-0.3 C
Vancouver
Saturday, January 18, 2025

ਮਿੱਠਾ ਜ਼ਹਿਰ ਸੋਸ਼ਲ ਮੀਡੀਆ

 

ਲੇਖਕ : ਭੁਪਿੰਦਰ ਫ਼ੌਜੀ
ਸੰਪਰਕ: 98143-98762
ਕੁਝ ਦਿਨ ਪਹਿਲਾਂ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਨ ਨੂੰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ। ਸਾਰਾ ਦਿਨ ਇਹ ਹੀ ਸੋਚਦਾ ਰਿਹਾ ਕਿ ਕੀ ਹੋ ਰਿਹੈ, ਸਾਡੀ ਨਵੀਂ ਪੀੜ੍ਹੀ ਕਿੱਧਰ ਨੂੰ ਤੁਰ ਪਈ ਹੈ? ਪਲਾਂ ਵਿੱਚ ਸਾਰੇ ਰਿਸ਼ਤੇ ਤਾਰ-ਤਾਰ ਹੋ ਰਹੇ ਨੇ। ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਇਸ ਖਿੱਚ ਧੂਹ ਵਿੱਚ ਰਾਤੀ ਸੁੱਤੇ ਪਏ ਦੇ ਦਿਮਾਗ਼ ਵਿੱਚ ਕਈ ਸਵਾਲ ਹਥੌੜਿਆਂ ਵਾਂਗ ਵੱਜਦੇ ਰਹੇ। ਜਦੋਂ ਦਾ ਕਰੋਨਾ ਕਾਲ ਤੋਂ ਬੱਚਿਆਂ ਦੇ ਹੱਥ ਮੋਬਾਈਲ ਲੱਗਿਆ ਹੈ ਸੋਸ਼ਲ ਮੀਡੀਆ ਦੀਆਂ ਅਨੇਕਾਂ ਐੱਪ ਹੋਂਦ ਵਿੱਚ ਆਈਆਂ। ਇਸ ਨੂੰ ਬੱਚੇ ਚੋਰੀ ਛੁਪੇ ਵਰਤ ਰਹੇ ਹਨ, ਇਸ ਬਾਰੇ ਮਾਂ-ਬਾਪ ਨੂੰ ਵੀ ਪਤਾ ਨਹੀਂ ਲੱਗ ਰਿਹਾ।
ਮੈਂ ਹਰ ਰੋਜ਼ ਕਿੰਨੇ ਹੀ ਲੋਕਾਂ ਨੂੰ ਕੋਰਟ ਵਿੱਚ ਦੇਖਦਾ ਹਾਂ। ਕੁਝ ਜਾਣੇ ਪਛਾਣੇ ਚਿਹਰੇ ਹੁੰਦੇ ਹਨ ਤੇ ਕੁਝ ਨਵੇਂ। ਐਂਟਰੀਗੇਟ ‘ਤੇ ਪੁਲੀਸ ਮੁਲਾਜ਼ਮਾਂ ਕੋਲ ਖੜ੍ਹਾ ਸੀ। ਲੋਕ ਆ ਜਾ ਰਹੇ ਸਨ। ਕੋਰਟ ਵਿੱਚ ਹਰ ਦਿਨ ਵਿਆਹ ਕਰਵਾ ਕੇ ਸੁਰੱਖਿਆ ਲੈਣ ਲਈ ਜੋੜੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕੱਲ੍ਹ ਮੇਰੇ ਬੈਠਿਆਂ ਇੱਕ ਜੋੜਾ ਆਇਆ। ਉਨ੍ਹਾਂ ਦੇ ਮੂੰਹ ਰੁਮਾਲ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਦੇ ਵਕੀਲ ਦਾ ਮੁਨਸ਼ੀ ਉਨ੍ਹਾਂ ਨਾਲ ਸੀ। ਪੁਲੀਸ ਮੁਲਾਜ਼ਮ ਨੇ ਉਨ੍ਹਾਂ ਨੂੰ ਮੂੰਹ ਤੋਂ ਰੁਮਾਲ ਉਤਾਰਨ ਲਈ ਕਿਹਾ ਤੇ ਮਹਿਲਾ ਮੁਲਾਜ਼ਮ ਨੇ ਕੁੜੀ ਦੀ ਤਲਾਸ਼ੀ ਲਈ। ਨਾਲ ਹੀ ਸਵਾਲ ਕਰ ਦਿੱਤਾ। ”ਕਿਵੇਂ ਆਏ ਹੋ?”
