ਸਰੀ, (ਦਿਵਰੂਪ ਕੌਰ): ਡੈਲਟਾ ਦੇ ਮੌਜੂਦਾ ਮੇਅਰ George Harvie ਦੀ ਅਗਵਾਈ ਹੇਠ ਅਚੀਵਿੰਗ ਫਾਰ ਡੈਲਟਾ (Achieving for Delta) ਨੇ 7 ਜੂਨ ਨੂੰ ਸਰੀ ਦੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿੱਚ ਆਪਣੀ ਨਾਰਥ ਡੈਲਟਾ ਚੋਣ ਮੁਹਿੰਮ ਦਾ ਅਧਿਕਾਰਕ ਆਗਾਜ਼ ਕੀਤਾ। ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸਮਰਥਕਾਂ, ਭਾਈਚਾਰਕ ਆਗੂਆਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਟੀਮ ਨੂੰ ਆਪਣਾ ਸਮਰਥਨ ਦਿੱਤਾ।
ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਮੇਅਰ ਜਾਰਜ ਹਾਰਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਡੈਲਟਾ ਦੇ ਸਰਵਪੱਖੀ ਵਿਕਾਸ, ਜਨ ਸੁਰੱਖਿਆ, ਬੁਨਿਆਦੀ ਢਾਂਚੇ, ਪਾਰਕਾਂ ਅਤੇ ਕਮਿਊਨਿਟੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਡੈਲਟਾ ਦੇ ਨਿਵਾਸੀਆਂ ਲਈ ਹੋਰ ਬਿਹਤਰ ਮੌਕੇ ਪੈਦਾ ਕੀਤੇ ਜਾਣਗੇ। ਅਚੀਵਿੰਗ ਫਾਰ ਡੈਲਟਾ ਨੇ ਇਸ ਸਾਲ ਦੀਆਂ ਨਗਰ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਟੀਮ ਵੀ ਪੇਸ਼ ਕੀਤੀ ਹੈ, ਜਿਸ ਵਿੱਚ ਮੌਜੂਦਾ ਕੌਂਸਲਰਾਂ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸ ਦੀ ਟੀਮ ਕੋਲ ਤਜਰਬੇ ਅਤੇ ਨਵੀਂ ਸੋਚ ਦਾ ਬਿਹਤਰੀਨ ਸੰਤੁਲਨ ਹੈ ਜੋ ਡੈਲਟਾ ਦੇ ਸੁਨਹਿਰੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋਵੇਗਾ।
ਇਸ ਮੌਕੇ ਨਿੰਮੀ ਡੌਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਡੈਲਟਾ ਸਕੂਲ ਬੋਰਡ ਟਰੱਸਟੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ George Harvie ਦੇ ਨਾਲ Achieving for Delta ਦੀ ਤਰਫੋਂ ਚੋਣ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਬਹੁਤ ਕੁਝ ਨਵਾਂ ਕਰਨਾ ਚਾਹੁੰਦੇ ਹਨ ਤੇ ਕਈ ਸੁਧਾਰ ਵੀ ਕਰਨਗੇ। ਨਿੰਮੀ ਡੌਲਾ ਨੇ ਖਾਸ ਤੌਰ ‘ਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪਾਰਟੀ ਦੀ ਟੀਮ ਦਾ ਸਾਥ ਦੇਣ। ਇਸ ਦੇ ਨਾਲ ਹੀ ਸਿਟੀ ਕੌਂਸਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਇਕਜੋਤ ਸੰਧੂ ਨੇ ਵੀ ਭਾਈਚਾਰੇ ਤੋਂ ਸਮਰਥਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਮੇਅਰ ਅਹੁਦੇ ਲਈ ਜਾਰਜ ਹਾਰਵੀ ਮੁੜ ਚੋਣ ਮੈਦਾਨ ਵਿੱਚ ਹਨ। ਸਿਟੀ ਕੌਂਸਲ ਲਈ ਅਲੀਸੀਆ ਗੁਇਚਨ, ਨਿਕ ਕੈਨਾਕੋਸ, ਜੈਸੀ ਦੋਸਾਂਝ, ਇਕਜੋਤ ਸੰਧੂ, ਜੈਨੀਫਰ ਕੋਸਰ ਅਤੇ ਸੋਨੀਆ ਸੈਂਗਸਟਰ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ। ਸਕੂਲ ਬੋਰਡ ਲਈ ਐਰਿਕਾ ਬੇਅਰਡ, ਉਮੇਂਦਰਾ ਸਿੰਘ, ਜੋ ਮਿਊਗੋ, ਸਾਗਰ ਸੰਘੇੜਾ, ਨਿੰਮੀ ਡੌਲਾ, ਨੇਨਾਹ ਸੈਂਡੀ ਅਤੇ ਰਿਕ ਓਸ਼ਨ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਫੈਡਰਲ ਅਤੇ ਸੂਬਾਈ ਪੱਧਰ ਦੀਆਂ ਚੋਣਾਂ ਵਾਂਗ ਇਨ੍ਹਾਂ ਨਗਰ ਚੋਣਾਂ ਵਿੱਚ ਵੀ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਮਾਗਮ ਦੇ ਅੰਤ ਵਿੱਚ ਟੀਮ ਦੇ ਮੈਂਬਰਾਂ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਚੋਣਾਂ ਲਈ ਸ਼ੁਭਕਾਮਨਾਵਾਂ ਪ੍ਰਾਪਤ ਕੀਤੀਆਂ। This report was written by Divroop Kaur as part of the Local Journalism Initiative.

