0.4 C
Vancouver
Saturday, January 18, 2025

ਔਟਵਾ ਦੀ ਖ਼ੂਬਸੂਰਤੀ ਨੂੰ ਨਿਹਾਰਦਿਆਂ

 

ਲੇਖਕ : ਹਰਜੀਤ ਸਿੰਘ,
ਵਟਸਐਪ: 92177-01415
ਪਿੱਛੇ ਜਿਹੇ ਮੈਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਦੇਖਣ ਦਾ ਮੌਕਾ ਮਿਲਿਆ। ਬਰੈਂਪਟਨ ਸ਼ਹਿਰ ਤੋਂ ਔਟਵਾ ਲਗਭਗ 5 ਘੰਟੇ ਦਾ ਰਸਤਾ ਹੈ। ਇਹ ਸਮਾਂ ਵੱਧ ਘੱਟ ਹੋ ਸਕਦਾ ਹੈ ਕਿਉਂਕਿ ਸਮਾਂ ਟਰੈਫਿਕ ‘ਤੇ ਨਿਰਭਰ ਕਰਦਾ ਹੈ। ਕੈਨੇਡਾ ਦੀਆਂ ਸੜਕਾਂ ਭਾਵੇਂ 8-10 ਲੇਨ ਹਨ, ਪਰ ਫਿਰ ਵੀ ਜਾਮ ਲੱਗਦਾ ਹੈ। ਟਰੈਫਿਕ ਜੂੰ ਦੀ ਤੋਰ ਚੱਲਦੀ ਹੈ। ਗੂਗਲ ਤੁਹਾਨੂੰ ਰਸ਼ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਹੈ। ਤੁਸੀਂ ਆਪਣਾ ਰਸਤਾ ਬਦਲ ਸਕਦੇ ਹੋ। ਇਸ ਤੋਂ ਇਲਾਵਾ ਟੌਲ ਟੈਕਸ ਵਾਲੀਆਂ ਸੜਕਾਂ ਵੱਖਰੀਆਂ ਹਨ ਜਿਨ੍ਹਾਂ ‘ਤੇ ਭੀੜ ਘੱਟ ਹੁੰਦੀ ਹੈ, ਪਰ ਟੌਲ ਰਹਿਤ ਸੜਕਾਂ ਵੀ ਬਹੁਤ ਵਧੀਆ ਹਨ।
ਕਾਰ ਦੀ ਅਗਲੀ ਸੀਟ ‘ਤੇ ਬੈਠੇ ਦਾ ਧਿਆਨ ਕਾਰ ਦੇ ਮੀਟਰ ਵੱਲ ਚਲਾ ਗਿਆ। ਜਿਸ ‘ਤੇ ਵੱਧ ਤੋਂ ਵੱਧ ਸਪੀਡ 220 ਲਿਖੀ ਸੀ। ਕਾਰ ਚਲਾ ਰਹੇ ਆਪਣੇ ਜਵਾਈ ਨੂੰ ਪੁੱਛਿਆ ਕਿ ਇੱਥੇ ਕਾਰ ਕਿੰਨੀ ਸਪੀਡ ‘ਤੇ ਚੱਲ ਸਕਦੀ ਹੈ। ਉਸ ਨੇ ਤੁਰੰਤ ਉੱਤਰ ਦਿੱਤਾ, ”ਹੁਣੇ ਵੇਖ ਲੈਂਦੇ ਹਾਂ।” ਇਹ ਆਖ ਕੇ ਉਸ ਨੇ ਰੇਸ ‘ਤੇ ਹੋਰ ਦਬਾਅ ਪਾ ਦਿੱਤਾ। ਮੀਟਰ ਦੀ ਸੂਈ ਤੇਜ਼ੀ ਨਾਲ ਅੱਗੇ ਵਧਣ ਲੱਗੀ ਅਤੇ 180 ‘ਤੇ ਆ ਕੇ ਰੁਕ ਗਈ। ”ਬਸ ਇਸ ਤੋਂ ਅੱਗੇ ਨਹੀਂ ਜਾਂਦੀ।” ਉਸ ਨੇ ਆਖਿਆ ਅਤੇ ਸਪੀਡ ਘਟਾ ਦਿੱਤੀ। 180 ਦੀ ਸਪੀਡ ‘ਤੇ ਕਾਰ ਬਿਲਕੁਲ ਸਹੀ ਚੱਲਦੀ ਰਹੀ। ਇਹ ਟੌਲ ਰਹਿਤ ਸੜਕ ਸੀ। ਤੁਸੀਂ ਸੜ਼ਕਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ। ਇਸ ਤੋਂ ਇਲਾਵਾ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਸਿਰਫ਼ ਕੁਝ ਕੁ ਲੋਕਾਂ ਨੂੰ ਛੱਡ ਕੇ।
ਅਸੀਂ ਸ਼ਾਮ ਦੇ ਚਾਰ ਕੁ ਵਜੇ ਔਟਵਾ ਪਹੁੰਚ ਗਏ। ਅਸੀਂ ਅਮਰੀਕਾ ਅਤੇ ਨੇਪਾਲ ਦੀ ਅੰਬੈਸੀ ਅੱਗੋਂ ਲੰਘੇ। ਦੋਵੇਂ ਅੰਬੈਸੀਆਂ ਦੇ ਬਾਹਰ ਕੋਈ ਵੀ ਸਕਿਊਰਿਟੀ ਨਹੀਂ ਸੀ। ਸਕਿਊਰਿਟੀ ਸਾਰੀ ਅੰਦਰ ਹੀ ਹੁੰਦੀ ਹੈ। ਬਾਹਰ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਸੀ। ਕੈਨੇਡਾ ਦੀ ਸੰਸਦ ਵੇਖਣ ਦੀ ਇੱਛਾ ਹੋਈ ਤਾਂ ਗੂਗਲ ਨੇ ਦੱਸਿਆ ਕਿ ਸੰਸਦ ਵੇਖਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੈ। ਇਸ ਲਈ ਸੰਸਦ ਵੇਖਣ ਦਾ ਕੰਮ ਸਵੇਰ ‘ਤੇ ਜਾ ਪਿਆ। ਸਾਡਾ ਕਮਰਾ ਹੋਟਲ ਦੀ ਛੇਵੀਂ ਮੰਜ਼ਿਲ ‘ਤੇ ਸੀ ਜਿਸ ਕਾਰਨ ਬਾਹਰ ਦਾ ਨਜ਼ਾਰਾ ਵਧੀਆ ਦਿਖਾਈ ਦਿੰਦਾ ਸੀ।
ਔਟਵਾ ਸ਼ਹਿਰ ਮੌਂਟਰੀਅਲ ਸ਼ਹਿਰ ਦੇ ਨੇੜੇ ਅਮਰੀਕਾ ਦੀ ਸਰਹੱਦ ‘ਤੇ ਔਟਵਾ ਦਰਿਆ ‘ਤੇ ਪੈਂਦਾ ਹੈ। ਦੁਨੀਆ ਭਰ ਦੇ ਲੋਕ ਇੱਥੋਂ ਦੇ ਇਤਿਹਾਸਕ ਸਥਾਨਾਂ, ਕਲਾਕ੍ਰਿਤੀਆਂ ਦਾ ਆਨੰਦ ਲੈਣ ਲਈ ਆਉਂਦੇ ਹਨ। ਔਟਵਾ ਦਿਨ ਅਤੇ ਰਾਤ ਦੋਵੇਂ ਸਮੇਂ ਵੇਖਣ ਵਾਲਾ ਹੁੰਦਾ ਹੈ। ਇਹ ਸ਼ਹਿਰ ਦੂਜੇ ਸ਼ਹਿਰਾਂ ਨਾਲੋਂ ਕੁਝ ਸਸਤਾ ਹੈ। ਇੱਕ ਅਧਿਐਨ ਮੁਤਾਬਿਕ ਔਟਵਾ ਰਹਿਣ ਲਈ ਵਧੀਆ ਸ਼ਹਿਰ ਹੈ। ਇਹ ਅਧਿਐਨ ਲੋਕਾਂ ਦੀ ਆਮਦਨ, ਬੇਰੁਜ਼ਗਾਰੀ ਦੀ ਦਰ, ਮੌਸਮ, ਲੋਕਾਂ ਦੀ ਜੀਵਨਸ਼ੈਲੀ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਇੱਥੇ ਅੰਗਰੇਜ਼, ਆਇਰਸ਼, ਫਰਾਂਸੀਸੀ ਅਤੇ ਹੁਣ ਭਾਰਤੀ ਵੀ ਵਿਰਲੇ ਮਿਲ ਜਾਣਗੇ। ਇਸ ਸ਼ਹਿਰ ਦੀ ਸਥਾਪਨਾ 1826 ਵਿੱਚ ਹੋਈ ਸੀ। 2023 ਵਿੱਚ ਹੋਏ ਸਰਵੇ ਮੁਤਾਬਿਕ ਇਹ ਸ਼ਹਿਰ ਕੈਨੇਡਾ ਦੇ 10 ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ। 2021 ਦੀ ਜਨਗਣਨਾ ਅਨੁਸਾਰ ਸ਼ਹਿਰ ਦੀ ਅਬਾਦੀ 10 ਲੱਖ ਤੋਂ ਵੱਧ ਸੀ। ਪਾਰਲੀਮੈਂਟ ਹਿਲ, ਬਾਇਵਾਰਿਡ ਮਾਰਕੀਟ ਅਤੇ ਨੈਸ਼ਨਲ ਗੈਲਰੀ ਵੇਖਣਯੋਗ ਥਾਵਾਂ ਹਨ। ਫਰੈਂਚ ਅਤੇ ਅੰਗਰੇਜ਼ੀ ਦੋਵੇਂ ਸਰਕਾਰੀ ਭਾਸ਼ਾਵਾਂ ਹਨ। ਇਹ ਸ਼ਹਿਰ ਸਾਫ਼ ਸੁਥਰਾ, ਵੱਡੇ ਵੱਡੇ ਦਰੱਖ਼ਤ, ਪਾਰਕ ਅਤੇ ਬੀਚਾਂ ਇਸ ਸ਼ਹਿਰ ਦੀ ਪਛਾਣ ਹਨ।
ਹਨੇਰਾ ਹੁੰਦੇ ਹੀ ਜਗਦੀਆਂ ਬੱਤੀਆਂ ਨੇ ਸ਼ਹਿਰ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ। ਡਾਊਨ ਟਾਊਨ (ਪੁਰਾਣਾ ਸ਼ਹਿਰ) ਪੁਰਾਣਾ ਹੋਣ ਦੇ ਬਾਵਜੂਦ ਮਾਣ ਨਾਲ ਖੜ੍ਹਾ ਹੈ। ਗੋਰੇ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਆਪਣਾ ਸੱਭਿਆਚਾਰ ਅਤੇ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਹੈ। ਕੈਨੇਡਾ ਦੇ ਮੈਂ ਜਿੰਨੇ ਵੀ ਸ਼ਹਿਰ ਵੇਖੇ, ਹਰ ਸ਼ਹਿਰ ਵਿੱਚ ਡਾਊਨ ਟਾਊਨ ਹੁੰਦਾ ਹੈ। ਕੈਨੇਡਾ ਵਿੱਚ ਸਾਫ਼ ਪਾਣੀ ਦੀਆਂ ਝੀਲਾਂ ਹੋਣ ਦੇ ਬਾਵਜੂਦ ਪਾਣੀ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਸਵੇਰੇ ਅਸੀਂ ਕੈਨੇਡਾ ਦੀ ਸੰਸਦ ਵੇਖਣ ਲਈ ਹੋਟਲ ਤੋਂ ਪੈਦਲ ਹੀ ਚੱਲ ਪਏ ਕਿਉਂਕਿ ਪਾਰਕਿੰਗ ਦੀ ਸਹੂਲਤ ਸੰਸਦ ਦੇ ਲਾਗੇ ਨਹੀਂ ਹੈ। ਸੰਸਦ ਦੀਆਂ ਇਮਾਰਤਾਂ ਭਾਵੇਂ ਪੁਰਾਣੀਆਂ ਹਨ, ਪਰ ਵਧੀਆ ਸਾਂਭ ਸੰਭਾਲ ਹੋਣ ਕਾਰਨ ਇਹ ਨਵੀਆਂ ਇਮਾਰਤਾਂ ਨੂੰ ਵੀ ਮਾਤ ਪਾਉਂਦੀਆਂ ਹਨ। ਅੰਦਰ ਜਾਣ ਦੀ ਟਿਕਟ ਮੁਫ਼ਤ ਸੀ, ਪਰ ਟਿਕਟ ਲੈਣੀ ਜ਼ਰੂਰ ਪੈਂਦੀ ਹੈ। ਉਹ ਵੀ ਔਨਲਾਈਨ ਹੀ ਲੈਣੀ ਪੈਂਦੀ ਹੈ। ਸੰਸਦ ਦੀਆਂ ਵੱਖ ਵੱਖ ਇਮਾਰਤਾਂ ਲਈ ਵੱਖ ਵੱਖ ਟਿਕਟਾਂ ਸਨ। ਜਿਵੇਂ ਅਪਰ ਚੈਂਬਰ ਅਤੇ ਲੋਅਰ ਚੈਂਬਰ ਅਤੇ ਸੰਸਦ ਦੀ ਲਾਇਬ੍ਰੇਰੀ ਆਦਿ। ਅੰਦਰ ਜਾਣ ਲਈ ਗਰੁੱਪ ਬਣਾਏ ਜਾਂਦੇ ਹਨ ਜਿਸ ਵਿੱਚ ਮੈਂਬਰਾਂ ਦੀ ਗਿਣਤੀ 15-16 ਤੱਕ ਵੀ ਹੋ ਜਾਂਦੀ ਹੈ ਅਤੇ ਨਾਲ ਇੱਕ ਗਾਈਡ ਵੀ ਦਿੱਤਾ ਜਾਂਦਾ ਹੈ। ਅੰਦਰ ਜਾਣ ਲਈ ਅਸੀਂ ਲਾਈਨ ਵਿੱਚ ਲੱਗ ਗਏ। ਜਦੋਂ ਨੇੜੇ ਪਹੁੰਚੇ ਤਾਂ ਏਅਰਪੋਟ ਵਾਂਗ ਸਕਿਊਰਿਟੀ ਚੈੱਕ ਕੀਤੀ ਜਾ ਰਹੀ ਸੀ। ਸਾਰਾ ਸਾਮਾਨ ਟਰੇਆਂ ਵਿੱਚ ਰੱਖ ਕੇ ਸਕੈਨ ਕੀਤਾ ਜਾ ਰਿਹਾ ਸੀ। ਮੇਰੀ ਪਤਨੀ ਆਖਣ ਲੱਗੀ ਕਿ ਮੈਂ ਤਾਂ ਅੰਦਰ ਨਹੀਂ ਜਾਣਾ।
”ਕਿਉਂ?’ ਮੈਂ ਪੁੱਛਿਆ।
”ਮੈਂ ਗਾਤਰਾ ਲਾਹੁਣਾ ਨਹੀਂ ਅਤੇ ਇਨ੍ਹਾਂ ਨੇ ਗਾਤਰੇ ਸਮੇਤ ਜਾਣ ਦੇਣਾ ਨਹੀਂ।” ਉਸ ਨੇ ਆਖਿਆ।
”ਚੱਲ ਆਪਾਂ ਇਨ੍ਹਾਂ ਨੂੰ ਪੁੱਛ ਲੈਂਦੇ ਹਾਂ।” ਮੈਂ ਆਖਿਆ। ਜਦੋਂ ਪੁੱਛਿਆ ਤਾਂ ਸਕਿਊਰਿਟੀ ਅਧਿਕਾਰੀ ਦਾ ਜਵਾਬ ਸੀ ਕਿ ਉਹ ਤੁਹਾਡੇ ਧਰਮ ਬਾਰੇ ਜਾਣਦੇ ਹਨ। ਅਸੀਂ ਤੁਹਾਡੇ ਧਾਰਮਿਕ ਚਿੰਨ੍ਹਾਂ ਨੂੰ ਹੱਥ ਵੀ ਨਹੀਂ ਲਗਾਉਣਾ, ਪਰ ਚੈਕਿੰਗ ਜ਼ਰੂਰ ਕਰਨੀ ਹੈ। ਉਨ੍ਹਾਂ ਨੇ ਚੈਕਿੰਗ ਕੀਤੀ ਅਤੇ ਉਹ ਗਾਤਰੇ ਸਮੇਤ ਪਾਰਲੀਮੈਂਟ ਹਾਊਸ ਵਿੱਚ ਦਾਖਲ ਹੋਈ। ਗਾਈਡ ਅੰਦਰ ਪੂਰੀ ਜਾਣਕਾਰੀ ਦੇ ਰਿਹਾ ਸੀ ਜੋ ਫਰੈਂਚ ਬੋਲਦਾ ਸੀ। ਇਸ ਦੀ ਸਾਨੂੰ ਕੁਝ ਵੀ ਸਮਝ ਨਹੀਂ ਸੀ। ਇਸ ਕਰਕੇ ਅਸੀਂ ਨਾਲ ਨਾਲ ਤੁਰੇ ਜਾ ਰਹੇ ਸੀ ਅਤੇ ਜੋ ਕੁਝ ਉੱਥੇ ਅੰਗਰੇਜ਼ੀ ਵਿੱਚ ਲਿਖਿਆ ਸੀ, ਪੜ੍ਹ ਕੇ ਹੀ ਗੁਜ਼ਾਰਾ ਕਰ ਰਹੇ ਸੀ। ਉਸ ਵੇਲੇ ਸੈਸ਼ਨ ਨਹੀਂ ਸੀ ਚੱਲ ਰਿਹਾ, ਪਰ ਸੈਸ਼ਨ ਦੌਰਾਨ ਵੀ ਤੁਸੀਂ ਅੰਦਰ ਜਾ ਸਕਦੇ ਹੋ। ਫਰੈਂਚ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਕਾਫ਼ੀ ਜਾਣਕਾਰੀ ਤੋਂ ਵਿਰਵੇ ਰਹਿ ਗਏ। ਅੱਧੇ ਕੁ ਘੰਟੇ ਬਾਅਦ ਅਸੀਂ ਪਾਰਲੀਮੈਂਟ ਹਾਊਸ ਵੇਖ ਕੇ ਬਾਹਰ ਆ ਗਏ। ਬਾਕੀ ਇਮਾਰਤਾਂ ਦੇਖਣ ਲਈ ਫਿਰ ਟਿਕਟ ਲੈਣੀ ਪੈਣੀ ਸੀ ਜਿਹੜੀ ਉਸ ਸਮੇਂ ਸੰਭਵ ਨਹੀਂ ਸੀ।
ਫਿਰ ਅਸੀਂ ਅਗਲੇ ਦਿਨ ਸ਼ਹਿਰ ਦੇਖਣ ਤੁਰ ਪਏ। ਰੀਡੋ ਨਹਿਰ ‘ਤੇ ਬਣੇ ਪੁਲ ਇਤਿਹਾਸਕ ਮਹੱਤਵ ਰੱਖਦੇ ਹਨ। ਇਹ ਵੇਖਣ ਵਾਲਿਆਂ ਨੂੰ ਮੋਹ ਲੈਂਦੇ ਹਨ। ਇਹ ਅੱਠ ਪੁਲ ਸਿਰਫ਼ ਪੈਦਲ ਨਹਿਰ ਪਾਰ ਕਰਨ ਲਈ ਹੀ ਨਹੀਂ ਸਨ। ਇਹ ਇੰਜੀਨੀਅਰਿੰਗ ਦਾ ਬਹੁਤ ਵਧੀਆ ਅਤੇ ਹੈਰਾਨ ਕਰਨ ਵਾਲਾ ਨਮੂਨਾ ਹੈ। ਲਾਕ (ਪੁਲ) ਰੀਡੋ ਨਹਿਰ ਨੂੰ ਔਟਵਾ ਦਰਿਆ ਨਾਲ ਜੋੜਦੇ ਹਨ। ਲਫਜ਼ ‘ਰੀਡੋ’ ਫਰੈਂਚ ਭਾਸ਼ਾ ਦਾ ਹੈ। 1824 ਵਿੱਚ ਸੈਮੂਅਲ ਨੇ ਇਸ ਥਾਂ ਦਾ ਸਰਵੇ ਕੀਤਾ ਅਤੇ 1827 ਵਿੱਚ ਜ਼ੋਹਨ ਪੈਨੀਫਾਦਰ ਨੂੰ ਇਹ ਲਾਕ (ਪੁਲ) ਬਣਾਉਣ ਦਾ ਕੰਮ ਦਿੱਤਾ ਗਿਆ। ਇਸ ਉਪਰੰਤ ਸਮੇਂ ਸਮੇ ਇੰਜੀਨੀਅਰ ਇਸ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ। 