ਹਨ। ਗੂਗਲ ਸਰਚ ਅਨੁਸਾਰ ਇਹ ਪਤਾ ਤੇਗ ਲਿਕਵੀਡੇਸ਼ਨ ਹੋਲਸੇਲ ਅਤੇ ਫਰੇਜ਼ਰ ਫਾਰਮਜ਼ ਨਾਮਕ ਦੋ ਕਾਰੋਬਾਰਾਂ ਨਾਲ ਜੁੜਿਆ ਹੋਇਆ ਹੈ। ਦੋ ਵਾਰ ਕੌਂਸਲਰ ਰਹਿ ਚੁੱਕੇ ਨਾਗਰਾ ਆਉਣ ਵਾਲੀਆਂ ਪਤਝੜ ਦੀਆਂ ਚੋਣਾਂ ਵਿੱਚ ਸਾਬਕਾ ਮੇਅਰ ਡੱਗ ਮੈਕਲਮ ਦੀ ਟੀਮ ਵੱਲੋਂ ਮੁੜ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ। This report was written by Divroop Kaur as part of the Local Journalism Initiative.

