8.4 C
Vancouver
Saturday, November 23, 2024

ਜਸਟਿਨ ਟਰੂਡੋ ਨੇ ਬੱਚਿਆਂ ਦੇ ਹਸਪਤਾਲ ‘ਤੇ ਰੂਸ ਵਲੋਂ ਕੀਤੇ ਹਮਲੇ ਦੀ ਕੀਤੀ ਨਿੰਦਾ

ਔਟਵਾ : ਸੋਮਵਾਰ ਨੂੰ ਕੀਵ ਵਿਚ ਸਥਿਤ ਇੱਕ ਬੱਚਿਆਂ ਦੇ ਹਸਪਤਾਲ ਉੱਪਰ ਰੂਸ ਵੱਲੋਂ ਕੀਤੇ ਮਿਜ਼ਾਈਲ ਹਮਲੇ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੰਦਾ ਕੀਤੀ ਹੈ।

ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿਚ ਆਯੋਜਿਤ ਨਾਟੋ ਸੰਮੇਲਨ ਵਿਚ ਯੂਕਰੇਨ ਯੁੱਧ ਚਰਚਾ ਦਾ ਅਹਿਮ ਵਿਸ਼ਾ ਰਹੇਗਾ। ਪ੍ਰਧਾਨ ਮੰਤਰੀ ਟਰੂਡੋ ਨੇ ਵਾਸ਼ਿੰਗਟਨ ਪਹੁੰਚਦਿਆਂ ਰੂਸੀ ਹਮਲੇ ਦੀ ਤੁਰੰਤ ਨਿਖੇਧੀ ਕੀਤੀ।

ਇੱਕ ਬਿਆਨ ਵਿਚ ਟਰੂਡੋ ਨੇ ਕਿਹਾ, “ਇਹ ਬਹੁਤ ਹੀ ਘਿਣਾਉਣਾ ਹੈ। ਬੱਚਿਆਂ ਦੇ ਹਸਪਤਾਲ ‘ਤੇ ਹਮਲਾ – ਜਦੋਂ ਅੰਦਰ ਮਾਸੂਮ ਬੱਚੇ ਹੋਣ – ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ”।

ਓਖਮਾਦਿਤ ਚਿਲਡਰਨ ਹਸਪਤਾਲ ‘ਤੇ ਮਾਰੀ ਗਈ ਮਿਜ਼ਾਈਲ ਯੂਕਰੇਨ ਦੇ ਪੰਜ ਸ਼ਹਿਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਾਰਵਾਈ ਦਾ ਹਿੱਸਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਘੱਟੋ-ਘੱਟ ਸੱਤ ਬੱਚਿਆਂ ਸਮੇਤ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ 154 ਜ਼ਖਮੀ ਹੋਏ ਹਨ।

ਟਰੂਡੋ ਨੇ ਕਿਹਾ ਕਿ ਯੂਕਰੇਨ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਪਹਿਲਾਂ ਵਾਂਗ ਹੀ ਮਜ਼ਬੂਤ ਹੈ। ਟਰੂਡੋ ਵੱਲੋਂ ਨਾਟੋ ਸੰਮੇਲਨ ਦੌਰਾਨ ਯੂਕਰੇਨ ਲਈ ਫੌਜੀ ਸਹਾਇਤਾ ਨੂੰ ਵਧਾਉਣ ਲਈ ਮੈਂਬਰ ਦੇਸ਼ਾਂ ਨੂੰ ਸੰਦੇਸ਼ ਦਿੱਤੇ ਜਾਣ ਦੀ ਉਮੀਦ ਹੈ।

ਨਾਟੋ ਮੈਂਬਰਾਂ ਨੇ ਯੂਕਰੇਨ ਨੂੰ ਜ਼ਬਰਦਸਤ ਸਮਰਥਨ ਪ੍ਰਦਾਨ ਕੀਤਾ ਹੈ ਪਰ ਉਹ ਰੂਸ ਨਾਲ ਇੱਕ ਵਿਆਪਕ ਸੰਘਰਸ਼ ਵਿੱਚ ਨਾ ਆਉਣ ਪ੍ਰਤੀ ਵੀ ਸੁਚੇਤ ਰਹੇ ਹਨ।

ਨਾਟੋ ਦੇ ਸਕੱਤਰ-ਜਨਰਲ ਜੇਨਜ਼ ਸਟੋਲਟਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਦੇਸ਼ ਅਤੇ ਸਰਕਾਰਾਂ ਦੇ ਮੁਖੀ ਯੂਕਰੇਨ ਲਈ ਇੱਕ ਮਹੱਤਵਪੂਰਨ ਪੈਕੇਜ ਲਈ ਸਹਿਮਤ ਹੋਣਗੇ ਜਿਸ ਵਿਚ “ਨਾਟੋ ਦੀ ਮੈਂਬਰਸ਼ਿਪ ਲਈ ਇੱਕ ਪੁਲ ਸ਼ਾਮਲ ਹੋਵੇ”।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਿਮਰ ਜ਼ੈਲੈਂਸਕੀ ਨੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਯੂਕਰੇਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਮੀਟਿੰਗ ਸ਼ੁਰੂ ਕਰ ਰਿਹਾ ਹੈ। ਜ਼ੈਲੈਂਸਕੀ ਨੇ ਸ਼ਾਂਤੀ ਚਾਹੁਣ ਵਾਲੇ ਦੇਸ਼ਾਂ ਨੂੰ ਰੂਸ ਦੇ ਖਿਲਾਫ “ਮੋਢੇ ਨਾਲ ਮੋਢਾ ਜੋੜ ਕੇ” ਖੜੇ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਲੋੜੀਂਦਾ ਸਮਰਥਨ, ਦ੍ਰਿੜਤਾ, ਸਾਂਝੀ ਕਾਰਵਾਈ ਅਤੇ ਰੱਖਿਆ ਦੀ ਲੋੜ ਹੈ।

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਨਾਜ਼ੁਕ ਸਥਿਤੀ ਦਾ ਵੀ ਨਾਟੋ ਲੀਡਰਾਂ ਦੇ ਸੰਮੇਲਨ ‘ਤੇ ਅਕਸ ਰਹੇਗਾ। ਰਾਸ਼ਟਰਪਤੀ ਉਮੀਦਵਾਰਾਂ ਦੀ ਬਹਿਸ ਵਿੱਚ ਬਾਈਡਨ ਦੇ ਹਾਲ ਹੀ ਦੇ ਸੁਸਤ ਪ੍ਰਦਰਸ਼ਨ ਨੇ ਉਹਨਾਂ ਦੀ ਬੌਧਿਕ ਸਥਿਤੀ ਬਾਰੇ ਵੱਡੇ ਸਵਾਲ ਖੜੇ ਕੀਤੇ ਹਨ, ਉਹ ਸਵਾਲ ਜਿਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਰੱਦ ਕਰਦੇ ਹਨ।

ਆਗਾਮੀ ਯੂਐਸ ਚੋਣਾਂ ਅਤੇ ਡੌਨਲਡ ਟਰੰਪ ਦੇ ਆਉਣ ਦੀ ਸੰਭਾਵਨਾ ਨੇ ਕੁਝ ਨਾਟੋ ਦੇਸ਼ਾਂ ਨੂੰ ਚਿੰਤਤ ਕੀਤਾ ਹੈ। ਉਨ੍ਹਾਂ ਦਾ ਫ਼ਿਕਰ ਹੈ ਕਿ ਇਸ ਫ਼ੌਜੀ ਗਠਜੋੜ ਦਾ ਸਭ ਤੋਂ ਕੱਟੜ ਆਲੋਚਕ ਟਰੰਪ ਇੱਕ ਵਾਰ ਫਿਰ ਇਸਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਨੂੰ ਨਿਯੰਤਰਿਤ ਕਰੇਗਾ।

ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਹ ਨਾਟੋ ਦੇ ਉਨ੍ਹਾਂ ਮੈਂਬਰਾਂ ਦਾ ਬਚਾਅ ਨਹੀਂ ਕਰੇਗਾ ਜੋ ਰੱਖਿਆ ਖਰਚਿਆਂ ਦੇ ਟੀਚਿਆਂ ਨੂੰ ਪੂਰਾ ਨਹੀਂ ਕਰਦੇ, ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ।

Related Articles

Latest Articles