1838 ਵਿੱਚ ਮੈਕੇ ਨੇ ਆਪਣੇ ਲਈ ਇੱਕ ਵੱਡਾ ਅਲੀਸ਼ਾਨ ਪੱਥਰਾ ਦਾ ਮਹਿਲ ਬਣਾਇਆ, ਜਿਸ ਨੂੰ ਅੱਜ ਰੀਡੋ ਹਾਲ ਕਿਹਾ ਜਾਂਦਾ ਹੈ। ਇਹ ਕੈਨੇਡਾ ਦੇ ਗਵਰਨਰ ਜਨਰਲ ਦਾ ਘਰ ਹੈ। ਸਤੰਬਰ 1831 ਵਿੱਚ ਪਹਿਲੀ ਸਟੀਮ ਬੋਟ ਇਨ੍ਹਾਂ ਪੁਲਾਂ ਹੇਠੋਂ ਲੰਘੀ ਸੀ। ਸੈਪਰ ਬ੍ਰਿਜ ਬਹੁਤ ਸੋਹਣਾ ਪੁਲ ਹੈ ਜਿਹੜਾ ਸਿਰਫ਼ ਪੱਥਰਾਂ ਦਾ ਹੀ ਬਣਿਆ ਹੋਇਆ ਹੈ। ਇਨ੍ਹਾਂ ਇਮਾਰਤਾਂ ਨੇ ਸਮੇਂ ਸਮੇਂ ਕੁਦਰਤ ਦੀ ਮਾਰ ਝੱਲੀ ਹੈ। ਫਿਰ ਵੀ ਹਿੱਕ ਤਾੜ ਕੇ ਖੜ੍ਹੀਆਂ ਹਨ।
ਅਗਲੇ ਦਿਨ ਅਸੀਂ ਮੌਂਟਰੀਅਲ ਲਈ ਰਵਾਨਾ ਹੋ ਗਏ। ਉੱਥੇ ਲੋਕ ਫਰੈਂਚ ਬੋਲਦੇ ਹਨ। ਸਾਈਨ ਬੋਰਡ ਵੀ ਫਰੈਂਚ ਵਿੱਚ ਹੀ ਹਨ। ਫਰੈਂਚ ਸਰਕਾਰੀ ਭਾਸ਼ਾ ਹੈ। ਜੇਕਰ ਤੁਸੀਂ ਇੱਥੇ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਰੈਂਚ ਭਾਸ਼ਾ ਆਉਣੀ ਜ਼ਰੁੂਰੀ ਹੈ। ਜਿਸ ਹੋਟਲ ਵਿੱਚ ਅਸੀਂ ਠਹਿਰੇ ਸੀ, ਉੱਥੇ ਮੈਨੂੰ ਕਿਸੇ ਵੀ ਥਾਂ ‘ਤੇ ਅੰਗਰੇਜ਼ੀ ਲਿਖੀ ਨਹੀਂ ਮਿਲੀ। ਮੌਂਟਰੀਅਲ ਸ਼ਹਿਰ ਕਿਊਬਕ ਦਾ ਹਿੱਸਾ ਹੈ। 1995 ਵਿੱਚ ਜਨਮਤ ਸੰਗ੍ਰਹਿ ਕਰਵਾਇਆ ਗਿਆ ਜਿਸ ਮੁਤਾਬਿਕ ਇਹ ਫ਼ੈਸਲਾ ਹੋਣਾ ਸੀ ਕਿ ਫਰੈਂਚ ਬੋਲਣ ਵਾਲਾ ਕਿਊਬਿਕ ਆਜ਼ਾਦ ਦੇਸ਼ ਹੋਵੇਗਾ ਬਸ਼ਰਤੇ ਉਹ ਕੈਨੇਡਾ ਨਾਲ ਰਾਜਨੀਤਕ ਅਤੇ ਵਿੱਤੀ ਸਮਝੌਤਾ ਕਰੇ। ਇਸ ਜਨਮਤ ਸੰਗ੍ਰਹਿ ਵਿੱਚ 93,52 ਪ੍ਰਤੀਸ਼ਤ ਲੋਕਾਂ ਨੇ ਵੋਟ ਪਾਈ। 50,58 ਲੋਕਾਂ ਨੇ ਵਿਰੋਧ ਵਿੱਚ ਅਤੇ 49,42 ਪ੍ਰਤੀਸ਼ਤ ਲੋਕਾਂ ਨੇ ਹੱਕ ਵਿੱਚ ਵੋਟ ਪਾਈ। ਇੱਕ ਪ੍ਰਤੀਸ਼ਤ ਵੋਟਾਂ ਦੇ ਫ਼ਰਕ ਨਾਲ ਇਹ ਜਨਮਤ ਸੰਗ੍ਰਹਿ ਫੇਲ੍ਹ ਹੋ ਗਿਆ।
