12 ਕੰਪਨੀਆਂ ਦੇ ਖਰੀਦਣ ਲਈ ਦਿਖਾਈ ਸੀ ਦਿਲਚਸਪੀ
ਸਰੀ, (ਸਿਮਰਨਜੀਤ ਸਿੰਘ): ‘ਦ ਬਾਡੀ ਸ਼ਾਪ ਕੈਨੇਡਾ’ ਨੂੰ ਇੱਕ ਨਵੇਂ ਮਾਲਿਕ ਦੇ ਹਵਾਲੇ ਕਰਨ ਦੀ ਤਿਆਰੀ ਕਰ ਦਿੱਤੀ ਗਈ ਹੈ। ਇਹ ਖ਼ਬਰ ਇੱਕ ਕਾਨੂੰਨੀ ਦਸਤਾਵੇਜ਼ ਦੁਆਰਾ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ 6 ਦਸੰਬਰ ਨੂੰ ਸੇਰੂਯਾ ਪ੍ਰਾਈਵੇਟ ਇਕੁਇਟੀ ਇਨਕ. ਦੇ ਨਾਲ ਸਮਝੌਤਾ ਹੋਇਆ ਹੈ।
ਇਸ ਸੌਦੇ ਤਹਿਤ ‘ਦ ਬਾਡੀ ਸ਼ਾਪ ਕੈਨੇਡਾ’ ਆਪਣੀ ਸਾਰੀ ਸੰਪਤੀ ਨੂੰ ਨਵੇਂ ਮਾਲਕ ਨੂੰ ਸੌਂਪੇਗਾ। ਇਹ ਕੰਪਨੀ ਮਾਈਕਲ ਸੇਰੂਯਾ ਦੀ ਅਗਵਾਈ ਹੇਠ ਚਲਦੀ ਹੈ, ਜੋ ਮਸ਼ਹੂਰ ‘ਯੋਗਨ ਫਰੂਜ਼’ ਫ੍ਰੋਜ਼ਨ ਯੋਗਰਟ ਚੇਨ ਦੇ ਸਥਾਪਕਾਂ ਵਿੱਚੋਂ ਇੱਕ ਹਨ। ਸੇਰੂਯਾ ਪ੍ਰਾਈਵੇਟ ਇਕੁਇਟੀ ਇਨਕ. ਨੇ ਸੇਂਟ ਲੂਈਸ ਬਾਰ ਐਂਡ ਗ੍ਰਿੱਲ, ਸੈਕੰਡ ਕੱਪ ਕਾਫੀ ਕੰਪਨੀ, ਸਵੇਨਸਨਜ਼ ਅਤੇ ਯੋਗਰਟੀਜ਼ ਵਿੱਚ ਵੀ ਨਿਵੇਸ਼ ਕੀਤਾ ਹੈ। ਕਾਨੂੰਨੀ ਦਸਤਾਵੇਜ਼ਾਂ ਵਿੱਚ ਇਸ ਸੌਦੇ ਦੀ ਕੀਮਤ ਨੂੰ ਲੁਕਾਇਆ ਗਿਆ ਹੈ। ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਇਹ ਸੌਦਾ ਨਕਦ ਰਕਮ ਅਤੇ ਕੁਝ ਫੀਸਦੀ ਸ਼ੇਅਰ ਸੰਭਾਲਣ ਸਮੇਤ ਹੋਇਆ ਹੈ।
ਇਸ ਸਾਲ ਜੁਲਾਈ ਵਿੱਚ ਇੱਕ ਓਂਟਾਰੀਓ ਜੱਜ ਨੇ ‘ਦ ਬਾਡੀ ਸ਼ਾਪ ਕੈਨੇਡਾ’ ਦੇ ਵਿਕਰੀ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ ਸੀ। ਇਹ ਫੈਸਲਾ ਇਸ ਬਾਅਦ ਹੋਇਆ ਜਦੋਂ ਇਸਦੀ ਮੂਲ ਕੰਪਨੀ, ਜੋ ਕਿ ਯੂਰਪ ਵਿੱਚ ਇੱਕ ਪ੍ਰਾਈਵੇਟ ਫਰਮ ਹੈ, ਨੇ ਇਸਦੀਆਂ ਨਗਦ ਰਾਸ਼ੀਆਂ ਨੂੰ ਹਟਾ ਕੇ ਕੰਪਨੀ ਵੱਡੇ ਕਰਜ਼ੇ ਵੱਲ ਧੱਕ ਦਿੱਤਾ ਸੀ। ਇਸ ਕਾਰਨ ਕੰਪਨੀ ਨੂੰ ਕੁਝ ਸਟੋਰ ਬੰਦ ਵੀ ਕਰਨੇ ਪਏ ਸਨ।
ਸੌਦੇ ਤੋਂ ਪਹਿਲਾਂ, ਕੰਪਨੀ ਦੇ ਵਕੀਲਾਂ ਨੇ ਕਿਹਾ ਕਿ 12 ਪਾਰਟੀਆਂ ਨੇ ‘ਦ ਬਾਡੀ ਸ਼ਾਪ ਕੈਨੇਡਾ’ ਨੂੰ ਖਰੀਦਣ ਵਿੱਚ ਦਿਲਚਸਪੀ ਜਤਾਈ ਸੀ।