ਲੇਖਕ : ਰਜਿੰਦਰ ਸਿੰਘ ਪੁਰੇਵਾਲ
ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ ਲਗਾਈ ਧਾਰਮਿਕ ਸਜ਼ਾ ਨਾਲ ਜਿੱਥੇ ਅਕਾਲੀ ਲੀਡਰਸ਼ਿਪ ‘ਤੇ ਲੱਗੇ ਦਾਗ ਸਾਫ਼ ਹੋਣਗੇ, ਉਥੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਅਤੇ ਨਵੀਂ ਮੈਂਬਰਸ਼ਿਪ ਕਰਨ ਲਈ ਬਣਾਈ ਗਈ ਕਮੇਟੀ ਨਾਲ ਅਕਾਲੀ ਸਿਆਸਤ ਨੂੰ ਨਵਾਂ ਮੋੜਾ ਆਉਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨਾਲ ਬਾਦਲ ਪਰਿਵਾਰ ਦਾ ਅਕਾਲੀ ਦਲ ‘ਤੇ ਦਬਦਬਾ ਘੱਟਣ ਅਤੇ ਪੰਥਕ ਤੇ ਅਕਾਲੀ ਏਕਤਾ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।ਸਿੰਘ ਸਾਹਿਬਾਨ ਦੇ ਫੈਸਲੇ ਕਾਰਣ ਨਵੀ ਭਰਤੀ ਹੋਵੇਗੀ ,ਜਿਸ ਵਿਚੋਂ ਨਵੀਂ ਲੀਡਰਸ਼ਿੱਪ ਪੈਦਾ ਹੋਣ ਦੀ ਸੰਭਾਵਨਾ ਹੈ।
ਪੰਜ ਸਿੰਘ ਸਾਹਿਬਾਨ ਨੇ ਧੜੇਬੰਦੀ ‘ਚ ਵੰਡੇ ਗਏ ਅਕਾਲੀ ਆਗੂਆਂ ਨੂੰ ਦਾਗੀ ਤੇ ਬਾਗੀ ਕਹਿੰਦੇ ਹੋਏ ਆਪਣੇ ਵੱਖ ਵੱਖ ਚੁੱਲ੍ਹੇ ਬੰਦ ਕਰਨ ਦੇ ਹੁਕਮ ਦਿੱਤੇ ਹਨ, ਉਸ ਨਾਲ ਅਕਾਲੀ ਦਲ ਵਿਚ ਏਕਤਾ ਹੋ ਸਕੇਗੀ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਵਲੋਂ ਲਏ ਗਏ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾਂ ਦੀ ਅਗਵਾਈ ਹੇਠ ਅਕਾਲੀ ਦਲ ਦੀ ਨਵੀ ਮੈਂਬਰਸ਼ਿਪ ਕਰਨ, ਡੈਲੀਗੇਟ ਬਣਾਉਣ ਬਾਰੇ ਕਮੇਟੀ ਗਠਿਤ ਕੀਤੀ ਹੈ, ਜਿਸ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਉਮੈਦਪੁਰੀ ਅਤੇ ਸਤਵੰਤ ਕੌਰ ਪੁੱਤਰੀ ਭਾਈ ਬੇਅੰਤ ਸਿੰਘ ਸਰਦਾਰ ਕਿਝਪਾਲ ਸਿੰਘ ਬਡੂੰਗਰ ਨੂੰ ਸ਼ਾਮਲ ਕੀਤਾ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਤੋਂ ਬਾਅਦ ਅਕਾਲੀ ਦਲ ਹਾਸ਼ੀਏ ‘ਤੇ ਚਲਾ ਗਿਆ ।ਸਾਲ 2022 ਵਿਚ ਸੰਗਰੂਰ ਹਲਕੇ ਦੀ ਹੋਈ ਜਮਿਨੀ ਚੋਣ ਵਿਚ ਗਰਮ ਖਿਆਲੀ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਤੋਂ ਗਰਮ ਖਿਆਲੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਸੰਸਦ ਮੈਂਬਰ ਚੁਣੇ ਗਏ। ਇਸ ਚੋਣ ਨੇ ਅਕਾਲੀ ਦਲ ਦੇ ਭਵਿੱਖ ‘ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ। ਇਸ ਤੋਂ ਸਪਸ਼ਟ ਸੀ ਕਿ ਸਿਖ ਪੰਥ ਬਾਦਲ ਦਲ ਤੋਂ ਸੰਤੁਸ਼ਟ ਨਹੀਂ ਸੀ। ਸਿੰਘ ਸਾਹਿਬਾਨ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਐਵਾਰਡ ਵਾਪਸ ਲੈ ਕੇ ਬਾਦਲ ਪਰਿਵਾਰ ਨੂੰ ਵੱਡਾ ਧਾਰਮਿਕ ਤੇ ਸਿਆਸੀ ਝਟਕਾ ਦਿੱਤਾ ਹੈ। ਇਸ ਫੈਸਲੇ ਨੇ ਸਿਖ ਪੰਥ ਨੂੰ ਸੰਤੁਸ਼ਟੀ ਦਿਤੀ ਹੈ।ਇਸਤੋਂ ਬਿਨਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਕੇ ਤਿੰਨ ਦਿਨਾਂ ਦੇ ਅੰਦਰ ਅੰਦਰ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰਨ ਦਾ ਹੁਕਮ ਦਿੱਤਾ ਹੈ, ਇਹ ਵੀ ਬਾਦਲ ਪਰਿਵਾਰ ਲਈ ਵੱਡਾ ਸਿਆਸੀ ਝਟਕਾ ਹੈ। ਭਾਵੇਂ ਸੁਖਬੀਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਸੀ, ਪਰ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਅਸਤੀਫ਼ਾ ਮਨਜ਼ੂਰ ਕਰਨ ਦੇ ਰੌਅ ਵਿਚ ਨਹੀਂ ਸੀ।ਹੁਣ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਹਿ ਦਿਤਾ ਜਲਦ ਮੀਟਿੰਗ ਬੁਲਾਕੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਾਪਸ ਲੈ ਲਿਆ ਜਾਵੇਗਾ।
ਹੁਣ ਸਿੰਘ ਸਾਹਿਬਾਨ ਦੇ ਫੈਸਲੇ ਅਨੁਸਾਰ ਨਵੀ ਮੈਂਬਰਸ਼ਿਪ ਹੋਣ ਅਤੇ ਡੈਲੀਗੇਟ ਬਣਨ ਨਾਲ ਛੇ ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦੀ ਨਵੀ ਚੋਣ ਕਰਵਾਈ ਜਾਵੇਗੀ। ਨਵੀਂ ਚੋਣ ਮੌਕੇ ਅਕਾਲੀ ਦਲ ਦੀ ਵਾਗਡੋਰ ਕਿਸੇ ਨੇਤਾ ਦੇ ਹੱਥ ਆਵੇਗੀ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ, ਪਰ ਅਕਾਲੀ ਦਲ ਵਿਚ ਏਕੇ ਦਾ ਮੁੱਢ ਬੰਨਿਆ ਗਿਆ ਹੈ। ਕੀ ਸਿੱਖ ਅਤੇ ਪੰਜਾਬ ਦੇ ਵੋਟਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਾਫ਼ ਕਰਨਗੇ ਅਤੇ ਭਵਿੱਖ ਵਿਚ ਅਕਾਲੀ ਦਲ ਨਾਲ ਚੱਲਣਗੇ ਇਹ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ।ਪਰ ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਵਿਚ ਭਾਈ ਅੰਮ੍ਰਿਤ ਪਾਲ ਸਿੰਘ ਵਾਲੀ ਧਿਰ,ਅਖੰਡ ਕੀਰਤਨੀ ਜਥਾ,ਸਿਖ ਮਿਸ਼ਨਰੀ ਕਾਲਜ ,ਬਾਬਾ ਸਰਬਜੋਤ ਸਿੰਘ ਬੇਦੀ ਦੇ ਧੜੇ ਦੇ ਪ੍ਰਤੀਨਿਧ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਜੋ ਅਕਾਲੀ ਦਲ ਦੁਬਾਰਾ ਮਜਬੂਤ ਹੋ ਸਕੇ।ਪੰਜਾਬ ਤੇ ਪੰਥ ਦੀਆਂ ਸਮਸਿਆਵਾਂ ਇਸੇ ਕਰਕੇ ਹਨ ਕਿ ਅਕਾਲੀ ਦਲ ਕਮਜੋਰ ਹੈ।ਜਦੋਂ ਵੀ ਖੇਤਰੀ ਮੁੱਦਿਆਂ ਜਾਂ ਸੂਬੇ ਦੇ ਹੱਕਾਂ ‘ਤੇ ਹਮਲਾ ਹੋਇਆ ਹੈ, ਤਾਂ ਅਕਾਲੀ ਦਲ ਸੰਘਰਸ਼ ਲਈ ਤਿਆਰ ਰਿਹਾ ਹੈ। ਇੱਥੋਂ ਤੱਕ ਕਿ ਐਮਰਜੈਂਸੀ ਦਾ ਵਿਰੋਧ ਕਰਨ ਵਿੱਚ ਵੀ ਅਕਾਲੀ ਦਲ ਦੀ ਅਹਿਮ ਭੂਮਿਕਾ ਰਹੀ।ਪਰ ਹੌਲੀ ਹੌਲੀ ਅਕਾਲੀ ਦਲ ਸੰਘਰਸ਼ਾਂ ਤੋਂ ਉੱਠ ਕੇ ਸੱਤਾ ਦੇ ਇਰਦ-ਗਿਰਦ ਘੁੰਮਣ ਵਾਲੀ ਪਾਰਟੀ ਬਣ ਗਈ।ਇਸੇ ਸਤਾ ਦੀ ਭੁੱਖ ਨੇ ਅਕਾਲੀ ਦਲ ਦਾ ਵਡਾ ਨੁਕਸਾਨ ਕੀਤਾ ਹੈ।ਮੋਰਚਾ ਰਾਜਨੀਤੀ ਅਕਾਲੀ ਦਲ ਦੀ ਤਾਕਤ ਸੀ,ਜਿਸਨੂੰ ਅਕਾਲੀ ਦਲ ਭੁਲਾ ਬੈਠਾ ਹੈ।ਮੋਰਚਿਆਂ, ਸੰਘਰਸ਼ਾਂ ਵਿੱਚੋਂ ਸੱਤਾ ਨਿਕਲਦੀ ਹੈ, ਸੱਤਾ ਆਪਣੇ ਆਪ ਵਿੱਚ ਕੁਝ ਨਹੀਂ ਹੈ। ਅਕਾਲੀ ਦਲ ਨੂੰ ਇਹ ਸਮਝਣਾ ਪਵੇਗਾ। ਸੱਤਾ ਵਿੱਚ ਵਾਪਸ ਆਉਣ ਲਈ ਅਕਾਲੀ ਦਲ ਨੂੰ ਆਪਣੀ ਵਿਚਾਰਧਾਰਾ ਵੱਲ ਆਉਣਾ ਪਵੇਗਾ।ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਪਾਰਟੀ ਨੂੰ ਲੀਡਰਸ਼ਿਪ ਵਿੱਚ ਬਦਲਾਅ ਕਰਨਾ ਪਵੇਗਾ ਅਤੇ ਪਾਰਟੀ ਨੂੰ ਪੰਥਕ ਵਿਚਾਰਧਾਰਾ ਨਾਲ ਜੋੜਣਾ ਪਵੇਗਾ, ਸੂਬੇ ਦੀ ਖੁਦਮੁਖਤਿਆਰੀ ਤੇ ਸੰਘੀ ਢਾਂਚੇ ਨਾਲ ਜੋੜਣਾ ਪਵੇਗਾ।