”ਜੀ ਵਿਆਹ ਕਰਵਾਉਣ ਲਈ।” ਕੁੜੀ ਨੇ ਦੱਬੀ ਜਿਹੀ ਆਵਾਜ਼ ਵਿੱਚ ਕਿਹਾ। ਮੈਂ ਇਹ ਸੁਣ ਕੇ ਦੰਗ ਰਹਿ ਗਿਆ। ਕੁੜੀ ਇੰਝ ਲੱਗ ਰਹੀ ਸੀ ਜਿਵੇਂ ਅੱਠਵੀਂ ਨੌਵੀਂ ਜਮਾਤ ਦੀ ਵਿਦਿਆਰਥਣ ਹੋਵੇ। ਉਸ ਨਾਲ ਜਿਹੜਾ ਮੁੰਡਾ ਸੀ ਉਹ ਪੱਕੀ ਉਮਰ ਦਾ ਤੇ ਰੰਗ ਸਾਂਵਲਾ ਜਿਵੇਂ ਛੱਬੀ-ਸਤਾਈ ਸਾਲ ਦਾ ਲੱਗ ਰਿਹਾ ਸੀ। ਉਸ ਦੀਆਂ ਅੱਖਾਂ ਤੇ ਝਾਕਣੀ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਉਹ ਕੋਈ ਨਸ਼ਾ ਕਰਦਾ ਹੋਵੇ। ਉਸ ਦੇ ਮੁਕਾਬਲੇ ਕੁੜੀ ਦਾ ਕੋਈ ਵੀ ਮੇਲ ਨਹੀਂ ਸੀ, ਕੁੜੀ ਕਿਸੇ ਚੰਗੇ ਘਰ ਦੀ ਸੋਹਣੀ ਸੁਨੱਖੀ ਲੱਗਦੀ ਸੀ। ਮੇਰੇ ਮਨ ਅੰਦਰ ਹਲਚਲ ਜਿਹੀ ਪੈਦਾ ਹੋ ਗਈ। ਕੁੜੀ ਦਾ ਮੁੰਡੇ ਨਾਲ ਕੋਈ ਮੇਲ ਹੀ ਨਹੀਂ। ਕੁੜੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੋਰਟ ਵਿੱਚ ਵਿਆਹ ਨਹੀਂ ਹੁੰਦਾ ਸੁਰੱਖਿਆ ਹੀ ਮਿਲਦੀ ਹੈ। ਉਹ ਅਣਜਾਣ ਵਿਆਹ ਕਰਵਾਉਣ ਆਈ ਸੀ, ਨਾ ਵਕੀਲ ਉਨ੍ਹਾਂ ਨੂੰ ਕੁਝ ਦੱਸਦੇ ਨੇ। ਉਨ੍ਹਾਂ ਨੇ ਮੋਟੀਆਂ ਰਕਮਾਂ ਜੋ ਲੈਣੀਆਂ ਹੁੰਦੀਆਂ ਹਨ। ਅਨੇਕਾਂ ਸਵਾਲਾਂ ਨੇ ਮੇਰੇ ਦਿਮਾਗ਼ ਵਿੱਚ ਉਥਲ-ਪੁਥਲ ਮਚਾ ਦਿੱਤੀ। ਇਸ ਵਿਚਾਰੀ ਦੀ ਜ਼ਿੰਦਗੀ ਬਰਬਾਦ ਹੈ।
ਇਸ ਉਮਰ ਦੀਆਂ ਬੱਚੀਆਂ ਕਦੇ ਵੀ ਸਹੀ ਫ਼ੈਸਲਾ ਨਹੀਂ ਲੈ ਸਕਦੀਆਂ। ਉਨ੍ਹਾਂ ਨੂੰ ਨਾ ਹੀ ਸਮਝ ਹੁੰਦੀ ਹੈ। ਉਹ ਅਣਭੋਲ ਜਿਹੀਆਂ ਜਲਦੀ ਝਾਂਸੇ ਵਿੱਚ ਆ ਜਾਂਦੀਆਂ ਹਨ। ਹਵਾ ਵਿੱਚ ਉਸਾਰੇ ਮਹਿਲਾਂ ਦੇ ਸੁਫ਼ਨੇ ਦੇਖਣ ਲੱਗ ਜਾਂਦੀਆਂ ਹਨ। ਉਨ੍ਹਾਂ ਨੂੰ ਸਭ ਕੁਝ ਸਹੀ ਦਿਖਾਈ ਦਿੰਦਾ ਹੈ। ਉਹ ਮਾਂ-ਬਾਪ ਦੀ ਇੱਜ਼ਤ ਨੂੰ ਪਲਾਂ ਵਿੱਚ ਰੋਲ ਜਾਂਦੀਆਂ ਹਨ। ਉਨ੍ਹਾਂ ਨੂੰ ਸਾਲ ਭਰ ਦੀ ਮੁਹੱਬਤ ਤਾਂ ਬਹੁਤ ਵੱਡੀ ਲੱਗਦੀ ਹੈ, ਪਰ ਮਾਂ-ਬਾਪ ਦਾ ਪਿਆਰ ਬੌਣਾ ਦਿਖਾਈ ਦਿੰਦਾ ਹੈ। ਸਾਡੇ ਧਾਰਮਿਕ ਸਥਾਨਾਂ ‘ਤੇ ਬੈਠਾ ਵਰਗ ਵੀ ਘੱਟ ਜ਼ਿੰਮੇਵਾਰ ਨਹੀਂ। ਉਹ ਪੈਸਿਆਂ ਦੇ ਲਾਲਚ ਵਿੱਚ ਕੁਝ ਵੀ ਨਹੀਂ ਦੇਖਦੇ, ਬਸ ਚਾਰ ਸ਼ਬਦ ਪੜ੍ਹ ਕੇ ਵਿਆਹ ਦਾ ਸਰਟੀਫਿਕੇਟ ਦੇ ਦਿੰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਦੋਵੇਂ ਧਿਰਾਂ ਦੇ ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਕਾਰਜ ਕਰਨ ਦੀ ਮਨਾਹੀ ਕਰਨ। ਇਸੇ ਸਰਟੀਫਿਕੇਟ ਜ਼ਰੀਏ ਉਹ ਸੁਰੱਖਿਆ ਲੈਣ ਲਈ ਕੋਰਟ ਪਹੁੰਚ ਜਾਂਦੇ ਹਨ। ਫਿਰ ਵਕੀਲਾਂ ਵੱਲੋਂ ਬਣਾਈਆਂ ਮਨਘੜਤ ਕਹਾਣੀਆਂ ਵਿੱਚ ਕੁੜੀ ਦੇ ਮਾਪੇ ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਇਹ ਖਰੜਾ ਜੱਜ ਕੋਲ ਲੈ ਜਾਂਦੇ ਹਨ। ਉਨ੍ਹਾਂ ਨੂੰ ਮਜਬੂਰਨ ਸੁਰੱਖਿਆ ਦੇਣੀ ਪੈਂਦੀ ਹੈ। ਉਸ ਜੋੜੇ ਨੂੰ ਲੱਗਦਾ ਹੈ ਕਿ ਸਾਡਾ ਤਾਂ ਕੋਰਟ ਵਿੱਚ ਵਿਆਹ ਹੋ ਗਿਆ ਹੈ। ਆਮ ਭੋਲੀ-ਭਾਲੀ ਜਨਤਾ ਵੀ ਸੁਰੱਖਿਆ ਨੂੰ ਵਿਆਹ ਸਮਝ ਲੈਂਦੀ ਹੈ। ਜਦੋਂ ਕਿ ਕੋਰਟ ਧਾਰਮਿਕ ਸਥਾਨਾਂ ‘ਤੇ ਹੋਏ ਵਿਆਹ ਦੇ ਦਿੱਤੇ ਸਰਟੀਫਿਕੇਟ ਉੱਤੇ ਹੀ ਸੁਰੱਖਿਆ ਦਿੰਦਾ ਹੈ।
ਜਿਵੇਂ ਹੀ ਉਸ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹ ਕੁੜੀ ਦੀ ਭਾਲ ਵਿੱਚ ਕੋਰਟ ਪਹੁੰਚ ਗਏ। ਥੋੜ੍ਹਾ ਹੰਗਾਮਾ ਹੋਇਆ। ਕੁੜੀ ਤੇ ਮੁੰਡੇ ਨੂੰ ਕੋਰਟ ਦੇ ਅੰਦਰ ਬੈਠਾ ਦਿੱਤਾ। ਮਾਂ-ਬਾਪ ਤੇ ਦਾਦੀ ਜੱਜ ਸਾਹਿਬ ਦੇ ਪੇਸ਼ ਹੋ ਗਏ। ਜੱਜ ਨੇ ਉਨ੍ਹਾਂ ਨੂੰ ਕਿਹਾ, ”ਇਹ ਤਾਂ ਵਿਆਹ ਪਹਿਲਾਂ ਹੀ ਕਰਵਾਈ ਫਿਰਦੇ ਨੇ, ਆਹ ਗੁਰਦੁਆਰੇ ਦਾ ਸਰਟੀਫਿਕੇਟ ਹੈ। ਮੇਰੇ ਕੋਲ ਤਾਂ ਇਹ ਸੁਰੱਖਿਆ ਲੈਣ ਲਈ ਆਏ ਹਨ ਇਨ੍ਹਾਂ ਦੀ ਜਾਨ ਨੂੰ ਤੁਹਾਡੇ ਤੋਂ ਖ਼ਤਰਾ ਹੈ।” ਕੁੜੀ-ਮੁੰਡੇ ਦੀ ਜੱਜ ਨੇ ਕਾਫ਼ੀ ਝਾੜਝੰਬ ਵੀ ਕੀਤੀ ਅਤੇ ਵਕੀਲ ਦੀ ਵੀ। ਕੁੜੀ ਨੇ ਮਾਪਿਆਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪਲਾਂ ਵਿੱਚ ਉਨ੍ਹਾਂ ਦੇ ਲਾਡ-ਪਿਆਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਾਰੇ ਰਿਸ਼ਤੇ-ਨਾਤੇ ਗ਼ੈਰ ਬਣ ਗਏ। ਕੁੜੀ ਦਾ ਪਰਿਵਾਰ ਰੋਂਦਾ ਹੋਇਆ ਕੋਰਟ ਰੂਮ ਵਿੱਚੋਂ ਬਾਹਰ ਨਿਕਲਿਆ। ਉਨ੍ਹਾਂ ਦੇ ਇਸ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਨੂੰ ਦੇਖ ਕੇ ਮੇਰਾ ਵੀ ਮਨ ਭਰ ਆਇਆ। ਜਿਵੇਂ ਮੇਰੇ ਆਪਣੇ ਹੀ ਬੱਚੇ ਨੇ ਕੋਈ ਗ਼ਲਤੀ ਕਰ ਦਿੱਤੀ ਹੋਵੇ। ਉੱਥੋਂ ਕਈ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਈਆਂ। ਮੁੰਡੇ ਦੀ ਉਮਰ ਬੱਤੀ ਸਾਲ ਅਤੇ ਕੁੜੀ ਦੀ ਉਮਰ ਸਾਢੇ ਅਠਾਰਾਂ ਸਾਲ। ਕੁੜੀ ਚੰਗੇ ਘਰ ਦੀ ਸੀ ਜੋ ਬੀ.ਕਾਮ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਮੁੰਡਾ ਸੱਤ ਕਲਾਸਾਂ ਪੜ੍ਹਿਆ ਕਿਸੇ ਦੀ ਡਰਾਇਵਰੀ ਕਰਦਾ ਸੀ। ਇਨ੍ਹਾਂ ਦੇ ਇਸ ਪਿਆਰ-ਮੁਹੱਬਤ ਨੇ ਸੋਸ਼ਲ ਮੀਡੀਆ ‘ਤੇ ਹੀ ਉਡਾਰੀ ਭਰੀ ਸੀ। ਉਸ ਕੁੜੀ ਦਾ ਮੁੰਡੇ ਨਾਲ ਕੋਈ ਮੇਲ ਨਹੀਂ ਜੋ ਮੈਨੂੰ ਪਹਿਲਾਂ ਹੀ ਰੜਕਿਆ ਸੀ।
ਮੈਂ ਇਹ ਵੀ ਦੇਖਦਾ ਰਹਿੰਦਾ ਹਾਂ ਕਿ ਅਜਿਹੇ ਰਿਸ਼ਤੇ ਬਹੁਤ ਘੱਟ ਪ੍ਰਵਾਨ ਚੜ੍ਹਦੇ ਹਨ। ਦੋ-ਚਾਰ ਮਹੀਨਿਆਂ ਬਾਅਦ ਫਿਰ ਇਹ ਕੋਰਟ ਦੇ ਦਰ ‘ਤੇ ਦਸਤਕ ਦਿੰਦੇ ਹਨ ਜਾਂ ਮੌਤ ਗਲੇ ਲਗਾ ਲੈਂਦੇ ਹਨ। ਅੱਜਕੱਲ੍ਹ ਜੋ ਅਜਿਹੇ ਕੇਸ ਆ ਰਹੇ ਹਨ ਇਨ੍ਹਾਂ ਵਿੱਚ ਕੁੜੀਆਂ ਅੱਲੜ ਉਮਰ ਦੀਆਂ ਹੀ ਹਨ, ਮੁੰਡੇ ਨਸ਼ੇੜੀ ਕਿਸ਼ਮ ਦੇ ਹੁੰਦੇ ਹਨ। ਮਾਪਿਆਂ ਨੂੰ ਬੱਚਿਆਂ ਨਾਲ ਬੈਠ ਕੇ ਹਰ ਪੱਖ ਤੋਂ ਉਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਆ ‘ਤੇ ਹੁੰਦੇ ਝੂਠ-ਫਰੇਬ ਬਾਰੇ ਵੀ ਜਾਣਕਾਰੀ ਦੇਣੀ ਬਣਦੀ ਹੈ। ਉਨ੍ਹਾਂ ਨੂੰ ਮੋਬਾਈਲਾਂ ਵਿੱਚੋਂ ਆਪ ਨਿਕਲਕੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਇਕੱਲਾਪਣ ਦੂਰ ਹੋ ਸਕੇ। ਦਰਅਸਲ, ਹੁੰਦਾ ਇਹ ਹੈ ਕਿ ਜੇਕਰ ਘਰ ਦੇ ਚਾਰ ਮੈਂਬਰ ਹਨ ਤਾਂ ਚਾਰਾਂ ਦੇ ਹੱਥ ਵਿੱਚ ਮੋਬਾਈਲ ਹੁੰਦੇ ਹਨ। ਸਭ ਆਪਣੇ-ਆਪਣੇ ਐੱਪ ਖੋਲ੍ਹ ਕੇ ਠੂੰਗਾਂ ਮਾਰ ਰਹੇ ਹੁੰਦੇ ਹਨ ਜਿਵੇਂ ਮੋਬਾਈਲ ਹੀ ਹੁਣ ਉਨ੍ਹਾਂ ਦੇ ਰਿਸ਼ਤੇਦਾਰ ਹੋਣ। ਅੱਜਕੱਲ੍ਹ ਸਭ ਉੱਤੇ ਰੀਲਾਂ ਬਣਾਉਣ ਦਾ ਭੂਤ ਚੜ੍ਹਿਆ ਹੋਇਆ ਹੈ ਜੋ ਹਾਦਸਿਆਂ ਦਾ ਕਾਰਨ ਵੀ ਬਣ ਰਿਹਾ ਹੈ।
ਅਜਿਹੇ ਹਾਲਾਤ ਦਾ ਟਾਕਰਾ ਕਰਨ ਲਈ ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਨਾਲ ਜੋੜਨਾ ਜ਼ਰੂਰੀ ਹੈ ਤਾਂ ਕਿ ਉਹ ਭਵਿੱਖ ਤੋਂ ਜਾਣੂ ਹੋ ਸਕਣ। ਇਸ ਲਈ ਪਹਿਲਾਂ ਸਾਨੂੰ ਆਪ ਨੂੰ ਵੀ ਕਿਤਾਬਾਂ ਨਾਲ ਜੁੜਨਾ ਪਵੇਗਾ ਤਾਂ ਹੀ ਬੱਚੇ ਕਿਤਾਬਾਂ ਨੂੰ ਹੱਥ ਪਾਉਣਗੇ। ਬੱਚਿਆਂ ਨੂੰ ਖੇਡਾਂ ਦੇ ਮੈਦਾਨ ਵੱਲ ਵੀ ਲਿਜਾਣਾ ਜ਼ਰੂਰੀ ਬਣ ਗਿਆ ਹੈ। ਜਿੱਥੇ ਉਨ੍ਹਾਂ ਨੇ ਮੈਦਾਨ ਵਿੱਚ ਖੇਡਾਂ-ਖੇਡਣੀਆਂ ਸਨ, ਹੁਣ ਉਹ ਮੋਬਾਈਲ ‘ਤੇ ਖੇਡਦੇ ਹਨ। ਮੋਬਾਈਲ ਦੀ ਗ੍ਰਿਫ਼ਤ ਤੋਂ ਬੱਚਿਆਂ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਲੋੜ ਹੈ। ਸੋਸ਼ਲ ਮੀਡੀਆ ਜ਼ਹਿਰ ਪੀਣ ਦੇ ਬਰਾਬਰ ਹੈ। ਸਰਕਾਰਾਂ ਨੂੰ ਵੀ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਸਟ੍ਰੇਲੀਆ ਦੀ ਤਰ੍ਹਾਂ ਸੋਲ੍ਹਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋ ਨਵੀਂ ਪੀੜ੍ਹੀ ਦਾ ਘਾਣ ਨਾ ਹੋਵੇ।

Related Articles

Latest Articles