ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਲੋਕ ਤੇਜ਼ੀ ਨਾਲ ਦਿਵਾਲੀਆਪਨ ਵੱਲ ਵਧ ਰਹੇ ਹਨ। ਆਫਿਸ ਆਫ ਦ ਸੁਪਰਡੈਂਟ ਆਫ ਬੈਂਕਰਪਟਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਰੋਜ਼ਾਨਾ ਖਰਚਿਆਂ ਵਿੱਚ ਹੋਏ ਵਾਧੇ ਕਾਰਨ ਖਪਤਕਾਰ ਆਪਣੀ ਵਿੱਤੀ ਸਮਰੱਥਾ ਤੋਂ ਬਾਹਰ ਜਾ ਚੁੱਕੇ ਹਨ। ਸਾਲ 2026 ਦੀ ਪਹਿਲੀ ਤਿਮਾਹੀ ਦੌਰਾਨ 37,121 ਕੈਨੇਡੀਅਨ ਨਾਗਰਿਕਾਂ ਨੇ ਦਿਵਾਲੀਆ ਹੋਣ ਲਈ ਅਰਜ਼ੀਆਂ ਦਿੱਤੀਆਂ ਹਨ। ਇਹ 2009 ਦੇ ਆਰਥਿਕ ਸੰਕਟ ਤੋਂ ਬਾਅਦ ਖਪਤਕਾਰਾਂ ਦੇ ਦਿਵਾਲੀਆ ਹੋਣ ਦੀ ਸਭ ਤੋਂ ਉੱਚੀ ਦਰ ਹੈ।
ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਦਿਵਾਲੀਆਪਨ ਦੇ ਮਾਮਲਿਆਂ ਵਿੱਚ 8.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨਸੋਲਵੈਂਸੀ ਟਰੱਸਟੀ ਡੱਗ ਹੋਇਸ ਦਾ ਕਹਿਣਾ ਹੈ ਕਿ ਜੇਕਰ ਅਬਾਦੀ ਵਿੱਚ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਹ ਦਰ 2009 ਦੇ ਮੁਕਾਬਲੇ ਘੱਟ ਹੈ ਪਰ ਫਿਰ ਵੀ ਇਹ ਅੰਕੜਾ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਗੈਸ ਅਤੇ ਭੋਜਨ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਦੇ ਦਫ਼ਤਰ ਵਿੱਚ ਲੋਕਾਂ ਦੀਆਂ ਕਾਲਾਂ ਵਿੱਚ ਇਜ਼ਾਫਾ ਹੋਇਆ ਹੈ। ਲੋਕ ਇੱਕ ਜਾਂ ਦੋ ਮਹੀਨੇ ਤਾਂ ਔਖੇ ਕੱਢ ਸਕਦੇ ਹਨ ਪਰ ਲੰਮੇ ਸਮੇਂ ਤੱਕ ਖਰਚੇ ਵਧਣ ਕਾਰਨ ਕਰਜ਼ੇ ਦਾ ਬੋਝ ਝੱਲਣਾ ਅਸੰਭਵ ਹੋ ਰਿਹਾ ਹੈ।
ਸੂਬਾਈ ਅੰਕੜਿਆਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਦਿਵਾਲੀਆਪਨ ਦੇ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਉਛਾਲ ਆਇਆ ਹੈ, ਜਿੱਥੇ 2025 ਦੇ ਮੁਕਾਬਲੇ 16.2 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਵਿੱਚ 15.3 ਫੀਸਦੀ ਅਤੇ ਓਨਟਾਰੀਓ ਵਿੱਚ 14.7 ਫੀਸਦੀ ਵਾਧਾ ਦੇਖਣ ਨੂੰ ਮਿਲਿਆ। ਕੈਨੇਡਾ ਭਰ ਵਿੱਚ ਕੁੱਲ ਦਿਵਾਲੀਆਪਨ ਦੇ ਮਾਮਲਿਆਂ ਵਿੱਚੋਂ 20 ਫੀਸਦੀ ਲੋਕਾਂ ਨੇ ਮੁਕੰਮਲ ਬੈਂਕਰਪਟਸੀ ਫਾਈਲ ਕੀਤੀ ਹੈ, ਜਦਕਿ 80 ਫੀਸਦੀ ਲੋਕਾਂ ਨੇ ਕੰਜ਼ਿਊਮਰ ਪ੍ਰਪੋਜ਼ਲ ਦਾ ਰਸਤਾ ਚੁਣਿਆ ਹੈ। ਯੂਨੀਵਰਸਿਟੀ ਆਫ ਅਲਬਰਟਾ ਵਿੱਚ ਕਾਨੂੰਨ ਦੀ ਪ੍ਰੋਫੈਸਰ ਅੰਨਾ ਲੁੰਡ ਅਨੁਸਾਰ ਓਨਟਾਰੀਓ ਅਤੇ ਅਲਬਰਟਾ ਵਿੱਚ ਬੈਂਕਰਪਟਸੀ ਦੇ ਮਾਮਲੇ ਪ੍ਰਪੋਜ਼ਲ ਨਾਲੋਂ ਤੇਜ਼ੀ ਨਾਲ ਵਧੇ ਹਨ ਜੋ ਕਿ ਬਹੁਤ ਚਿੰਤਾਜਨਕ ਹੈ। ਬੈਂਕਰਪਟਸੀ ਵਿੱਚ ਲੋਕਾਂ ਨੂੰ ਆਪਣੇ ਕਰਜ਼ੇ ਖਤਮ ਕਰਨ ਲਈ ਤੁਰੰਤ ਆਪਣੀਆਂ ਕਾਰਾਂ ਅਤੇ ਘਰਾਂ ਵਰਗੀਆਂ ਜਾਇਦਾਦਾਂ ਛੱਡਣੀਆਂ ਪੈਂਦੀਆਂ ਹਨ। ਇਸ ਰੁਝਾਨ ਤੋਂ ਪਤਾ ਲੱਗਦਾ ਹੈ ਕਿ ਲੋਕ ਗੰਭੀਰ ਵਿੱਤੀ ਸੰਕਟ ਵਿੱਚ ਹਨ ਅਤੇ 3 ਤੋਂ 5 ਸਾਲਾਂ ਤੱਕ ਕਰਜ਼ਾ ਮੋੜਨ ਦੀ ਸਥਿਤੀ ਵਿੱਚ ਨਹੀਂ ਹਨ। ਮਾਹਰਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਇਨ੍ਹਾਂ ਅੰਕੜਿਆਂ ਦੇ ਹੋਰ ਵਧਣ ਦਾ ਖਦਸ਼ਾ ਜਤਾਇਆ ਹੈ ਅਤੇ ਲੋਕਾਂ ਨੂੰ ਆਪਣੇ ਖਰਚੇ ਘਟਾ ਕੇ ਐਮਰਜੈਂਸੀ ਫੰਡ ਬਣਾਉਣ ਦੀ ਸਲਾਹ ਦਿੱਤੀ ਹੈ। This report was written by Divroop Kaur as part of the Local Journalism Initiative.