ਅਸੀਂ ਇੱਥੇ ਓਲਡ ਪੋਰਟ ਵੇਖਣ ਦਾ ਵੀ ਫ਼ੈਸਲਾ ਕੀਤਾ। ਅਸੀਂ ਟਿਕਟਾਂ ਲਈਆਂ ਅਤੇ ਫੈਰੀ ਵਿੱਚ ਬੈਠ ਗਏ। ਭਾਵੇਂ ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਸੀ ਅਤੇ ਠੰਢ ਵੀ ਕਾਫ਼ੀ ਸੀ। ਫਿਰ ਵੀ ਅਸੀਂ ਫੈਰੀ ਦੀ ਛੱਤ ‘ਤੇ ਜਾ ਕੇ ਆਲੇ ਦੁਆਲੇ ਦਾ ਆਨੰਦ ਮਾਣਿਆ। ਪੰਦਰਾਂ ਕੁ ਮਿੰਟਾਂ ਵਿੱਚ ਓਲਡ ਪੋਰਟ ‘ਤੇ ਪਹੁੰਚ ਗਏ। ਇੱਥੋਂ ਦਾ ਚਰਚ ਬੁਹਤ ਪੁਰਾਣਾ ਅਤੇ ਮਸ਼ਹੂਰ ਹੈ। ਇਹ ਚਰਚ ਪੁਰਾਣੇ ਖੰਡਰਾਂ ‘ਤੇ 1771 ਵਿੱਚ ਬਣਾਇਆ ਗਿਆ ਸੀ। ਇਸ ਚਰਚ ਨੂੰ ਵੇਖ ਕੇ ਦੱਖਣੀ ਭਾਰਤ ਦੇ ਪੁਰਾਣੇ ਮੰਦਰ ਯਾਦ ਆ ਗਏ। ਇਸ ਨੂੰ ਰਾਸ਼ਟਰੀ ਇਤਿਹਾਸਕ ਸਥਾਨ ਦਾ ਨਾਂ ਦਿੱਤਾ ਗਿਆ ਹੈ। ਇਹ ਇਤਿਹਾਸਕ, ਧਾਰਮਿਕ ਅਤੇ ਕਲਾ ਦਾ ਨਮੂਨਾ ਹੈ। ਲੋਕ ਇਸ ਦਾ ਪੂਰਾ ਮਾਣ ਸਤਿਕਾਰ ਕਰਦੇ ਹਨ। ਉਹ ਬਾਹਰੋਂ ਹੱਥ ਜੋੜ ਕੇ ਮੱਥਾ ਟੇਕਦੇ ਹਨ ਅਤੇ ਅੱਗੇ ਜਾਂਦੇ ਹਨ। ਮੱਥਾ ਟੇਕਣ ਲਈ ਭਾਵੇਂ ਡਰੈੱਸ ਕੋਡ ਨਹੀਂ ਹੈ, ਪਰ ਫਿਰ ਵੀ ਧਰਮ ਦਾ ਸਤਿਕਾਰ ਕਰਦੇ ਹੋਏ ਪੂਰੇ ਕੱਪੜਿਆਂ ਨੂੰ ਚੰਗਾ ਸਮਝਿਆ ਜਾਂਦਾ ਹੈ। ਕਿਸੇ ਵੀ ਸ਼ਹਿਰ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਉਸ ਦੇ ਸੱਭਿਆਚਾਰ, ਲੋਕਾਂ ਅਤੇ ਇਤਿਹਾਸ ਬਾਰੇ ਜਾਣਨ ਲਈ ਤੁਹਾਨੂੰ ਲੰਬਾ ਸਮਾਂ ਚਾਹੀਦਾ ਹੈ। ਕੁਝ ਘੰਟਿਆਂ ਜਾਂ ਇੱਕ-ਦੋ ਦਿਨ ਵਿੱਚ ਤਾਂ ਤੁਹਾਨੂੰ ਸਿਰਫ਼ ਓਪਰੀ ਜਿਹੀ ਜਾਣਕਾਰੀ ਹੀ ਮਿਲਦੀ ਹੈ।

Related Articles

Latest Articles